ਆਪ ਵਾਲੰਟੀਅਰਾਂ ਨੇ ਘੇਰਿਆ ਸੁਖਬੀਰ ਬਾਦਲ ਦਾ ‘ਸੁਖਵਿਲਾਸ ਹੋਟਲ’

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸੁਖਬੀਰ ਦੇ ਹੋਟਲ ਨੂੰ ਜ਼ਬਤ ਕੀਤਾ ਜਾਵੇਗਾ

ਕਿਸਾਨ ਆਤਮ ਹੱਤਿਆ ਕਰ ਰਹੇ ਹਨ ਅਤੇ ਬਾਦਲ ਪੰਜਾਬ ਨੂੰ ਲੁਟਣ ‘ਤੇ ਲਗੇ ਹੋਏ ਹਨ-ਜੱਸੀ ਜਸਰਾਜ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਮਾਜਰੀ, 9 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਰਾਘਵ ਚੱਢਾ, ਖਰੜ ਤੋਂ ਉਮੀਦਵਾਰ ਕੰਵਰ ਸੰਧੂ, ਸੂਬਾ ਮੀਤ ਪ੍ਰਧਾਨ ਜੱਸੀ ਜਸਰਾਜ ਅਤੇ ਦਿਨੇਸ਼ ਚੱਢਾ ਦੀ ਅਗਵਾਈ ਹੇਠ ਵਲੰਟੀਆਰਾਂ ਨੇ ਪਿੰਡ ਪੱਲਣਪੁਰ ਵਿੱਚ ਉਸਾਰੇ ਗਏ ‘ਸੁਖਵਿਲਾਸ ਰਿਜ਼ੋਰਟ ਤੇ ਸਪਾਅ’ ਦੇ ਬਾਹਰ ਬਾਦਲ ਪਰਿਵਾਰ ਦਾ ਜਬਰਦਸਤ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਸੁਖਬੀਰ ਬਾਦਲ ਦੁਅਰਾ ਲੁੱਟ ਬਣਾਏ ਅਜਿਹੇ ਸਾਰੇ ਹੋਟਲਾਂ ਨੂੰ ਜ਼ਬਤ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਕੰਵਰ ਸੰਧੂ ਨੇ ਕਿਹਾ ਕਿ ਇੱਕ ਸੜਕ ਬਣਾਉਣ ਲਈ ਸਰਕਾਰੀ ਖ਼ਜ਼ਾਨੇ ’ਚੋਂ 29 ਕਰੋੜ ਰੁਪਇਆਂ ਦੀ ਦੁਰਵਰਤੋਂ ਕੀਤੀ ਗਈ ਸੀ। ਸੁਖਬੀਰ ਬਾਦਲ ਨੇ ਮੋਹਾਲੀ ਵਿੱਚ ਵੀ ਸੜਕਾਂ ਦੀ ਰੂਪ-ਰੇਖਾ ਤਿਆਰ ਕੀਤੀ ਸੀ, ਤਾਂ ਜੋ ਉਹ ਮੁਹਾਲੀ ਦੇ ਹਵਾਈ ਅੱਡੇ ਤੋਂ ਆਪਣੇ ਰਿਜ਼ੌਰਟ ਤੱਕ ਇੱਕ ਸਿੱਧੀ ਪਹੁੰਚ ਮੁਹੱਈਆ ਕਰਵਾ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਓਬਰਾਏ ਗਰੁੱਪ ਨੂੰ ਵੀ ਉਸ ਰਿਜ਼ੋਰਟ ਵਿੱਚ ਸ਼ਾਮਲ ਕੀਤਾ, ਜਿਸ ਵਿੱਚ ਉਸ (ਸੁਖਬੀਰ) ਦੇ ਆਪਣੇ ਤੇ ਉਸ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੱਡਾ ਹਿੱਸਾ ਹੈ। ਉਨਾਂ ਕਿਹਾ ਕਿ ਸੁਖਬੀਰ ਦੇ ਰਿਜ਼ੌਰਟ ਵਿੱਚ ਇੱਕ ਵਿਲਾ ਦਾ ਇੱਕ ਰਾਤ ਦਾ ਕਿਰਾਇਆ 5 ਲੱਖ ਰੁਪਏ ਅਤੇ ਇੱਕ ਕਮਰੇ ਦਾ ਕਿਰਾਇਆ 35,000 ਰੁਪਏ ਹੈ। ਉਨਾਂ ਕਿਹਾ ਕਿ ਅਜਿਹੀਆਂ ਐਸ਼ ਪ੍ਰਸਤੀਆਂ ਪੰਜਾਬ ਦੀ ਜਨਤਾ ਲਈ ਤਾਂ ਹੋ ਨਹੀਂ ਸਕਦੀਆਂ, ਸਗੋਂ ਸੁਖਬੀਰ ਬਾਦਲ ਨੇ ਆਮ ਲੋਕਾਂ ਨੂੰ ਲੁੱਟ ਕੇ ਗ਼ੈਰ-ਕਾਨੂੰਨੀ ਢੰਗ ਨਾਲ ਅਰਬਾਂ ਰੁਪਏ ਇਸ ਰਿਜ਼ੌਰਟ ਉੱਤੇ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਸੁਖਵਿਲਾਸ ਰਿਜ਼ੌਰਟ ਤਾਂ ਬਾਦਲ ਪਰਿਵਾਰ ਵੱਲੋਂ ਲੋਕਾਂ ਦੀ ਸ਼ਰੇਆਮ ਕੀਤੀ ਲੁੱਟ ਦਾ ਸਮਾਰਕ ਹੈ।
ਬਾਦਲ ਪਰਿਵਾਰ ’ਤੇ ਵਰ੍ਹਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਨਾਂ ਨੇ ਸੂਬੇ ਵਿਚ ਸਰਕਾਰੀ ਟਰਾਂਸਪੋਰਟ ਨੂੰ ਤਬਾਹ ਕਰਕੇ ਆਪਣੇ ਖੁਦ ਦੇ ਵਪਾਰ ਨੂੰ ਵਧਾਵਾ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਪੰਜਾਬ ਰੋਡਵੇਜ ਅਤੇ ਪੈਪਸੂ ਦੀਆਂ ਬੱਸਾਂ ਰਾਹੀਂ ਮੁਫਤ ਧਾਰਮਿਕ ਯਾਤਰਾਵਾਂ ਕਰਵਾਉਣ ਦਾ ਕੁਲ 300 ਕਰੋੜ ਖਰਚ ਆਇਆ ਹੈ। ਜਦੋਂ ਕਿ ਬਾਦਲ ਪਰਿਵਾਰ ਦੀ ਪ੍ਰਾਇਵੇਟ ਬੱਸਾਂ ਦੀ ਕੰਪਨੀ ਵਿਚੋਂ ਇਕ ਵੀ ਬੱਸ ਇਸ ਕਾਰਜ ‘ਤੇ ਨਹੀਂ ਲਗਾਈ ਗਈ। ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਬਾਦਲ ਪਰਿਵਾਰ ਦੀਆਂ ਸਾਰੀਆਂ ਜਾਇਦਾਦਾਂ ਦੀ ਜਾਂਚ ਕਰਵਾ ਕੇ ਉਨਾਂ ਨੂੰ ਜਬਤ ਕੀਤਾ ਜਾਵੇਗਾ।
ਸ੍ਰੀ ਜੱਸੀ ਜਸਰਾਜ ਨੇ ਕਿਹਾ ਕਿ ਉੱਧਰ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ, ਪੜੇ-ਲਿਖੇ ਬੇਰੁਜ਼ਗਾਰ ਨੌਜਵਾਨ ਨੌਕਰੀਆਂ ਲਈ ਪਾਣੀਆਂ ਦੀਆਂ ਟੈਂਕੀਆਂ ਉੱਤੇ ਚੜ ਰਹੇ ਹਨ ਤੇ ਆਤਮਦਾਹ ਕਰਨ ਲਈ ਮਜਬੂਰ ਹੋ ਰਹੇ ਹਨ, ਅਧਿਆਪਕਾਂ ਉੱਤੇ ਪੁਲੀਸ ਲਾਠੀਚਾਰਜ ਕਰ ਰਹੀ ਹੈ ਤੇ ਅਜਿਹੇ ਵੇਲੇ ਸੁਖਬੀਰ ਬਾਦਲ ਆਪਣੇ ਸ਼ਾਹੀ ਰਿਜ਼ੋਰਟ ਦੀ ਉਸਾਰੀ ਕਰਵਾਉਣ ਵਿੱਚ ਰੁੱਝਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਰੇ ਸਾਲਾਂ ਦੌਰਾਨ ਬਾਦਲ ਨੇ ਪੰਜਾਬ ਦੀ ਜਨਤਾ ਨੂੰ ਕੇਵਲ ਝੂਠੇ ਸੁਫ਼ਨੇ ਹੀ ਵੇਚੇ ਹਨ ਅਤੇ ਉਨਾਂ ਨੂੰ ਹਰ ਪਾਸਿਓਂ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਅਤੇ ਬਿਕਰਮ ਮਜੀਠੀਆ ਨੇ ਗ਼ੈਰ-ਕਾਨੂੰਨੀ ਖਣਨ, ਸ਼ਰਾਬ ਅਤੇ ਨਸ਼ਿਆਂ ਦੇ ਕਾਰੋਬਾਰ ’ਚੋਂ ਅਥਾਹ ਦੌਲਤ ਕਮਾਈ ਹੈ। ਉਸ ਨੇ ਜਨਤਕ ਟਰਾਂਸਪੋਰਟ ਦੀ ਲਾਗਤ ਉੱਤੇ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਖ਼ੂਬ ਵਧਾ ਲਿਆ ਹੈ ਅਤੇ ਪੰਜਾਬ ਰੋਡਵੇਜ਼ ਅਤੇ ਪੈਪਸੂ ਨੂੰ ਵੱਡੇ ਘਾਟਿਆਂ ਵੱਲ ਧੱਕ ਦਿੱਤਾ ਹੈ। ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਰਿਜ਼ੌਰਟ ਵਾਤਾਵਰਨ ਨੇਮਾਂ ਦੀ ਉਲੰਘਣਾ ਕਰ ਕੇ ਸੀਸਵਾਂ ਵਣ ਰੇਂਜ ਵਿੱਚ ਸਥਾਪਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਗ੍ਰੀਨ ਟ੍ਰਿਬਿਊਨਲ ਨੇ ਪਹਿਲਾਂ ਹੀ ਪੰਜਾਬ ਸਰਕਾਰ ਤੋਂ ਵਣ ਖੇਤਰ ਵਿੱਚ ਇਸ ਰਿਜ਼ੌਰਟ ਦੀ ਸਥਾਪਨਾ ਲਈ ਦਿੱਤੀਆਂ ਮਨਜ਼ੂਰੀਆਂ ਦੀ ਵਿਆਖਿਆ ਮੰਗੀ ਹੋਈ ਹੈ। ਉਨਾਂ ਕਿਹਾ ਕਿ ਬਾਦਲ ਪਰਿਵਾਰ ਦੇ ਮੈਂਬਰਾਂ ਦੀ ਦੌਲਤ ਪਿਛਲੇ 10 ਵਰਿਆਂ ਦੌਰਾਨ ਕਈ ਗੁਣਾ ਵਧ ਗਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਇਨ੍ਹਾਂ 10 ਵਰਿਆਂ ਦੇ ਕਾਰਜਕਾਲ ਦੌਰਾਨ ਬਾਦਲ ਪਰਿਵਾਰ ਵੱਲੋਂ ਬਣਾਈਆਂ ਸਾਰੀਆਂ ਸੰਪਤੀਆਂ ਦੀ ਜਾਂਚ ਕਰਵਾਏਗੀ ਅਤੇ ਉਨਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕਰੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…