Nabaz-e-punjab.com

ਸੁਖਬੀਰ ਬਾਦਲ ਦਾ ਫੇਜ਼-8, ਮੁਹਾਲੀ ਵਿੱਚ ਸਿਟੀ ਸੈਂਟਰ ਦੀ ਉਸਾਰੀ ਦਾ ਸੁਪਨਾ ਹੋਇਆ ਚਕਨਾਚੂਰ

ਗਮਾਡਾ ਨੇ ਦਸਹਿਰਾ ਗਰਾਉਂਡ ਅਤੇ ਖੇਡ ਮੈਦਾਨ ਦੀ ਜ਼ਮੀਨ ਵੇਚ ਕੇ ਕਰੋੜਾਂ ਰੁਪਏ ਕਮਾਏ, ਲੋਕਾਂ ਵਿੱਚ ਭਾਰੀ ਰੋਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸੈਂਟਰ ਪਲੇਸ ਇੱਥੋਂ ਦੇ ਫੇਜ਼-8 (ਸੈਕਟਰ-62) ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਸਿਟੀ ਸੈਂਟਰ ਬਣਾਉਣ ਦਾ ਸੁਪਨਾ ਚਕਨਾਚੂਰ ਹੋ ਗਿਆ ਹੈ। ਅਕਾਲੀ ਸਰਕਾਰ ਵੇਲੇ ਜੂਨੀਅਰ ਬਾਦਲ ਨੇ 24 ਫਰਵਰੀ 2009 ਨੂੰ ਦਸਹਿਰਾ ਗਰਾਉਂਡ ਵਿੱਚ ਸਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ ਲੇਕਿਨ ਬਾਦਲ ਵਜ਼ਾਰਤ ਦੇ ਕਾਰਜਕਾਲ ਵਿੱਚ ਇਸ ਪ੍ਰਾਜੈਕਟ ਦੀ ਉਸਾਰੀ ਲਈ ਇੱਕ ਇੱਟ ਤੱਕ ਨਹੀਂ ਲੱਗੀ ਅਤੇ ਨਾ ਹੀ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਹੁਕਮਰਾਨਾਂ ਅਤੇ ਗਮਾਡਾ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਨੂੰ ਤਵੱਜੋ ਹੀ ਦਿੱਤੀ ਗਈ ਹੈ।
ਉਧਰ, ਹੁਣ ਕੈਪਟਨ ਸਰਕਾਰ ਨੇ ਜੂਨੀਅਰ ਬਾਦਲ ਦੇ ਇਸ ਸੁਪਨਮਈ ਪ੍ਰਾਜੈਕਟ ’ਤੇ ਪਾਣੀ ਫੇਰਦਿਆਂ ਗਮਾਡਾ ਰਾਹੀਂ ਦਸਹਿਰਾ ਗਰਾਉਂਡ ਦੀ ਜ਼ਮੀਨ ਪ੍ਰਾਈਵੇਟ ਕੰਪਨੀ ਨੂੰ ਵੇਚ ਦਿੱਤੀ ਹੈ। ਇਸ ਨਾਲ ਹੀ ਖੇਡ ਮੈਦਾਨ ਵਾਲੀ ਥਾਂ ਵੀ ਵੇਚੀ ਗਈ ਹੈ। ਗਮਾਡਾ ਅਧਿਕਾਰੀ ਬਲਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਈ-ਨਿਲਾਮੀ ਰਾਹੀਂ ਉਕਤ ਦੋਵੇਂ ਸਾਈਟਾਂ 6.69 ਏਕੜ ਅਤੇ 5.1 ਏਕੜ ਦੀਆਂ 2 ਮਿਕਸਡ ਲੈਂਡ ਯੂਜ਼ ਸਾਈਟਾਂ ਨਿਲਾਮ ਕਰਕੇ ਕ੍ਰਮਵਾਰ 219.71 ਕਰੋੜ ਰੁਪਏ ਅਤੇ 203.36 ਕਰੋੜ ਰੁਪਏ ਪ੍ਰਾਪਤ ਕੀਤੇ ਗਏ ਹਨ। ਇਹ ਦੋਵੇਂ ਸਾਈਟਾਂ ਰਿਹਾਇਸ਼ੀ ਅਤੇ ਕਾਰੋਬਾਰ ਮੰਤਵ ਲਈ ਵੇਚੀਆਂ ਗਈਆਂ ਹਨ।
ਇਸ ਤਰ੍ਹਾਂ ਗਮਾਡਾ ਦੇ ਇਸ ਫੈਸਲੇ ਨਾਲ ਦਸਹਿਰਾ ਕਮੇਟੀ ਨੂੰ ਜਿੱਥੇ ਦਸਹਿਰੇ ਦਾ ਤਿਉਹਾਰ ਮਨਾਉਣ ਅਤੇ ਖਿਡਾਰੀ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਖੇਡ ਵਿਭਾਗ ਅਤੇ ਗਮਾਡਾ ਦੇ ਖੇਡ ਸਟੇਡੀਅਮਾਂ ਵਿੱਚ ਫੀਸ ਲੈ ਕੇ ਖੇਡਣ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਜਦੋਂਕਿ ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀਆਂ ਵੱਲੋਂ ਰਿਹਾਇਸ਼ੀ ਖੇਤਰ ਵਿਚਲੇ ਪਾਰਕਾਂ ਵਿੱਚ ਬੱਚਿਆਂ ’ਤੇ ਖੇਡਣ ’ਤੇ ਪਾਬੰਦੀ ਲਗਾਈ ਗਈ ਹੈ।
ਅਕਾਲੀ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਗਮਾਡਾ ਵੱਲੋਂ ਦਸਹਿਰਾ ਗਰਾਉਂਡ ਅਤੇ ਖੇਡ ਮੈਦਾਨ ਦੀ ਜ਼ਮੀਨ ਵੇਚਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸਹਿਰਾ ਗਰਾਉਂਡ ਮੁਹਾਲੀ ਸ਼ਹਿਰ ਤੇ ਇਲਾਕੇ ਦੇ ਲੋਕਾਂ ਲਈ ਖੇਡ, ਸਭਿਆਚਾਰਕ, ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਦਾ ਇੱਕ ਵੱਡਾ ਕੇਂਦਰ ਸੀ। ਜਦੋਂ ਵੀ ਸ਼ਹਿਰ ਵਿੱਚ ਕੋਈ ਵੱਡੀ ਗਤੀਵਿਧੀ ਹੋਣੀ ਹੋਵੇ ਤਾਂ ਪਹਿਲੀ ਨਜ਼ਰ ਇਸ ਮੈਦਾਨ ’ਤੇ ਜਾਂਦੀ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੱਥੇ ਕੋਈ ਨਾ ਕੋਈ ਗਤੀਵਿਧੀ ਹੁੰਦੀ ਰਹਿੰਦੀ ਹੈ। ਇੱਥੋਂ ਤੱਕ ਸਿਆਸੀ ਰੈਲੀਆਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਸ਼ਹਿਰ ਵਾਸੀਆਂ ਦੀਆਂ ਭਾਵਨਾਵਾਂ ਕਈ ਦਹਾਕਿਆਂ ਤੋਂ ਇਸ ਜ਼ਮੀਨ ਨਾਲ ਜੁੜੀਆਂ ਹੋਈਆਂ ਹਨ। ਇੱਥੇ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਖਿਡਾਰੀ ਖੇਡਦੇ ਅਤੇ ਪ੍ਰੈਕਟਿਸ ਕਰਦੇ ਹਨ। ਕਈ ਟੂਰਨਾਮੈਂਟ ਆਮ ਇੱਥੇ ਹੁੰਦੇ ਰਹਿੰਦੇ ਹਨ। ਸ਼ਹਿਰ ਦੇ ਕਈ ਉੱਘੇ ਖਿਡਾਰੀ ਦਸਹਿਰਾ ਗਰਾਉਂਡ ਦੀ ਹੀ ਦੇਣ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…