
ਸੁਖਵੰਤ ਸਿੰਘ ਬਦੇਸਾ ਮਾਲਵਾ ਸੁਸਾਇਟੀ ਦੇ ਪ੍ਰਧਾਨ ਬਣੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਸਮਾਜ ਸੇਵਾ ਅਤੇ ਸਭਿਆਚਾਰ ਖੇਤਰ ਵਿੱਚ ਪਿਛਲੇ ਵੀਹ ਸਾਲਾਂ ਤੋਂ ਸਰਗਰਮ ਮਾਲਵਾ ਕਲਚਰਲ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਅੱਜ ਇਥੇ ਹੋਏ ਸਾਲਾਨਾ ਜਨਰਲ ਇਜਲਾਸ ਵਿੱਚ ਸੁਖਵੰਤ ਸਿੰਘ ਬਦੇਸਾ ਨੂੰ ਸਰਬਸੰਮਤੀ ਨਾਲ ਅਗਲੇ ਸਾਲ ਲਈ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰੈਸ ਸਕੱਤਰ ਬਲਵੀਰ ਸਿੰਘ ਭਿਓਰਾ ਨੇ ਦੱਸਿਆ ਕਿ ਉਨ੍ਹਾਂ ਤੋਂ ਬਿਨਾਂ ਜਗਜੀਤ ਸਿੰਘ ਸ਼ੇਰਗਿੱਲ ਨੂੰ ਜਨਰਲ ਸਕੱਤਰ, ਰਣਜੀਤ ਸਿੰਘ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਾਵਾ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਨਵੀਂ ਚੁਣੀ ਗਈ ਅਹੁਦੇਦਾਰਾਂ ਦੀ ਇਹ ਟੀਮ ਸੁਸਾਇਟੀ ਦੀ ਰਵਾਇਤ ਅਨੁਸਾਰ ਲੋਹੜੀ ਵਾਲੇ ਦਿਨ ਹੋਣ ਵਾਲੇ ਸਮਾਗਮ ਮੌਕੇ ਆਪਣਾ ਕਾਰਜਭਾਰ ਸੰਭਾਲੇਗੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਮਾਲਵਾ ਕਲਚਰਲ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਪਿਛਲੇ ਦੋ ਦਹਾਕਿਆਂ ਤੋਂ ਸਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਹੈ। ਇਸ ਸੁਸਾਇਟੀ ਦੇ ਕਲਾਕਾਰਾਂ ਨੇ ਪੰਜਾਬ ਦੇ ਸਾਰੇ ਲੋਕ ਨਾਚ ਸੰਭਾਲ ਕੇ ਰੱਖੇ ਹੋਣ ਦੇ ਨਾਲ-ਨਾਲ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਅੌਲਖ ਦੇ ਸਾਰੇ ਨਾਟਕ ਵੀ ਖੇਡੇ ਹਨ। ਆਪਣੇ ਸਾਲਾਨਾ ਪ੍ਰੋਗਰਾਮ ‘ਮੋਹ ਮਾਲਵੇ ਦਾ’ ਵਿੱਚ ਮਾਲਵਾ ਸੁਸਾਇਟੀ ਵੱਲੋਂ ਹਰ ਵਰ੍ਹੇ ਪੰਜਾਬੀ ਸਭਿਆਚਾਰ ਦੀ ਕਿਸੇ ਨਾ ਕਿਸੇ ਵੰਨਗੀ ਉੱਤੇ ਆਧਾਰਿਤ ਪ੍ਰੋਗਰਾਮ ਪੇਸ਼ ਕਰਦੀ ਹੈ। ਸੁਸਾਇਟੀ ਨੇ ਪਿਛਲੇ ਦਿਨੀਂ ਪੰਜਾਬੀ ਦੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੇ ਗੀਤਾਂ ਉੱਤੇ ਅਧਾਰਤ ਪ੍ਰੋਗਰਾਮ ਕਾਫ਼ੀ ਸਲਾਹਿਆ ਗਿਆ ਸੀ।