
ਸੁਖਬੀਰ ਬਾਦਲ ਦਾ ਡਰੀਮ ਪ੍ਰਾਜੈਕਟ: 7 ਸਾਲਾਂ ਵਿੱਚ ਨੇਪਰੇ ਚੜ੍ਹਿਆ ਵਿਸ਼ਵ ਦੇ ਪਹਿਲੇ ਏਸੀ ਬੱਸ ਅੱਡੇ ਦਾ ਨਿਰਮਾਣ
ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜ਼ੀ ਏਸੀ ਬੱਸ ਟਰਮੀਨਲ ਦਾ ਉਦਘਾਟਨ 6 ਦਸੰਬਰ ਨੂੰ, ਤਿਆਰੀਆਂ ਜ਼ੋਰਾਂ ’ਤੇ
ਪੰਜਾਬ ਸਰਕਾਰ ਨੇ ਸਾਲ 2009 ਵਿੱਚ ਉਲੀਕੀ ਗਈ ਸੀ ਮੁਹਾਲੀ ਤੋਂ ਦਿੱਲੀ ਤੱਕ ਏਸੀ ਬੱਸ ਸਰਵਿਸ ਸ਼ੁਰੂ ਕਰਨ ਦੀ ਯੋਜਨਾ
ਅਮਨਦੀਪ ਸਿੰਘ
ਮੁਹਾਲੀ, 3 ਦਸੰਬਰ
ਆਖਰਕਾਰ ਕਰੀਬ ਸੱਤ ਸਾਲਾਂ ਬਾਅਦ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਡਰੀਮ ਪ੍ਰਾਜੈਕਟ ਮੁਹਾਲੀ ਵਿੱਚ ਵਿਸ਼ਵ ਪੱਧਰ ਦਾ ਪਹਿਲਾ ਏਅਰ ਕੰਡੀਸ਼ਨ ਬੱਸ ਟਰਮੀਨਲ ਦੇ ਪਹਿਲ ਪੜਾਅ ਦੀ ਉਸਾਰੀ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਹੁਣ ਉਦਘਾਟਨ ਦੀ ਉਡੀਕ ਵੀ ਮੁੱਕ ਗਈ ਹੈ। ਉਂਜ ਵੀ ਵਿਧਾਨ ਸਭਾ ਚੋਣਾਂ ਦਾ ਆਖਰੀ ਵਰ੍ਹਾ ਹੋਣ ਕਾਰਨ ਹੁਕਮਰਾਨ ਇਸ ਪ੍ਰਾਜੈਕਟ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਬਾਰੇ ਰਿਪੋਰਟ ਕਾਰਡ ਵਿੱਚ ਸ਼ਾਮਲ ਕਰਨ ਲਈ ਤਰਲੋਂ ਮੱਛੀ ਹੋ ਰਹੇ ਹਨ।
ਜੂਨੀਅਰ ਬਾਦਲ ਖ਼ੁਦ 6 ਦਸੰਬਰ ਨੂੰ ਦੁਪਹਿਰ 12 ਵਜੇ ਬੱਸ ਅੱਡੇ ਦੀ ਨਵੀਂ ਇਮਾਰਤ ਦਾ ਆਪਣੇ ਕਰ ਕਮਲਾਂ ਨਾਲ ਉਦਘਾਟਨ ਕਰਨਗੇ। ਇਸ ਗੱਲ ਦੀ ਪੁਸ਼ਟੀ ਗਮਾਡਾ ਦੇ ਮੁੱਖ ਪ੍ਰਸ਼ਾਸਨ ਵਰੁਣ ਰੂਜ਼ਮ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਦਘਾਟਨ ਸਮਾਰੋਹ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ ਚਲ ਰਹੀਆਂ ਹਨ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਡਿਊਟੀਆਂ ਸੌਂਪੀਆਂ ਗਈਆਂ ਹਨ। ਚੇਤੇ ਰਹੇ ਇਸ ਤੋਂ ਪਹਿਲਾਂ ਨਿਰਮਾਣ ਕੰਪਨੀ ਦੀ ਢਿੱਲ ਮੱਠ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜ਼ੀ ਏਸੀ ਬੱਸ ਅੱਡੇ ਦੀ ਉਸਾਰੀ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਠੰਢੇ ਬਸਤੇ ਵਿੱਚ ਪਿਆ ਸੀ। ਉਂਜ ਇਸ ਤੋਂ ਪਹਿਲਾਂ ਪਹਿਲਾਂ ਸ੍ਰੀ ਬਾਦਲ ਵੱਲੋਂ ਬੀਤੀ 24 ਨਵੰਬਰ ਨੂੰ ਬੱਸ ਅੱਡੇ ਦਾ ਉਦਘਾਟਨ ਕੀਤਾ ਜਾਣਾ ਸੀ ਲੇਕਿਨ 25 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਕਾਰਨ ਬੱਸ ਅੱਡੇ ਦੇ ਉਦਘਾਟਨ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਟਰਾਂਸਪੋਰਟ ਵਿਭਾਗ, ਪੰਜਾਬ ਇਨਫਰਾਟਕਚਰ ਡਿਵੈਲਪਮੈਂਟ ਬੋਰਡ (ਪੀਆਈਡੀਬੀ) ਅਤੇ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਰਾਹੀਂ ਇੱਥੋਂ ਫੇਜ਼-6 ਵਿੱਚ ਨਿੱਜੀ ਅਤੇ ਜਨਤਕ ਭਾਈਵਾਲੀ ਦੇ ਆਧਾਰ ’ਤੇ ਅੰਤਰਰਾਸ਼ਟਰੀ ਏਸੀ ਬੱਸ ਅੱਡਾ-ਕਮ-ਕਮਰਸ਼ੀਅਲ ਕੰਪਲੈਕਸ ਉਸਾਰਿਆ ਗਿਆ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ 24 ਫਰਵਰੀ 2009 ਨੂੰ ਰੱਖਿਆ ਸੀ ਅਤੇ ਕਰੀਬ 7 ਏਕੜ ਜ਼ਮੀਨ ਵਿੱਚ ਬਣੇ ਇਸ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਬੱਸ ਅੱਡੇ ਦੇ ਨਿਰਮਾਣ ’ਤੇ 700 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਥੇ ਇੰਟਰਨੈਸ਼ਨਲ ਹੋਟਲ ਤੋਂ ਇਲਾਵਾ ਮਾਲ, ਮਲਟੀਪਲੈਕਸ ਵੀ ਹੋਵੇਗਾ। ਇੱਥੋਂ ਪੰਜਾਬ ਸਮੇਤ ਹੋਰਨਾਂ ਰਾਜਾਂ ਨੂੰ ਏਸੀ ਬੱਸ ਸਰਵਿਸ ਦੀ ਸੁਵਿਧਾ ਪ੍ਰਦਾਨ ਕਰਵਾਈ ਜਾਵੇਗੀ। ਬੱਸ ਅੱਡੇ ਦੀ ਛੱਤ ’ਤੇ ਹੈਲੀਪੈਡ ਬਣਾਏ ਜਾਣ ਦੀ ਯੋਜਨਾ ਹੈ ਤਾਂ ਜੋ ਐਮਰਜੈਂਸੀ ਸੇਵਾਵਾਂ ਬਦਲੇ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ। ਅਧਿਕਾਰੀਆਂ ਮੁਤਾਬਕ ਇੱਥੇ ਕੁੱਲ ਜ਼ਮੀਨ ਵਿੱਚ ਦਫ਼ਤਰੀ ਬਲਾਕ 18 ਮੰਜ਼ਲਾਂ, ਬੱਸ ਟਰਮੀਨਲ 4 ਮੰਜ਼ਲਾਂ ਅਤੇ 9 ਮੰਜ਼ਲਾਂ ਹੋਟਲ ਉਸਾਰਿਆ ਜਾਵੇਗਾ। ਬੇਸਮੈਂਟ ਤਿੰਨ ਮੰਜ਼ਲੀ ਹੋਵੇਗੀ। ਜਿਸ ਨੂੰ ਵਾਹਨ ਪਾਰਕਿੰਗ ਲਈ ਵਰਤਿਆ ਜਾਵੇਗਾ।
ਗਮਾਡਾ ਵੱਲੋਂ ਪ੍ਰਾਜੈਕਟ ਲੇਟ ਕਰਨ ਦੇ ਦੋਸ਼ ਵਿੱਚ ਨਿਰਮਾਣ ਕੰਪਨੀ ਦਾ ਠੇਕਾ ਰੱਦ ਕਰਨ ਦੀ ਕਾਰਵਾਈ ਜਾਰੀ: ਵਰੁਣ ਰੂਜ਼ਮ
ਹਾਲਾਂਕਿ ਪ੍ਰਾਈਵੇਟ ਕੰਪਨੀ ਨੇ ਬੱਸ ਅੱਡੇ ਦੇ ਪਹਿਲੇ ਪੜਾਅ ਦੀ ਉਸਾਰੀ ਦਾ ਕੰਮ ਹੁਣ ਮੁਕੰਮਲ ਕਰ ਲਿਆ ਹੈ ਪ੍ਰੰਤੂ ਅਜੇ ਵੀ ਗਮਾਡਾ ਵੱਲੋਂ ਜੂਨੀਅਰ ਬਾਦਲ ਦੇ ਡਰੀਮ ਪ੍ਰਾਜੈਕਟ ਨੂੰ ਲੇਟ ਕਰਨ ਦੇ ਦੋਸ਼ ਵਿੱਚ ਨਿਰਮਾਣ ਕੰਪਨੀ ਦਾ ਠੇਕਾ ਰੱਦ ਕਰਨ ਦੀ ਕਾਰਵਾਈ ਜਾਰੀ ਹੈ। ਇਹ ਜਾਣਕਾਰੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਰੁਣ ਰੂਜ਼ਮ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੰਪਨੀ ਨੂੰ 30 ਦਿਨ ਦਾ ਆਖਰੀ ਨੋਟਿਸ ਭੇਜਿਆ ਗਿਆ ਸੀ। ਪ੍ਰਾਜੈਕਟ ਦੀ ਉਸਾਰੀ ਦੇਰੀ ਕਾਰਨ ਕੰਪਨੀ ਵੱਲ ਬਕਾਇਆ ਖੜੇ ਕਰੋੜਾਂ ਰੁਪਏ ਦੀ ਜੁਰਮਾਨਾ ਰਾਸ਼ੀ ਵੀ ਵਸੂਲੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਸੀ। ਗਮਾਡਾ ਨੇ ਸਰਕਾਰ ਨੂੰ ਕੰਪਨੀ ਦਾ ਠੇਕਾ ਰੱਦ ਕਰਨ ਲਈ ਪੱਤਰ ਲਿਖਿਆ ਹੈ। ਇਸ ਸਬੰਧੀ ਸੀਨੀਅਰ ਵਕੀਲਾਂ ਤੋਂ ਕਾਨੂੰਨੀ ਰਾਇ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੋਕ ਹਿੱਤ ਵਿੱਚ ਬੱਸ ਅੱਡੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਪ੍ਰੰਤੂ ਇਸ ਮਗਰੋਂ ਸਰਕਾਰੀ ਦੀਆਂ ਹਦਾਇਤਾਂ ਅਤੇ ਨਿਯਮਾਂ ਮੁਤਾਬਕ ਠੇਕਾ ਰੱਦ ਕਰਨ ਅਤੇ ਜੁਰਮਾਨਾ ਵਸੂਲਣ ਦੀ ਕਾਰਵਾਈ ਕੀਤੀ ਜਾਵੇਗੀ।