ਮਿਸ਼ਨ-2022: ਸੁਖਦੇਵ ਢੀਂਡਸਾ ਤੇ ਬ੍ਰਹਮਪੁਰਾ ਬਣਾਉਣਗੇ ਨਵੀਂ ਪਾਰਟੀ, ਰਸਮੀ ਐਲਾਨ ਬਹੁਤ ਛੇਤੀ

ਕਾਂਗਰਸ, ਬਾਦਲ ਦਲ ਤੇ ਭਾਜਪਾ ਨੂੰ ਛੱਡ ਕੇ ਬਾਕੀ ਰਾਜਸੀ ਧਿਰਾਂ ਨਾਲ ਕੀਤਾ ਜਾ ਸਕਦਾ ਹੈ ਗੱਠਜੋੜ

ਆਈਜੀ ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫ਼ਾ ਤੇ ਸੰਘਰਸ਼ਸ਼ੀਲ ਕਿਸਾਨ ਵੀ ਦੇਣਗੇ ਮਿਸ਼ਨ-2022 ਨੂੰ ਨਵਾਂ ਮੋੜਾ

ਕੈਪਟਨ ਅਮਰਿੰਦਰ ਤੇ ਸੁਖਬੀਰ ਬਾਦਲ ’ਚ ਵਾਰੀ ਬੰਨ੍ਹ ਕੇ ਪੰਜਾਬ ’ਤੇ ਰਾਜ ਕਰਨ ਦਾ ਸਮਝੌਤਾ ਹੋਇਆ: ਢੀਂਡਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਡੈਮੋਕੇ੍ਰਟਿਕ) ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵੱਲੋਂ ਜਲਦੀ ਹੀ ਆਪੋ ਆਪਣੇ ਦਲ ਭੰਗ ਕੇ ਨਵੀਂ ਸਿਆਸੀ ਪਾਰਟੀ ਬਣਾਈ ਜਾਵੇਗੀ। ਜਿਸ ਦਾ ਨਾਮ ਵੀ ਸ਼੍ਰੋਮਣੀ ਅਕਾਲੀ ਦਲ ਰੱਖਿਆ ਜਾਵੇਗਾ। ਇਸ ਗੱਲ ਦਾ ਖੁਲਾਸਾ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਮੁਹਾਲੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹ ਪੰਜਾਬ ਦੇ ਭਵਿੱਖ ਅਤੇ ਮੌਜੂਦਾ ਰਾਜਨੀਤੀ ਬਾਰੇ ਮੀਡੀਆ ਨਾਲ ਚਰਚਾ ਕਰ ਰਹੇ ਸੀ। ਸ੍ਰੀ ਢੀਂਡਸਾ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਦੇ ਆਗੂਆਂ ਦੀ ਇਕ ਸਾਂਝੀ 6 ਮੈਂਬਰੀ ਕਮੇਟੀ ਬਣਾਈ ਗਈ ਹੈ। ਬ੍ਰਹਮਪੁਰਾ ਦੀ ਪਾਰਟੀ ਵੱਲੋਂ ਕਰਨੈਲ ਸਿੰਘ ਪੀਰਮੁਹੰਮਦ, ਜਥੇਦਾਰ ਉਜਾਗਰ ਸਿੰਘ ਬਡਾਲੀ ਤੇ ਮਹਿੰਦਰ ਸਿੰਘ ਹੁਸੈਨਪੁਰਾ ਅਤੇ ਉਨ੍ਹਾਂ (ਢੀਂਡਸਾ) ਦੀ ਪਾਰਟੀ ਵੱਲੋਂ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ, ਰਣਜੀਤ ਸਿੰਘ ਤਲਵੰਡੀ ਅਤੇ ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ ਸ਼ਾਮਲ ਹਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਕਾਂਗਰਸ, ਬਾਦਲ ਦਲ ਤੇ ਭਾਜਪਾ ਨੂੰ ਸਿਆਸਤ ਤੋਂ ਲਾਂਭੇ ਕਰਨ ਦੀ ਸਖ਼ਤ ਲੋੜ ਹੈ। ਇਹ ਤੱਦ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਇਨ੍ਹਾਂ ਰਿਵਾਇਤੀ ਪਾਰਟੀ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਇਕੱਠੇ ਹੋ ਕੇ ਅਗਲੀਆਂ ਵਿਧਾਨ ਸਭਾ ਚੋਣਾਂ ਲੜਦੀਆਂ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਬ੍ਰਹਮਪੁਰਾ ਅਤੇ ਉਨ੍ਹਾਂ ਨੇ ਪਹਿਲਕਦਮੀ ਕਰਦਿਆਂ ਆਪੋ ਆਪਣੀਆਂ ਪਾਰਟੀਆਂ ਭੰਗ ਕਰਕੇ ਨਵੀਂ ਪਾਰਟੀ ਬਣਾਉਣ ਦੀ ਚਰਚਾ ਛੇੜੀ ਸੀ ਜੋ ਲਗਪਗ ਸਿਰੇ ਚੜ੍ਹਨ ਵਾਲੀ ਹੈ ਅਤੇ 17 ਅਪਰੈਲ ਨੂੰ ਕੋਈ ਰਸਮੀ ਐਲਾਨ ਹੋ ਸਕਦਾ ਹੈ ਜਾਂ ਅਗਲੀ ਸਾਂਝੀ ਰੂਪਰੇਖਾ ਉਲੀਕੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਬਸਪਾ ਨਾਲ ਵੀ ਸਮਝੌਤੇ ਲਈ ਗੱਲ ਕੀਤੀ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਿਚਕਾਰ ਵਾਰੀ ਬੰਨ੍ਹ ਕੇ ਪੰਜਾਬ ’ਤੇ ਰਾਜ ਕਰਨ ਦਾ ਗੁਪਤ ਸਮਝੌਤਾ ਹੋਇਆ ਹੈ। ਬੇਅਦਬੀ ਮਾਮਲਿਆਂ ਵਿੱਚ ਕੈਪਟਨ ਸਿਆਸੀ ਆਗੂਆਂ ਨੂੰ ਬਚਾਉਂਦੇ ਆ ਰਹੇ ਹਨ। ਕੁੰਵਰ ਵਿਜੈ ਪ੍ਰਤਾਪ ਤੋਂ ਜਾਂਚ ਵਾਪਸ ਲੈਣਾ ਇਸ ਦਾ ਵੱਡਾ ਸਬੂਤ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਸਬੰਧੀ ਕੋਟਕਪੂਰਾ ਗੋਲੀਕਾਂਡ ਦੇ ਜਾਂਚ ਅਧਿਕਾਰੀ ਆਈਜੀ ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫ਼ਾ ਦੇਣਾ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ਉੱਤੇ ਬੈਠੇ ਕਿਸਾਨਾਂ ਦਾ ਅੰਦੋਲਨ ਵੀ ਆਗਾਮੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਏਗਾ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਸੁਖਬੀਰ ਦੀ ਪਾਰਟੀ ਵੱਲੋਂ ਜਸ਼ਨ ਮਨਾਉਣੇ ਮੰਦਭਾਗੀ ਗੱਲ ਹੈ। ਜਸ਼ਨਾਂ ਦੀ ਥਾਂ ਉਨ੍ਹਾਂ ਨੂੰ ਪਸ਼ਚਾਤਾਪ ਕਰਨਾ ਚਾਹੀਦਾ ਹੈ। ਲੋਕ ਸਿਆਸੀ ਮੁੱਦੇ ਭੁੱਲ ਜਾਂਦੇ ਹਨ ਪ੍ਰੰਤੂ ਧਾਰਮਿਕ ਮੁੱਦਿਆਂ ਨੂੰ ਨਹੀਂ ਭੁੱਲਿਆਂ ਜਾ ਸਕਦੈ। ਇਸ ਲਈ ਚੋਣਾਂ ਵਿੱਚ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਮੰਗ ਕੀਤੀ ਕਿ ਬੇਅਦਬੀ ਮਾਮਲੇ ਅਤੇ ਕੋਟਕਪੂਰਾ ਗੋਲੀਕਾਂਡ ਬਾਰੇ ਸਾਰੀਆਂ ਜਾਂਚ ਰਿਪੋਰਟਾਂ ਜਨਤਕ ਹੋਣੀਆਂ ਚਾਹੀਦੀਆਂ ਹਨ। ਕੈਪਟਨ ਨੇ ਪਿਛਲੇ ਸਾਢੇ 4 ਸਾਲਾਂ ਵਿੱਚ ਡੱਕਾ ਨਹੀਂ ਤੋੜਿਆ। ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਵਿੱਚ ਕਿਸੇ ਇਕ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਇਸ ਮੌਕੇ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਜਨਰਲ ਸਕੱਤਰ ਅਮਨਿੰਦਰ ਸਿੰਘ ਬਰੜ, ਓਐਸਡੀ ਜਸਵਿੰਦਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਡਾ. ਮੇਜਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…