
ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ: ਹੁਣ 16 ਦਸੰਬਰ ਨੂੰ ਹੋਵੇਗਾ ਵਿਸ਼ਵ ਦੇ ਪਹਿਲੇ ਏਸੀ ਬੱਸ ਅੱਡੇ ਦੇ ਉਦਘਾਟਨ ਦਾ ਮਹੂਰਤ
ਸੁਖਬੀਰ ਬਾਦਲ ਮੁਹਾਲੀ ਵਿੱਚ ਇਕੋ ਦਿਨ ਕਰਨਾ ਚਾਹੁੰਦੇ ਹਨ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ, ਅਧਿਕਾਰੀ ਪੱਬਾਂ ਭਾਰ
ਬੱਸ ਅੱਡੇ ਨਾਲ ਸੈਕਟਰ-82 ਵਿੱਚ ਰੋਡ ਸੇਫ਼ਟੀ ਭਵਨ, ਸੈਕਟਰ-69 ’ਚ ਐਕਸਾਈਜ਼ ਵਿਭਾਗ ਦੇ ਦਫ਼ਤਰ ਤੇ ਟਰਾਂਸਪੋਰਟ ਭਵਨ ਹੋਵੇਗਾ ਉਦਘਾਟਨ
ਪੰਜਾਬ ਸਰਕਾਰ ਨੇ ਸਾਲ 2009 ਵਿੱਚ ਉਲੀਕੀ ਗਈ ਸੀ ਮੁਹਾਲੀ ਤੋਂ ਦਿੱਲੀ ਤੱਕ ਏਸੀ ਬੱਸ ਸਰਵਿਸ ਸ਼ੁਰੂ ਕਰਨ ਦੀ ਯੋਜਨਾ
ਨਿਊਜ਼ ਡੈਸਕ, ਮੁਹਾਲੀ, 13 ਦਸੰਬਰ
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਪੱਧਰ ਦੇ ਪਹਿਲੇ ਏਅਰ ਕੰਡੀਸ਼ਨ ਬੱਸ ਟਰਮੀਨਲ ਦੇ ਪਹਿਲੇ ਪੜਾਅ ਦਾ ਉਦਘਾਟਨ ਖ਼ੁਦ ਜੂਨੀਅਰ ਬਾਦਲ ਦੇ ਜਰੂਰੀ ਰੁਝੇਵਿਆਂ ਕਾਰਨ ਲਗਾਤਾਰ ਪਛੜਦਾ ਜਾ ਰਿਹਾ ਹੈ। ਹਾਲਾਂਕਿ ਵਿਧਾਨ ਸਭਾ ਚੋਣਾਂ ਦਾ ਆਖਰੀ ਵਰ੍ਹਾ ਹੋਣ ਕਾਰਨ ਹੁਕਮਰਾਨ ਇਸ ਪ੍ਰਾਜੈਕਟ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਬਾਰੇ ਰਿਪੋਰਟ ਕਾਰਡ ਵਿੱਚ ਸ਼ਾਮਲ ਕਰਨ ਲਈ ਕਾਹਲੇ ਹਨ ਪ੍ਰੰਤੂ ਕਿਸੇ ਨਾ ਕਿਸੇ ਕਾਰਨ ਉਦਘਾਟਨ ਦਾ ਮਹੂਰਤ ਟਲਦਾ ਜਾ ਰਿਹਾ ਹੈ।
ਉਧਰ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੁਣ 16 ਦਸੰਬਰ ਨੂੰ ਏਸੀ ਬੱਸ ਅੱਡੇ ਦਾ ਉਦਘਾਟਨ ਹੋਣ ਜਾ ਰਿਹਾ ਹੈ ਪ੍ਰੰਤੂ ਇਹ ਵੀ ਕੱਚਾ ਪੱਕਾ ਪ੍ਰੋਗਰਾਮ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ੍ਰੀ ਬਾਦਲ ਮੁਹਾਲੀ ਵਿੱਚ ਇੱਕੋ ਦਿਨ ਕਈ ਪ੍ਰਾਜੈਕਟਾਂ ਦਾ ਇਕੱਠੇ ਉਦਘਾਟਨ ਕਰਨਾ ਚਾਹੁੰਦੇ ਹਨ। ਮੁਹਾਲੀ ਵਿੱਚ ਏਸੀ ਬੱਸ ਅੱਡੇ ਦੇ ਨਾਲ-ਨਾਲ ਇੱਥੋਂ ਦੇ ਸੈਕਟਰ-69 ਵਿੱਚ ਨਵੇਂ ਬਣੇ ਐਕਸਾਈਜ਼ ਵਿਭਾਗ ਦੇ ਮੁੱਖ ਦਫ਼ਤਰ, ਸੈਕਟਰ-82 ਵਿੱਚ ਰੋਡ ਸੇਫ਼ਟੀ ਭਵਨ ਅਤੇ ਚੰਡੀਗੜ੍ਹ ਸਨਅਤੀ ਏਰੀਆ ਵਿੱਚ ਟਰਾਂਸਪੋਰਟ ਭਵਨ (ਨੇੜੇ ਵਰਕਸ਼ਾਪ ਪੀਆਰਟੀਸੀ) ਬਣ ਕੇ ਤਿਆਰ ਹੋ ਚੁੱਕੇ ਹਨ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸਾਰੇ ਪ੍ਰਾਜੈਕਟਾਂ ਦਾ ਉਦਘਾਟਨ 16 ਦਸੰਬਰ ਨੂੰ ਹੋ ਸਕਦਾ ਹੈ। ਜੂਨੀਅਰ ਬਾਦਲ ਇਸ ਦਿਨ ਸਵੇਰੇ 11 ਵਜੇ ਤੋਂ ਲੈ ਕੇ 12.30 ਵਜੇ ਤੱਕ ਕਰੀਬ ਡੇਢ ਘੰਟੇ ਵਿੱਚ ਸਾਰੇ ਉਦਘਾਟਨਾਂ ਦਾ ਕੰਮ ਨੇਪਰੇ ਚਾੜ੍ਹਨ ਦੀ ਤਾਕ ਵਿੱਚ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ, ਪੁੱਡਾ ਅਤੇ ਟਰਾਂਸਪੋਰਟ ਵਿਭਾਗ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪੱਬਾਂ ਭਾਰ ਹੋ ਗਏ ਹਨ। ਉਂਜ ਇਸ ਤੋਂ ਪਹਿਲਾਂ ਤਿੰਨ ਵਾਰ ਬੱਸ ਅੱਡੇ ਦੇ ਉਦਘਾਟਨ ਦਾ ਮਹੂਰਤ ਮੁਲਤਵੀ ਕੀਤਾ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਟਰਾਂਸਪੋਰਟ ਵਿਭਾਗ, ਪੰਜਾਬ ਇਨਫਰਾਟਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਅਤੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਰਾਹੀਂ ਸਾਂਝੇ ਤੌਰ ’ਤੇ ਇੱਥੋਂ ਫੇਜ਼-6 ਵਿੱਚ ਨਿੱਜੀ ਅਤੇ ਜਨਤਕ ਭਾਈਵਾਲੀ ਦੇ ਆਧਾਰ ’ਤੇ ਅੰਤਰਰਾਸ਼ਟਰੀ ਏਸੀ ਬੱਸ ਅੱਡਾ-ਕਮ-ਕਮਰਸ਼ੀਅਲ ਕੰਪਲੈਕਸ ਉਸਾਰਿਆ ਗਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ 24 ਫਰਵਰੀ 2009 ਨੂੰ ਰੱਖਿਆ ਸੀ ਅਤੇ ਕਰੀਬ 7 ਏਕੜ ਜ਼ਮੀਨ ਵਿੱਚ ਬਣੇ ਇਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਦੇ ਨਿਰਮਾਣ ’ਤੇ 700 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਥੇ ਇੰਟਰਨੈਸ਼ਨਲ ਹੋਟਲ ਤੋਂ ਇਲਾਵਾ ਮਾਲ, ਮਲਟੀਪਲੈਕਸ ਵੀ ਹੋਵੇਗਾ। ਇੱਥੋਂ ਪੰਜਾਬ ਸਮੇਤ ਹੋਰਨਾਂ ਰਾਜਾਂ ਨੂੰ ਏਸੀ ਬੱਸ ਸਰਵਿਸ ਦੀ ਸੁਵਿਧਾ ਪ੍ਰਦਾਨ ਕਰਵਾਈ ਜਾਵੇਗੀ। ਬੱਸ ਅੱਡੇ ਦੀ ਛੱਤ ’ਤੇ ਹੈਲੀਪੈਡ ਬਣਾਏ ਜਾਣ ਦੀ ਯੋਜਨਾ ਹੈ ਤਾਂ ਜੋ ਐਮਰਜੈਂਸੀ ਸੇਵਾਵਾਂ ਬਦਲੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ। ਅਧਿਕਾਰੀਆਂ ਮੁਤਾਬਕ ਇੱਥੇ ਕੁੱਲ ਜ਼ਮੀਨ ਵਿੱਚ ਦਫ਼ਤਰੀ ਬਲਾਕ 18 ਮੰਜ਼ਲਾਂ, ਬੱਸ ਟਰਮੀਨਲ 4 ਮੰਜ਼ਲਾਂ ਅਤੇ 9 ਮੰਜ਼ਲਾਂ ਹੋਟਲ ਉਸਾਰਿਆ ਜਾਵੇਗਾ। ਬੇਸਮੈਂਟ ਤਿੰਨ ਮੰਜ਼ਲੀ ਹੋਵੇਗੀ। ਜਿਸ ਨੂੰ ਵਾਹਨ ਪਾਰਕਿੰਗ ਲਈ ਵਰਤਿਆ ਜਾਵੇਗਾ।
(ਬਾਕਸ ਆਈਟਮ)
ਇੱਥੋਂ ਦੇ ਫੇਜ਼-6 ਸਥਿਤ ਵੇਰਕਾ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਬਹੁ ਮੰਜ਼ਲਾਂ ਏਸੀ ਬੱਸ ਅੱਡੇ ਦਾ ਪਹਿਲਾ ਫੇਸ ਸਤੰਬਰ 2013 ਵਿੱਚ ਸ਼ੁਰੂ ਕੀਤਾ ਜਾਣਾ ਸੀ। ਉਂਜ ਜੂਨੀਅਰ ਬਾਦਲ ਨੇ ਅਕਤੂਬਰ 2011 ਵਿੱਚ ਇਹ ਬੱਸ ਅੱਡਾ ਚਾਲੂ ਕਰਨ ਦਾ ਦਾਅਵਾ ਕੀਤਾ ਸੀ ਪ੍ਰੰਤੂ 6 ਸਤੰਬਰ 2011 ਦੀ ਰਾਤ ਨੂੰ ਅਚਾਨਕ ਬੱਸ ਟਰਮੀਨਲ ਦੀ ਇਮਾਰਤ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਇਸ ਮਗਰੋਂ ਇਸ ਪ੍ਰਾਜੈਕਟ ਦੇ ਕੰਮ ਵਿੱਚ ਅਜਿਹੀ ਖੜੋਤ ਆਈ ਕਿ ਦੁਬਾਰਾ ਉਸਾਰੀ ਦਾ ਕੰਮ ਲੀਹ ’ਤੇ ਨਹੀਂ ਆ ਸਕਿਆ। ਜੁਲਾਈ 2013 ਵਿੱਚ ਗਮਾਡਾ ਵੱਲੋਂ ਨਵਾਂ ਡਿਜ਼ਾਇਨ ਪ੍ਰਵਾਨ ਕਰਨ ਮਗਰੋਂ ਇਸ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਸੀ ਲੇਕਿਨ ਪ੍ਰਾਜੈਕਟ ਨੂੰ ਮੁਕੰਮਲ ਹੋਣ ਵਿੱਚ ਸੱਤ ਸਾਲ ਬੀਤ ਗਏ। ਲੇਕਿਨ ਹੁਣ ਉਦਘਾਟਨ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ।