Nabaz-e-punjab.com

ਸੁਖਪਾਲ ਖਹਿਰਾ ਨੇ ਪੰਜਾਬ ਦੇ ਲੋਕਾਂ ਨਾਲ ਵੱਡੀ ਰਾਜਨੀਤਕ ਠੱਗੀ ਮਾਰੀ: ਬੀਰਦਵਿੰਦਰ ਸਿੰਘ

ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਸੁਖਪਾਲ ਖਹਿਰਾ ਨਹੀਂ ਬਲਕਿ ਸਨਖਦੀਪ ਸਿੰਘ ਫਰੀਦਕੋਟ ਹੈ

ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਅਪਲੋਡ ਜਾਣਕਾਰੀ ਅਤੇ ਨਾਮੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਪਬਲਿਕ ਨੋਟਿਸ ’ਚ ਹੋਇਆ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਾਰਚ:
ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਹੀਂ ਹਨ ਬਲਕਿ ਫਰੀਦਕੋਟ ਦਾ ਵਿਅਕਤੀ ਸਨਖਦੀਪ ਸਿੰਘ ਹੈ। ਮੁੱਖ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਅਪਲੋਡ ਜਾਣਕਾਰੀ ਅਤੇ ਇੱਕ ਨਾਮੀ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਏ ਪਬਲਿਕ ਨੋਟਿਸ ਵਿੱਚ ਉਕਤ ਤੱਥਾਂ ਦਾ ਖੁਲਾਸਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ ਖ਼ੁਦ ਨੂੰ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਦੱਸ ਕੇ ਸੂਬੇ ਦੇ ਲੋਕਾਂ ਅਤੇ ਦੂਜੀ ਸਿਆਸੀ ਪਾਰਟੀਆਂ ਨਾਲ ਵੱਡੀ ਰਾਜਨੀਤਕ ਠੱਗੀ ਮਾਰੀ ਹੈ। ਜਿਸ ਨੂੰ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਦੇ ਖ਼ਿਲਾਫ਼ ਤੁਰੰਤ ਪ੍ਰਭਾਵ ਨਾਲ ਫੌਜਦਾਰੀ ਕੇਸ ਦਰਜ ਕੀਤਾ ਜਾਵੇ।
ਬੀਰਦਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੁਖਪਾਲ ਖਹਿਰਾ ਨੇ ਆਪਣੀ ਵਿਧਾਇਕੀ ਖੁੱਸਣ ਦੇ ਡਰੋਂ ਇਹ ਸਾਰਾ ਡਰਾਮਾ ਰਚਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਖਹਿਰਾ ਕਿਸ ਅਧਿਕਾਰ ਨਾਲ ਲੋਕ ਸਭਾ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਸਪਾ ਅਤੇ ਹੋਰ ਰਾਜਸੀ ਪਾਰਟੀਆਂ ਨਾਲ ਸਿਆਸੀ ਗੱਠਜੋੜ ਕਰਨ ਦੀਆਂ ਵਿਊਂਤਾ ਘੜ ਰਹੇ ਹਨ ਜਦੋਂਕਿ ਉਹ ਖ਼ੁਦ ਕਿਸੇ ਪਾਰਟੀ ਦੇ ਪ੍ਰਧਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਖਹਿਰਾ ਦੇ ਰਾਜ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਭੁਲੱਥ ਹਲਕੇ ਦੇ ਵਿਧਾਇਕ ਖਹਿਰਾ ਨੇ ਬੀਤੀ 9 ਜਨਵਰੀ ਨੂੰ ਪੰਜਾਬ ਏਕਤਾ ਪਾਰਟੀ ਸਥਾਪਿਤ ਕੀਤੀ ਸੀ ਅਤੇ ਹੁਣ ਤੱਕ ਮੀਡੀਆ ਵਿੱਚ ਖ਼ੁਦ ਨੂੰ ਪ੍ਰਧਾਨ ਲਿਖਦੇ ਅਤੇ ਦੱਸਦੇ ਆ ਰਹੇ ਹਨ ਜਦੋਂਕਿ ਅਸਲੀਅਤ ਕੁਝ ਹੋਰ ਹੈ।
ਸਾਬਕਾ ਡਿਪਟੀ ਸਪੀਕਰ ਨੇ ਚੋਣ ਕਮਿਸ਼ਨ ਅਤੇ ਅਖ਼ਬਾਰ ਵਿੱਚ ਪ੍ਰਕਾਸ਼ਿਤ ਪਬਲਿਕ ਨੋਟਿਸ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ ਏਕਤਾ ਪਾਰਟੀ ਦਾ ਪ੍ਰਧਾਨ ਸਨਖਦੀਪ ਸਿੰਘ ਵਾਸੀ ਫਰੀਦਕੋਟ ਹੈ। ਇਸ ਗੱਲ ਦਾ ਖੁਲਾਸਾ ਇਸ ਪਾਰਟੀ ਨੂੰ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ ਵਿੱਚ ਦਰਜ ਜਾਣਕਾਰੀ ਵਿੱਚ ਹੋਇਆ ਹੈ। ਜਦੋਂਕਿ ਸ੍ਰੀ ਖਹਿਰਾ ਖ਼ੁਦ ਨੂੰ ਪ੍ਰਧਾਨ ਦੱਸਦੇ ਹਨ ਅਤੇ ਆਮ ਲੋਕਾਂ ਵਿੱਚ ਇਸ ਹੈਸੀਅਤ ਨਾਲ ਵਿਚਰਦੇ ਹੋਏ ਆਮ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹ ਜਲਦੀ ਹੀ ਚੋਣ ਕਮਿਸ਼ਨ ਨੂੰ ਇਸ ਰਾਜਸੀ ਠੱਗੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਨ ਤਾਂ ਜੋ ਖਹਿਰਾ ਦੇ ਖ਼ਿਲਾਫ਼ ਕਾਨੂੰਨ ਮੁਬਾਤਕ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਕੋਲ ਬਕਾਇਦਾ ਪਾਰਟੀ ਰਜਿਸਟਰਡ ਕਰਵਾਉਣ ਲਈ ਸਨਖਦੀਪ ਸਿੰਘ ਵੱਲੋਂ ਦਰਖ਼ਾਸਤ ਦਿੱਤੀ ਜਾ ਚੁੱਕੀ ਹੈ। ਜਿਸ ’ਤੇ ਚੋਣ ਕਮਿਸ਼ਨ ਨੇ ਪਬਲਿਕ ਨੋਟਿਸ ਜਾਰੀ ਕਰਦਿਆਂ ਆਮ ਲੋਕਾਂ ਤੋਂ 19 ਮਾਰਚ ਤੱਕ ਇਤਰਾਜ ਮੰਗੇ ਗਏ ਹਨ। ਤਾਂ ਸ੍ਰੀ ਖਹਿਰਾ ਖ਼ੁਦ ਨੂੰ ਉਕਤ ਪਾਰਟੀ ਦਾ ਪ੍ਰਧਾਨ ਕਿਵੇਂ ਦੱਸ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵੱਡਾ ਕਾਨੂੰਨੀ ਜੁਰਮ ਹੈ।
(ਬਾਕਸ ਆਈਟਮ) ਸੁਖਪਾਲ ਖਹਿਰਾ ਨੇ ਬੀਰਦਵਿੰਦਰ ਸਿੰਘ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਪੱਖ ਰੱਖਦਿਆਂ ਬੀਰਦਵਿੰਦਰ ਸਿੰਘ ਦੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁਝ ਤਕਨੀਕੀ ਕਾਰਨਾਂ ਕਰਕੇ ਸਨਖਦੀਪ ਸਿੰਘ ਨੇ ਪਾਰਟੀ ਨੂੰ ਰਜਿਸਟਡ ਕਰਵਾਉਣ ਲਈ ਬਿਨੈ ਪੱਤਰ ਦਿੱਤਾ ਹੈ ਪ੍ਰੰਤੂ ਉਹ ਪਾਰਟੀ ਦੇ ਹੈੱਡਹਾਕ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬੀਰਦਵਿੰਦਰ ਸਿੰਘ ਨੂੰ ਨਹੀਂ ਬਲਕਿ ਸਨਖਦੀਪ ਸਿੰਘ ਨੂੰ ਇਤਰਾਜ਼ ਹੋਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਰਜਿਸਟਡ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੰਵਿਧਾਨ ਤੌਰ ’ਤੇ ਪਾਰਟੀ ਪ੍ਰਧਾਨ ਚੁਣ ਲਿਆ ਜਾਵੇਗਾ ਅਤੇ ਇਸ ਸਬੰਧੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਸ੍ਰੀ ਖਹਿਰਾ ਨੇ ਬੀਰਦਵਿੰਦਰ ਸਿੰਘ ’ਤੇ ਤੀਜੇ ਫਰੰਟ ਨਾਲ ਸਿਆਸੀ ਗੱਠਜੋੜ ਤੋੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਬੀਰਦਵਿੰਦਰ ਦੀ ਜ਼ਿੱਦ ਕਾਰਨ ਸਾਡਾ ਗੱਠਜੋੜ ਸਿਰੇ ਨਹੀਂ ਚੜਿਆ ਅਤੇ ਹੁਣ ਆਮ ਆਦਮੀ ਪਾਰਟੀ ਨਾਲ ਵੀ ਇਸੇ ਸੀਟ ਨੂੰ ਲੈ ਕੇ ਰੌਲਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…