
ਸੁਖਵਿੰਦਰ ਕੌਰ ਨੂੰ ਡੇਢ ਦਹਾਕੇ ਦੇ ਲੰਮੇ ਸੰਘਰਸ਼ ਬਾਅਦ ਮਿਲੀ ਪਰਿਵਾਰਕ ਪੈਨਸ਼ਨ
ਨਬਜ਼-ਏ-ਪੰਜਾਬ, ਮੁਹਾਲੀ, 10 ਸਤੰਬਰ:
ਮੁਹਾਲੀ ਦੇ ਸੈਕਟਰ-71 ਵਿੱਚ ਰਹਿੰਦੀ ਮਰਹੂਮ ਸਾਬਕਾ ਫੌਜੀ ਦੀ ਸਪੁੱਤਰੀ ਸੁਖਵਿੰਦਰ ਕੌਰ ਨੂੰ 18 ਸਾਲ ਦੇ ਲੰਮੇ ਸੰਘਰਸ਼ ਤੋਂ ਬਾਅਦ ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਦੇ ਯਤਨਾਂ ਸਦਕਾ ਪਰਿਵਾਰਕ ਪੈਨਸ਼ਨ ਸਬੰਧੀ ਪੂਰਾ ਨਿਆਂ ਹਾਸਲ ਹੋਇਆ ਹੈ। ਸੁਖਵਿੰਦਰ ਕੌਰ (63) ਦਮੇ ਦੀ ਬਿਮਾਰੀ ਤੋਂ ਪੀੜਤ ਹੈ। ਐਕਸ ਸਰਵਿਸਮੈਨ ਗ੍ਰੀਵੈਂਸਿਜ਼ ਸੈੱਲ ਦੇ ਪ੍ਰਧਾਨ ਲੈਫ਼ਟੀਨੈਂਟ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਦੱਸਿਆ ਕਿ ਸੁਖਵਿੰਦਰ ਕੌਰ ਨੂੰ 18 ਸਾਲਾਂ ਦੇ ਸੰਘਰਸ਼ ਤੋਂ ਬਾਅਦ ਹੁਣ ਪੂਰਾ ਇਨਸਾਫ਼ ਮਿਲਿਆ ਹੈ। ਉਹ ਮਰਹੂਮ ਸੂਬੇਦਾਰ ਮੇਜਰ (ਆਨਰੇਰੀ ਲੈਫ਼ਟੀਨੈਂਟ) ਸੌਦਾਗਰ ਸਿੰਘ ਬੱਲ ਦੀ ਧੀ ਹੈ।
ਕਰਨਲ ਸੋਹੀ ਨੇ ਦੱਸਿਆ ਸੁਖਵਿੰਦਰ ਕੌਰ 2005 ਵਿੱਚ ਮਦਦ ਲਈ ਉਨ੍ਹਾਂ ਕੋਲ ਆਈ ਸੀ। ਉਹ ਅਸਥਮਾ ਕਾਰਨ ਇੱਕ ਤਰ੍ਹਾਂ ਨਾਲ ਅਪਾਹਜ ਹੈ। ਉਨ੍ਹਾਂ ਦੀ ਸੰਸਥਾ ਨੇ 20 ਅਗਸਤ 2005 ਨੂੰ ਬੀਈਜੀ ਰੁੜਕੀ (ਆਰਮੀ) ਨਾਲ ਤੱਥਾਂ ਦੇ ਆਧਾਰ ’ਤੇ ਉਸਦਾ ਕੇਸ ਸ਼ੁਰੂ ਕੀਤਾ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਧੀਆਂ ਪਰਿਵਾਰਕ ਪੈਨਸ਼ਨ ਲਈ ਹੱਕਦਾਰ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਤਰਕਪੂਰਨ ਕਾਰਨ ਇਹ ਸਨ ਕਿ ਸੁਖਵਿੰਦਰ ਕੌਰ ਪੂਰੀ ਤਰ੍ਹਾਂ ਆਪਣੇ ਪਿਤਾ ਉੱਤੇ ਨਿਰਭਰ ਸੀ, ਜਿਨ੍ਹਾਂ ਦੀ ਮੌਤ 11 ਜੁਲਾਈ 2005 ਨੂੰ ਹੋ ਗਈ ਸੀ। ਤਿੰਨ ਸਾਲ ਬਾਅਦ ਉਸ ਦੀ ਮਾਤਾ ਕੁਲਵੰਤ ਕੌਰ ਵੀ ਚੱਲ ਵਸੀ। ਸੁਖਵਿੰਦਰ ਅਣਵਿਆਹੀ ਹੈ ਅਤੇ ਉਸ ਕੋਲ ਆਮਦਨ ਦਾ ਕੋਈ ਵਸੀਲਾ ਵੀ ਨਹੀਂ ਸੀ। ਜਿਸ ਕਾਰਨ ਉਹ ਆਪਣਾ ਗੁਜ਼ਾਰਾ ਚਲਾਉਣ ਤੋਂ ਅਸਮਰਥ ਸੀ।
ਕਰਨਲ ਸੋਹੀ ਨੇ ਕਿਹਾ ਕਿ ਫੌਜ ਨੇ ਇਸ ਮਾਮਲੇ ਨੂੰ ਸਕਾਰਾਤਮਿਕ ਅਤੇ ਹਮਦਰਦੀ ਨਾਲ ਵਿਚਾਰਿਆ। ਕੱੁਝ ਨਿਰੀਖਣਾਂ ਤੋਂ ਬਾਅਦ ਉਸ ਨੂੰ ਪਰਿਵਾਰਕ ਪੈਨਸ਼ਨ ਅਤੇ ਅਪੰਗਤਾ ਪੈਨਸ਼ਨ ਵੀ ਦਿੱਤੀ ਗਈ ਸੀ ਪਰ ਸੂਬੇਦਾਰ ਮੇਜਰ ਰੈਂਕ ਤੱਕ ਦੀ ਸੀ, ਨਾ ਕਿ ਆਨਰੇਰੀ ਲੈਫ਼ਟੀਨੈਂਟ ਰੈਂਕ ਦੀ। ਕਰਨਲ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਨੇ ਸੁਖਵਿੰਦਰ ਕੌਰ ਲਈ ਆਨਰੇਰੀ ਲੈਫ਼ਟੀਨੈਂਟ ਰੈਂਕ ਦੀ ਪੈਨਸ਼ਨ ਜਾਰੀ ਕਰਨ ਦੀ ਗੁਹਾਰ ਲਗਾਈ ਪ੍ਰੰਤੂ ਪੱਤਰ-ਵਿਹਾਰ ਤੋਂ ਬਾਅਦ ਫੌਜ ਨੇ ਸੰਸਥਾ ਦੀ ਅਪੀਲ ਨੂੰ ਮਨਜ਼ੂਰ ਨਹੀਂ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀ ਸੰਸਥਾ ਨੇ ਇਨਸਾਫ਼ ਲਈ ਅਦਾਲਤ ਦਾ ਸਹਾਰਾ ਲਿਆ ਅਤੇ 2016 ਵਿੱਚ ਆਰਮਡ ਫੋਰਸਿਜ਼ ਟ੍ਰਿਬਿਊਨਲ (ਏਐਫ਼ਟੀ) ਵਿੱਚ ਕੇਸ ਦਾਇਰ ਕੀਤਾ। ਕਰਨਲ ਸੋਹੀ ਨੇ ਕਿਹਾ ਕਿ ਫੌਜ ਇਹ ਤਰਕ ਦੇ ਰਹੀ ਸੀ ਕਿ ਸੂਬੇਦਾਰ ਮੇਜਰ ਸੌਦਾਗਰ ਸਿੰਘ ਬੱਲ ਨੂੰ ਸੇਵਾਮੁਕਤੀ ਤੋਂ ਬਾਅਦ 26.1.1980 (ਗਣਤੰਤਰ ਦਿਵਸ) ਨੂੰ ਲੈਫ਼ਟੀਨੈਂਟ ਦਾ ਆਨਰੇਰੀ ਰੈਂਕ ਦਿੱਤਾ ਗਿਆ ਸੀ, ਇਸ ਲਈ ਆਨਰੇਰੀ ਰੈਂਕ ਪੈਨਸ਼ਨ ਦਾ ਹੱਕਦਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੰਸਥਾ ਦੇ ਵਕੀਲ ਐਸਐਨ ਅੋਝਾ ਨੇ ਨੋਟੀਫ਼ਿਕੇਸ਼ਨ ਪੇਸ਼ ਕੀਤਾ, ਜਿਸ ਵਿੱਚ ਲਿਖਿਆ ਸੀ ਕਿ ਆਨਰੇਰੀ ਰੈਂਕ ਦਾ ਐਲਾਨ 26.1.1980 ਨੂੰ ਕੀਤਾ ਗਿਆ ਸੀ ਪਰ ਇਹ ਉਸਦੀ ਸੇਵਾ ਦੇ ਆਖ਼ਰੀ ਦਿਨ 31.12.1979 ਤੋਂ ਲਾਗੂ ਸੀ। ਜੱਜ ਨੇ ਇਸ ਦਾ ਨੋਟਿਸ ਲਿਆ ਅਤੇ 1.1.1980 ਤੋਂ 20.8.2005 ਤੱਕ ਆਨਰੇਰੀ ਲੈਫ਼ਟੀਨੈਂਟ ਪੈਨਸ਼ਨ ਅਤੇ ਉਸ ਤੋਂ ਬਾਅਦ ਪਰਿਵਾਰਕ ਪੈਨਸ਼ਨ ਵਿੱਚ ਦੇਰੀ ਲਈ 15 ਫੀਸਦੀ ਵਿਆਜ ਸਮੇਤ ਪੈਸੇ ਜਾਰੀ ਕਰਨ ਦਾ ਹੁਕਮ ਦਿੱਤਾ। ਸੁਖਵਿੰਦਰ ਕੌਰ ਨੂੰ 1 ਜਨਵਰੀ 1980 ਤੋਂ ਕੁੱਲ 27,000+ 10,000 ਰੁਪਏ ਦਾ ਵਾਧਾ ਅਤੇ ਬਕਾਏ 4 ਮਹੀਨੇ ਦੇ ਅੰਦਰ ਮਿਲਣਗੇ। ਇਸ ਤਰ੍ਹਾਂ ਉਸ ਨੂੰ ਕਰੀਬ ਡੇਢ ਦਹਾਕੇ ਬਾਅਦ ਪੂਰਾ ਇਨਸਾਫ਼ ਹਾਸਲ ਹੋਇਆ ਹੈ।