Nabaz-e-punjab.com

ਸੁਖਪਾਲ ਖਹਿਰਾ ਮੌਕਾਪ੍ਰਸਤ ਵਿਅਕਤੀ, ਨੈਤਿਕ ਆਧਾਰ ‘ਤੇ ਵਿਧਾਇਕੀ ਛੱਡ ਕੇ ਭੁਲੱਥ ਤੋਂ ਦੁਬਾਰਾ ਲੜੇ ਚੋਣ: ਭਗਵੰਤ ਮਾਨ

ਖਹਿਰਾ ‘ਆਪ’ ਦਾ ਮੁੱਦਾ ਨਹੀਂ, ਕਿਸਾਨਾਂ, ਦਲਿਤਾਂ ਅਤੇ ਬਾਕੀ ਵਰਗਾਂ ਦੇ ਮੁੱਦੇ ਚੁੱਕਦੀ ਰਹੇਗੀ ‘ਆਪ’:ਹਰਪਾਲ ਚੀਮਾ

ਪੰਜਾਬ ਦੇ ਲੋਕ ਸਮਝਦਾਰ, ਸੱਚ ਦੇ ਨਾਲ ਖੜਨਗੇ-ਪ੍ਰਿੰਸੀਪਲ ਬੁੱਧ ਰਾਮ

ਆਪਣੀ ਹੀ ਪਾਰਟੀ ਖ਼ਿਲਾਫ਼ ਬੋਲਣਾ ਖਹਿਰਾ ਦੀ ਫ਼ਿਤਰਤ: ਅਮਨ ਅਰੋੜਾ

ਨਬਜ਼-ਏ-ਪੰਜਾਬ ਬਿਊਰੋ, ਬਰਨਾਲਾ/ਚੰਡੀਗੜ੍ਹ, 6 ਜਨਵਰੀ-
ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਖਹਿਰਾ ਦੁਆਰਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਉੱਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਅਜਿਹਾ ਪਹਿਲਾਂ ਤੋਂ ਹੀ ਨਿਰਧਾਰਿਤ ਸੀ ਅਤੇ ਖਹਿਰਾ ਵਰਗੇ ਮੌਕਾਪ੍ਰਸਤ ਆਗੂ ਦੇ ਪਾਰਟੀ ਛੱਡਣ ਨਾਲ ਪਾਰਟੀ ਮਜ਼ਬੂਤ ਹੀ ਹੋਵੇਗੀ।
ਬਰਨਾਲਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਅਮਨ ਅਰੋੜਾ, ਮਨਜੀਤ ਬਿਲਾਸਪੁਰ, ਕੁਲਵੰਤ ਪੰਡੋਰੀ, ਰੁਪਿੰਦਰ ਰੂਬੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਖਹਿਰਾ ਸ਼ੁਰੂ ਤੋਂ ਹੀ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਕਰਦੇ ਰਹੇ ਹਨ। ਮਾਨ ਨੇ ਕਿਹਾ ਕਿ ਖਹਿਰਾ ਨੂੰ ਅਨੁਸ਼ਾਸਨਹੀਣਤਾ ਦੇ ਆਧਾਰ ‘ਤੇ ਬਰਖ਼ਾਸਤ ਕੀਤਾ ਸੀ ਅਤੇ ਸਮਝਾਉਣ ਦਾ ਯਤਨ ਕੀਤਾ ਸੀ ਪਰੰਤੂ ਉਹ ਹਮੇਸ਼ਾ ਤੋਂ ਹੀ ਪਾਰਟੀ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਹਮੇਸ਼ਾ ‘ਮੈਂ’ ਦੀ ਰਾਜਨੀਤੀ ਕੀਤੀ ਹੈ ਜੋ ਕਿ ਸਵੀਕਾਰ ਨਹੀਂ ਹੈ। ਮਾਨ ਨੇ ਕਿਹਾ ਕਿ ਐਚ.ਐਸ ਫੂਲਕਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਸਮੇਂ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣਾਉਣ ਸਮੇਂ ਵੀ ਖਹਿਰਾ ਇਤਰਾਜ਼ ਜਤਾਉਂਦੇ ਰਹੇ ਹਨ। ਜਿਸ ਤੋਂ ਸਿੱਧ ਹੁੰਦਾ ਹੈ ਕਿ ਉਹ ਸਿਰਫ਼ ਆਪਣੀ ਕੁਰਸੀ ਦੀ ਲੜਾਈ ਲੜਦੇ ਹਨ। ਮਾਨ ਨੇ ਕਿਹਾ ਕਿ ਖਹਿਰਾ ਦਾ ਅਸਤੀਫ਼ਾ ਡਰਾਮਾ ਮਾਤਰ ਹੈ ਅਤੇ ਉਨ੍ਹਾਂ ਨੂੰ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਭੁਲੱਥ ਤੋਂ ਦੁਬਾਰਾ ਚੋਣ ਲੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਨਾਰਾਜ਼ ਵਿਧਾਇਕਾਂ ਲਈ ਪਾਰਟੀ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਦਾ ਪੰਜਾਬੀਅਤ ਦਾ ਨਾਅਰਾ ਵੀ ਝੂਠਾ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਪਾਰਟੀ ਪੰਜਾਬ ਵਿਚ ਮਜ਼ਬੂਤੀ ਨਾਲ ਉੱਭਰ ਰਹੀ ਹੈ ਅਤੇ 2019 ਦੀਆਂ ਚੋਣਾਂ ਆਪਣੇ ਦਮ ‘ਤੇ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਰਹਿ ਕੇ ਪਾਰਟੀ ਖ਼ਿਲਾਫ਼ ਸਾਜ਼ਿਸ਼ਾਂ ਕਰਨ ਵਾਲਿਆਂ ਲਈ ਪਾਰਟੀ ਵਿਚ ਕੋਈ ਸਥਾਨ ਨਹੀਂ ਹੈ। ਚੀਮਾ ਨੇ ਕਿਹਾ ਕਿ ‘ਆਪ’ ਕਾਂਗਰਸ ਸਰਕਾਰ ਤੋਂ ਧੋਖਾ ਖਾ ਚੁੱਕੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਅਤੇ ਦਲਿਤਾਂ ਦੇ ਮੁੱਦੇ ਜ਼ੋਰ ਨਾਲ ਚੁੱਕਦੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਤੋਂ ਅੱਕ ਚੁੱਕੇ ਹਨ।
ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪਾਰਟੀ ਕਿਸੇ ਵਿਅਕਤੀ ਵਿਸ਼ੇਸ਼ ਉੱਤੇ ਨਹੀਂ ਖੜੀ ਬਲਕਿ ਪੰਜਾਬ ਦੇ ਆਮ ਲੋਕਾਂ ਅਤੇ ਪਾਰਟੀ ਦੇ ਵਲੰਟੀਅਰਾਂ ਦੇ ਸਹਾਰੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਅਹੁਦਾ ਖੁੱਸਣ ਨਾਲ ਹੀ ਖਹਿਰਾ ਦਾ ਪੰਜਾਬ ਪ੍ਰਤੀ ਮੋਹ ਖ਼ਤਮ ਹੋ ਗਿਆ ਸੀ। ਜਿਸ ਦਾ ਪ੍ਰਮਾਣ ਖਹਿਰਾ ਵੱਲੋਂ ਇਸ ਵਿਧਾਨ ਸਭਾ ਵਿਚ ਇੱਕ ਵੀ ਸਵਾਲ ਨਾ ਪੁੱਛਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਭਲੇ ਅਤੇ ਬੁਰੇ ਨੂੰ ਪਹਿਚਾਣ ਦੇ ਹਨ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਕਾਰਤਮਕ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਰੱਖਦੀ ਅਤੇ ਹਮੇਸ਼ਾ ਲੋਕਾਂ ਦੇ ਮੁੱਦੇ ਚੁੱਕਦੀ ਹੈ। ਉਨ੍ਹਾਂ ਕਿਹਾ ਕਿ ਖਹਿਰਾ ‘ਆਪ’ ਲਈ ਕੋਈ ਮੁੱਦਾ ਨਹੀਂ ਹਨ ਬਲਕਿ ਲੋਕਾਂ ਦੇ ਮੁੱਦੇ ਸਰਵਉੱਚ ਹਨ। ਉਨ੍ਹਾਂ ਕਿਹਾ ਕਿ ਖਹਿਰਾ ਰਾਜਨੀਤੀ ਵਿਚ ਮੌਕਾਪ੍ਰਸਤੀ ਦੀ ਮਿਸਾਲ ਹਨ ਅਤੇ ਉਹ ਕਦੀ ਵੀ ਮਿਲ ਕੇ ਕੰਮ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਖਹਿਰਾ ਕਾਂਗਰਸ ਵਿਚ ਰਹਿੰਦੇ ਹੋਏ ਵੀ ਉਨ੍ਹਾਂ ਦੇ ਆਗੂਆਂ ਖ਼ਿਲਾਫ਼ ਬਿਆਨਬਾਜ਼ੀ ਕਰਦੇ ਰਹੇ ਹਨ। ਜਿਸਤੋਂ ਸਿੱਧ ਹੁੰਦਾ ਹੈ ਕਿ ਉਹ ਟੀਮ ਦੇ ਖਿਡਾਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਉਣ ਤੋਂ ਪਹਿਲਾਂ ਵੀ ਖਹਿਰਾ ਨੂੰ ਪਤਾ ਸੀ ਕਿ ‘ਆਪ’ ਇੱਕ ਰਾਸ਼ਟਰੀ ਪਾਰਟੀ ਹੈ ਅਤੇ ਹਰ ਪਾਰਟੀ ਦੇ ਨਿਯਮ ਅਤੇ ਕਾਨੂੰਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਹਮੇਸ਼ਾ ਲੋਕਾਂ ਆਵਾਜ਼ ਚੁੱਕਦੀ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਬਦੌਲਤ ਹੀ ਦੇਸ਼ ਦੇ ਆਮ ਨਾਗਰਿਕ ਨੇ ਭ੍ਰਿਸ਼ਟ ਸ਼ਾਸਕਾਂ ਖ਼ਿਲਾਫ਼ ਆਵਾਜ਼ ਚੁੱਕਣੀ ਸ਼ੁਰੂ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…