nabaz-e-punjab.com

1984 ਦੇ ਮੁੱਦੇ ਉੱਤੇ ਰਾਹੁਲ ਗਾਂਧੀ ’ਤੇ ਸੁਖਬੀਰ ਦਾ ਹਮਲਾ ਅਣਉਚਿਤ ਤੇ ਬੇਤੁਕਾ: ਕੈਪਟਨ ਅਮਰਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ 1984 ਦੇ ਦੰਗਿਆਂ ਦੇ ਸਬੰਧ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਕੀਤੇ ਗਏ ਹਮਲੇ ਦੀ ਤਿੱਖੀ ਆਲੋਚਨਾ ਕਰਦੇ ਹੋਏ ਸੁਖਬੀਰ ਦੇ ਬਿਆਨ ਨੂੰ ਅਣਉਚਿਤ ਅਤੇ ਬੇਤੁਕਾ ਦੱਸਿਆ ਹੈ। ਦਿੱਲੀ ਦੰਗਿਆਂ ਦੇ ਸਬੰਧ ਵਿਚ ਰਾਹੁਲ ਗਾਂਧੀ ਦੇ ਭਾਗੀਦਾਰ ਹੋਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਿਆਨ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਓਪ੍ਰੇਸ਼ਨ ਬਲਯੂ ਸਟਾਰ ਦੇ ਸਮੇਂ ਰਾਹੁਲ ਗਾਂਧੀ ਸਕੂਲ ਵਿਚ ਪੜ੍ਹਦਾ ਸੀ ਅਤੇ ਉਸ ਨੂੰ ਹਰ ਗੱਲ ਲਈ ਜ਼ਿੰਮੇਵਾਰ ਠਹਿਰਾਉਣਾ ਹਾਸੋਹੀਣੀ ਗੱਲ ਹੈ।
ਸੁਖਬੀਰ ਸਿੰਘ ਬਾਦਲ ਦੀ ਬੇਤੁੱਕੀ ਟਿੱਪਣੀ ਦੇ ਵਿਰੁੱਧ ਅੱਜ ਇੱਥੇ ਇੱਕ ਤਾਬੜਤੋੜ ਬਿਆਨ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਅਜੀਬ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਉਸ ਕਾਰਵਾਈ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਸ ਬਾਰੇ ਉਸ ਨੂੰ ਉਸ ਸਮੇਂ ਕੁਝ ਵੀ ਪਤਾ ਨਹੀਂ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਕ ਪਾਰਟੀ ਵੱਜੋਂ ਕਾਂਗਰਸ ਕਦੇ ਵੀ ਦੰਗਿਆਂ ਵਿਚ ਸ਼ਾਮਲ ਨਹੀਂ ਹੋਈ ਅਤੇ ਇਹ ਗੱਲ ਲਗਾਤਾਰ ਸਿੱਖ ਭਾਈਚਾਰੇ ’ਤੇ ਮੰਡਲਾਉਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀਗਤ ਰੂਪ ਵਿਚ ਇਸ ਵਿਚ ਸ਼ਾਮਲ ਸੀ ਤਾਂ ਉਸ ਨਾਲ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਦੇ ਕਾਰਨ ਸਮੁੱਚੀ ਪਾਰਟੀ ਉੱਤੇ ਦੋਸ਼ ਲਾਉਣਾ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਤੌਰ ’ਤੇ ਨਿਦਾਨਗੀ ਅਤੇ ਮੂਰਖਤਾ ਭਰਪੂਰ ਪਹੁੰਚ ਦਾ ਪ੍ਰਗਟਾਵਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਹਾਲ ਹੀ ਦਾ ਬਿਆਨ ਉਸ ਦੇ 1984 ਦੇ ਪਹਿਲੇ ਬਿਆਨਾਂ ਦੇ ਸੰਦਰਭ ਵਿਚ ਦੇਖੇ ਜਾਣ ਦੀ ਜ਼ਰੂਰਤ ਹੈ। ਉਸ ਨੇ ਖੁਦ ਕੁਝ ਕਾਂਗਰਸੀਆਂ ਦੇ ਨਾਂ ਲਏ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਵਿਅਕਤੀਆਂ ਦੇ ਕਾਰੇ ਕਾਰਨ ਤੁਸੀਂ ਕਿਸੇ ਸਮੁੱਚੀ ਪਾਰਟੀ ਉੱਤੇ ਦੋਸ਼ ਨਹੀਂ ਲਾ ਸਕਦੇ। ਉਨ੍ਹਾਂ ਮੁੜ ਦੁਹਰਾਇਆ ਕਿ 1984 ਦੀਆਂ ਹੱਤਿਆਵਾਂ ਵਿਚ ਸ਼ਾਮਲ ਵਿਅਕਤੀਆਂ ਨੂੰ ਫਾਂਸੀ ’ਤੇ ਲਟਕਾ ਦੇਣਾ ਚਾਹੀਦਾ ਹੈ ਭਾਵੇਂ ਉਸ ਕਿਸੇ ਵੀ ਪਾਰਟੀ ਦੇ ਕਿਉਂ ਨਾ ਹੋਣ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਵਿਚਾਰਹੀਣ ਅਤੇ ਅੱਲੋਕਾਰੀ ਬਿਆਨ ਅਕਾਲੀਆਂ ਖਾਸ ਕਰ ਬਾਦਲਾਂ ਦੀ ਫਿਤਰਤ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਦਾ ਇਹ ਬਿਆਨ ਉਸ ਦੀ ਬੌਖਲਾਹਟ ਦਾ ਨਤੀਜਾ ਹੈ ਕਿਉਂਕਿ ਪੰਜਾਬ ਵਿਚ ਉਸ ਦਾ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਲੋਕਾਂ ਵਿਚੋਂ ਨਿਖੜ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ 1984 ਦੇ ਦੰਗਿਆਂ ਬਾਰੇ ਰਾਹੁਲ ਵੱਲੋਂ ਦਿੱਤੇ ਗਏ ਬਿਆਨ ਨੂੰ ਸਿਰਫ ਸੁਖਬੀਰ ਵਰਗਾ ਵਿਅਕਤੀ ਹੀ ਬੇਤੁਕੇ ਤਰੀਕੇ ਨਾਲ ਪ੍ਰੀਭਾਸ਼ਤ ਕਰ ਸਕਦਾ ਹੈ। ਇਸ ਤੋਂ ਸਪਸ਼ਟ ਹੈ ਕਿ ਅਕਾਲੀਆਂ ਵਿਚ ਬਿਆਨ ਸਮਝਣ ਦੀ ਘਾਟ ਹੈ। ਅਕਾਲੀਆਂ ਵਿਚ ਡਾ. ਮਨਮੋਹਨ ਸਿੰਘ ਅਤੇ ਸੋਨੀਆ ਗਾਂਧੀ ਵੱਲੋਂ ਇਸ ਸਬੰਧੀ ਪ੍ਰਗਟਾਏ ਗਏ ਦੁੱਖ ਪਿਛਲੀਆਂ ਭਾਵਨਾਵਾਂ ਦੀ ਸਰਾਹਣਾ ਕਰਨ ਦੀ ਸੰਵੇਦਨਸ਼ੀਲਤਾ ਵੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਾਂਗਰਸ ਪਾਰਟੀ ਦੀ ਇਸ ਵਿਚ ਸ਼ਮੂਲੀਅਤ ਬਾਰੇ ਬਿਆਨ ਨਹੀਂ ਦਿੱਤਾ। ਇਸ ਕਰਕੇ ਰਾਹੁਲ ਦੁਆਰਾ ਪਲਟੀ ਮਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮਾਮਲੇ ’ਤੇ ਰਾਹੁਲ ਉੱਪਰ ਹਮਲਾ ਕਰਨਾ ਦਰਅਸਲ ਉਸ ਦੇ ਖੁਦ ਦੇ ਡਰ ਨੂੰ ਸਾਹਮਣੇ ਲਿਆਉਂਦਾ ਹੈ ਕਿਉਂਕਿ ਕਾਂਗਰਸ ਦੇ ਪ੍ਰਧਾਨ ਦੀ ਭਾਰਤ ਅਤੇ ਵਿਦੇਸ਼ਾਂ ਵਿਚ ਹਰਮਨਪਿਆਰਤਾ ਵੱਧ ਰਹੀ ਹੈ ਅਤੇ ਸੁਖਬੀਰ ਨੂੰ ਇਸ ਦਾ ਡਰ ਸਤਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ 1984 ਦੇ ਦੰਗਿਆਂ ਸਣੇ ਹਰ ਤਰ੍ਹਾਂ ਦੀ ਹਿੰਸਾ ਦੀ ਆਲੋਚਨਾ ਕੀਤੀ ਹੈ ਅਤੇ ਹਿੰਸਾਵਾਦੀਆਂ ਲਈ ਸਖ਼ਤ ਸਜ਼ਾ ਦਾ ਸੱਦਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਦਕਿਸਮਤੀ ਦੀ ਗੱਲ ਇਹ ਹੈ ਕਿ ਅਦਾਲਤੀ ਪ੍ਰਣਾਲੀ ਵਿਚਲੀ ਦੇਰੀ ਦੇ ਕਾਰਨ 1984 ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਨਿਆਂ ਨਹੀਂ ਮਿਲਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…