ਸੁਖਪਾਲ ਖਹਿਰਾ ਚੋਣਵੀ ਯਾਦਾਸ਼ਤ ਗਵਾਉਣ ਦੀ ਬਿਮਾਰੀ ਤੋਂ ਪੀੜਤ: ਰਾਣਾ ਗੁਰਜੀਤ ਸਿੰਘ

ਸਿਆਸੀ ਮੌਕਾਪ੍ਰਸਤੀ ਤੇ ਸਸਤੀ ਸ਼ੋਹਰਤ ਤਹਿਤ ਕਾਨੂੰਨੀ ਪ੍ਰਕਿਰਿਆ ’ਤੇ ਵੀ ਕਰ ਰਹੇ ਨੇ ਸਵਾਲ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਅਗਸਤ:
ਸਿੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ’ਤੇ ਵਰ੍ਹਦਿਆਂ ਕਿਹਾ ਕਿ ਖਹਿਰਾ ਆਪਣੀਂ ਸਿਆਸੀ ਮੌਕਾਪ੍ਰਸਤੀ ਅਤੇ ਸਸਤੀ ਸ਼ੌਹਰਤ ਲਈ ਚੱਲੀਆਂ ਜਾਣ ਵਾਲੀਆਂ ਚਾਲਾਂ ਤਹਿਤ ਕਾਨੂੰਨੀ ਪ੍ਰਕ੍ਰਿਆ ’ਤੇ ਸਵਾਲ ਕਰਨ ਤੋਂ ਵੀ ਬਾਝ ਨਹੀਂ ਆ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਖਹਿਰਾ ਚੋਣਵੀ ਯਾਦਾਸ਼ਤ ਗਵਾਉਣ ਦੀ ਬਿਮਾਰੀ ਤੋਂ ਪੀੜਤ ਹੈ ਕਿਉਂਕਿ ਅਜੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾਉਂਦਿਆਂ ਉਨ੍ਹਾਂ ਨੂੰ ‘ਦਰਵੇਸ਼ ਸਿਆਸਤਦਾਨ’ ਕਿਹਾ ਸੀ। ਉਨ੍ਹਾਂ ਖਹਿਰਾ ਨੂੰ ਸਵਾਲ ਕੀਤਾ, ‘‘2 ਸਾਲ ਪਹਿਲਾਂ ਤੱਕ ਤਾਂ ਤੁਸੀਂ ਅਕਸਰ ਹੀ ਕਹਿੰਦੇ ਰਹਿੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਸਿਆਸਤ ਤੋਂ ਪ੍ਰੇਰਤ ਹੈ ਅਤੇ ਬਦਲੇ ਦੀ ਭਾਵਨਾ ਨਾਲ ਰਜਿਸਟਰ ਕੀਤਾ ਗਿਆ ਹੈ ਅਤੇ ਹੁਣ ਤੁਹਾਨੂੰ ਇਸ ਕਿਸ ਤਰ੍ਹਾਂ ਮੰਨਣਾ ਸ਼ੁਰੂ ਕਰ ਦਿੱਤਾ ਕਿ ਇਹ ਸਾਰੇ ਮਾਮਲੇ ਸਹੀ ਹਨ?’’
ਰਾਣਾ ਗੁਰਜੀਤ ਸਿੰਘ ਨੇ ਖਹਿਰਾ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੀ ਪ੍ਰਸਿੱਧੀ ਅਤੇ ਲੋਕਪ੍ਰਿਯਤਾ ਸਾਬਿਤ ਕਰਨ ਲਈ ਆਪਣੇ ਜੱਦੀ ਹਲਕੇ ਭੁਲੱਥ ਵਿੱਚ ਇੱਕ ਧਰਨਾ ਲਾ ਕੇ ਦਿਖਾਵੇ। ਇਹ ਕਹਿੰਦਿਆਂ ਕਿ ਖਹਿਰਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਭੂਮਿਕਾ ਅਤੇ ਜਗ੍ਹਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਰਾਣਾ ਗੁਰਜੀਤ ਸਿੰਘ ਨੇ ਖਹਿਰਾ ਨੂੰ ਚੁਣੌਤੀ ਦਿੰਦਿਆਂ ਕਿਹਾ, ‘‘ਤੂਸੀਂ ਵੀ ਉਥੇ ਧਰਨਾ ਲਾਓ ਅਤੇ ਮੈਂ ਵੀ ਉਥੇ ਹੀ ਧਰਨਾ ਲਾਵਾਂਗਾ, ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਮੇਰੇ ਵੱਲੋਂ ਲਾਏ ਧਰਨੇ ਵਿੱਚ ਲੋਕਾਂ ਦੀ ਗਿਣਤੀ ਤੁਹਾਡੇ ਧਰਨੇ ਨਾਲੋਂ 10 ਗੁਣਾਂ ਜਿਆਦਾ ਹੋਵੇਗੀ।’’ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਉਣ ਦੀ ਖਹਿਰਾ ਦੇ ਨੈਤਿਕ ਅਧਿਕਾਰ ’ਤੇ ਸਵਾਲ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ‘ਆਪ’ ਆਗੂ ਨੂੰ ਯਾਦ ਕਰਵਾਇਆ ਕਿ ਬੀਤੇ ਮਹੀਨੇ ਹੀ ਰਾਜਮਾਤਾ ਦੇ ਭੋਗ ਦੌਰਾਨ ਉਨ੍ਹਾਂ ਕੈਪਟਨ ਨੂੰ ‘ਦਰਵੇਸ਼ ਸਿਆਸਤਦਾਨ’ ਕਿਹਾ ਸੀ ਅਤੇ ਹੁਣ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਨੂੰ ਸਰਪ੍ਰਸਤੀ ਦੇਣ ਦੇ ਦੋਸ਼ ਲਗਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਸਿਰਫ ਇਹੀ ਨਹੀਂ, ਖਹਿਰਾ ਨੇ ਕਾਂਗਰਸ ਵਿਚ ਰਹਿੰਦਿਆਂ ਹਮੇਸ਼ਾਂ ਇਹੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਮਾਮਲੇ ਸਿਆਸੀ ਬਦਲਾਖੋਰੀ ਤਹਿਤ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਅਤੇ ਹੁਣ ਜਦੋਂ ਵਿਜੀਲੈਂਸ ਨੇ ਆਪਣੀ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਹੈ ਤਾਂ ਖਹਿਰਾ ਨੇ ਵਿਜੀਲੈਂਸ ਬਿਊਰੋ ਦੀ ਭਰੋਸੇਯੋਗਤਾ ਉੱਤੇ ਸਿਰਫ ਇਸ ਲਈ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿਉਂ ਕਿ ਉਹ ਖੁਦ ਹੁਣ ਕਾਂਗਰਸ ਪਾਰਟੀ ਵਿਚ ਨਹੀਂ ਹੈ। ਉਨ੍ਹਾਂ ਖਹਿਰੇ ਨੂੰ ਯਾਦ ਦਿਵਾਇਆਂ ਕਿ ਪਾਰਟੀਆਂ ਬਦਲਣ ਨਾਲ ਤੱਥ ਨਹੀਂ ਬਦਲ ਜਾਂਦੇ ਹੁੰਦੇ। ਉਨ੍ਹਾਂ ਕਿਹਾ ਕਿ ਖਹਿਰੇ ਦਾ ਨਾ ਕੋਈ ਮਜ਼ਬੂਤ ਸਿਆਸੀ ਆਧਾਰ ਹੈ ਅਤੇ ਨਾ ਹੀ ਕੋਈ ਸਿਆਸੀ ਸਿਧਾਂਤ ਹੈ। ਉਨ੍ਹਾਂ ਕਿਹਾ ਕਿ ਖਹਿਰੇ ਨੇ ਅਕਾਲੀ ਦਲ ਤੋਂ ਸਿਆਸੀ ਪਾਰੀ ਸ਼ੁਰੂ ਕੀਤੀ ਸੀ ਅਤੇ ਕਾਂਗਰਸ ਰਾਹੀਂ ਹੁੰਦਾ ਹੋਇਆ ਹੁਣ ਆਮ ਆਦਮੀ ਪਾਰਟੀ ਨਾਲ ਜਾ ਰਲਿਆ ਹੈ। ਰਾਣਾ ਗੁਰਜੀਤ ਨੇ ਕਿਹਾ ਕਿ ਕੁਝ ਪਤਾ ਨਹੀਂ ਖਹਿਰਾ ਸਿਆਸੀ ਤਾਕਤ ਦੀ ਭੁੱਖ ਪ੍ਰਾਪਤ ਕਰਨ ਲਈ ਭਾਜਪਾ ਵਰਗੀ ਕੋਈ ਹੋਰ ਸਿਆਸੀ ਪਾਰਟੀ ਕਦੋਂ ਜੁਆਇਨ ਕਰ ਲਵੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਸਿਆਸੀ ਪਾਰਟੀਆਂ ਬਦਲਣ ਕਰਕੇ ਖਹਿਰਾ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਚੁੱਕਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…