nabaz-e-punjab.com

ਬਾਦਲ ਵਜ਼ਾਰਤ ਦੌਰਾਨ ਸੁਖਪਾਲ ਖਹਿਰਾ ਤੇ ਸਾਥੀਆਂ ਵਿਰੁੱਧ ਦਰਜ 30 ਕੇਸਾਂ ਦਾ ਮਾਮਲਾ ਜਸਟਿਸ ਗਿੱਲ ਦੇ ਦਰਬਾਰ ਪੁੱਜਾ

ਸੁਖਪਾਲ ਖਹਿਰਾ ਨੇ ਜਾਂਚ ਕਮਿਸ਼ਨ ਕੋਲ ਪੇਸ਼ ਹੋ ਕੇ ਅਕਾਲੀ ਸਰਕਾਰ ਦੀਆਂ ਵਧੀਕੀਆਂ ਦਾ ਪਟਾਰਾ ਖੋਲ੍ਹਿਆ

ਜਾਂਚ ਕਮਿਸ਼ਨ ਵੱਲੋਂ ਪੰਜਾਬ ਪੁਲੀਸ ਦੇ ਸਬੰਧਤ ਅਧਿਕਾਰੀਆਂ ਸਮੇਤ ਅਕਾਲੀ ਜਥੇਦਾਰਾਂ ਦੀ ਜਵਾਬਤਲਬੀ, 4 ਅਪੈਰਲ ਨੂੰ ਹੋਵੇਗੀ ਸੁਣਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਪ ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਬਾਦਲ ਵਜ਼ਾਰਤ ਵੇਲੇ ਸਾਲ 2007 ਤੋਂ 2017 ਤੱਕ ਦਰਜ ਹੋਏ ਕਰੀਬ 30 ਤੋਂ ਵੱਧ ਪੁਲੀਸ ਕੇਸਾਂ ਦਾ ਮਾਮਲਾ ਹੁਣ ਜਸਟਿਸ ਮਹਿਤਾਬ ਸਿੰਘ ਗਿੱਲ ਦੇ ਦਰਬਾਰ ਪਹੁੰਚ ਗਿਆ ਹੈ। ਸ੍ਰੀ ਖਹਿਰਾ ਨੇ ਬੁੱਧਵਾਰ ਨੂੰ ਇੱਥੋਂ ਦੇ ਸੈਕਟਰ-68 ਸਥਿਤ ਵਣ ਭਵਨ ਵਿੱਚ ਜਾਂਚ ਕਮਿਸ਼ਨ ਅੱਗੇ ਹੋਏ ਅਤੇ ਅਕਾਲੀ ਦੀਆਂ ਵਧੀਕੀਆਂ ਦਾ ਪਟਾਰਾ ਖੋਲ੍ਹ ਕੇ ਰੱਖ ਦਿੱਤਾ। ਖਹਿਰਾ ਨੇ ਜਾਂਚ ਕਮਿਸ਼ਨ ਨੂੰ ਸ਼ਿਕਾਇਤਾਂ ਦਾ ਲੰਮਾ ਚੌੜਾ ਚਿੱਠਾ ਵੀ ਸੌਂਪਿਆ ਅਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ।
ਉਧਰ, ਜਾਂਚ ਕਮਿਸ਼ਨ ਨੇ ਇਸ ਸਬੰਧੀ ਪੰਜਾਬ ਪੁਲੀਸ ਦੇ ਸਬੰਧਤ ਅਫ਼ਸਰਾਂ ਅਤੇ ਕੁਝ ਅਕਾਲੀ ਜਥੇਦਾਰਾਂ ਦੀ ਜਵਾਬਤਲਬੀ ਕਰਦਿਆਂ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਲਈ 4 ਅਪਰੈਲ ਦਾ ਦਿਨ ਨਿਰਧਾਰਿਤ ਕੀਤਾ ਹੈ। ਕਮਿਸ਼ਨ ਨੇ ਵੱਖ ਵੱਖ ਥਾਣਿਆਂ ਦੇ ਜਾਂਚ ਅਧਿਕਾਰੀਆਂ ਨੂੰ ਕੇਸਾਂ ਨਾਲ ਸਬੰਧਤ ਰਿਕਾਰਡ ਲੈ ਕੇ ਆਉਣ ਲਈ ਆਖਿਆ ਹੈ।
ਸ੍ਰੀ ਖਹਿਰਾ ਨੇ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਸ਼ਾਸ਼ਨ ਦੌਰਾਨ ਪੁਲੀਸ ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੀ ਸ਼ਹਿ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਵਰਕਰਾਂ ਦੇ ਖ਼ਿਲਾਫ਼ 30 ਤੋਂ ਵੱਧ ਝੂਠੇ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦਾ ਕਸੂਰ ਸਿਰਫ਼ ਏਨਾ ਹੀ ਹੈ ਉਹ ਹਮੇਸ਼ਾ ਲੋਕ ਮੁੱਦਿਆਂ ’ਤੇ ਅਤੇ ਪੀੜਤ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਮੂਹਰੇ ਲੱਗ ਕੇ ਕਾਨੂੰਨੀ ਲੜਾਈ ਲੜਦੇ ਹਨ। ਜਿਸ ਕਾਰਨ ਪਿਛਲੀ ਸਰਕਾਰ ਨੇ ਮਿੱਥ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦਾ ਸਿਆਸੀ ਜੀਵਨ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਪ੍ਰੰਤੂ ਵਾਹਿਗੁਰੂ ਦੀ ਕਿਰਪਾ ਸਦਕਾ ਅਕਾਲੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੇ। ਸ੍ਰੀ ਖਹਿਰਾ ਨੇ ਇਹ ਵੀ ਮੰਗ ਕੀਤੀ ਕਿ ਹੁਕਮਰਾਨਾਂ ਅਤੇ ਪੁਲੀਸ ਵਧੀਕੀਆਂ ਦਾ ਸ਼ਿਕਾਰ ਵਿਅਕਤੀਆਂ ਨੂੰ ਇਨਸਾਫ਼ ਦੇਣ ਲਈ ਜਸਟਿਸ ਗਿੱਲ ਕਮਿਸ਼ਨ ਨੂੰ ਸਥਾਈ ਤੌਰ ’ਤੇ ਜਾਂਚ ਪੜਤਾਲਾਂ ਦਾ ਕੰਮ ਸੌਂਪਿਆ ਜਾਵੇ ਤਾਂ ਜੋ ਪੀੜਤਾਂ ਨੂੰ ਰਾਹਤ ਮਿਲ ਸਕੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…