Nabaz-e-punjab.com

ਮੁਲਤਾਨੀ ਕੇਸ: ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੇ ਰਹੇ ਹਨ ਸਾਬਕਾ ਡੀਜੀਪੀ ਸੁਮੇਧ ਸੈਣੀ

ਸੈਣੀ ਨੂੰ ਕਾਨੂੰਨ ਤੋਂ ਭੱਜਣ ਦੀ ਬਜਾਏ ਆਪਣੇ ਆਪ ਨੂੰ ਪੁਲੀਸ ਦੇ ਹਵਾਲੇ ਕਰਨਾ ਚਾਹੀਦਾ ਐ: ਪੀਰ ਮੁਹੰਮਦ

ਸੈਣੀ ’ਤੇ 29 ਸਾਲ ਪਹਿਲਾਂ ਨੌਜਵਾਨ ਨੂੰ ਘਰੋਂ ਅਗਵਾ ਕਰਕੇ ਭੇਤਭਰੀ ਹਾਲਤ ’ਚ ਗਾਇਬ ਕਰਨ ਦਾ ਦੋਸ਼

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੇ ਰਹੇ ਹਨ। ਤਿੰਨ ਦਹਾਕੇ ਪਹਿਲਾਂ ਐਸਐਸਪੀ ਦੇ ਅਹੁਦੇ ’ਤੇ ਤਾਇਨਾਤੀ ਦੌਰਾਨ ਉਹ ਸਿੱਖਾਂ ਅਤੇ ਖਾੜਕੂਵਾਦ ਲਹਿਰ ਦੇ ਨਿਸ਼ਾਨੇ ’ਤੇ ਰਹੇ ਹਨ ਅਤੇ ਧੱਕੇਸ਼ਾਹੀ ਅਤੇ ਨਾ-ਇਨਸਾਫ਼ੀ ਦੇ ਦੋਸ਼ਾਂ ਨੇ ਉਨ੍ਹਾਂ ਦਾ ਡੀਜੀਪੀ ਬਣਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ। ਉਧਰ, ਆਮ ਲੋਕਾਂ ਅਤੇ ਵੱਡੇ ਵੱਡਿਆਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਵਾਲਾ ਇਹ ਸ਼ਖ਼ਸ ਮੌਜੂਦਾ ਸਮੇਂ ਵਿੱਚ ਹੁਣ ਉਸੇ ਕਾਨੂੰਨ ਦਾ ਭਗੌੜਾ ਹੋ ਗਿਆ ਹੈ। ਸੈਣੀ ਗ੍ਰਿਫ਼ਤਾਰੀ ਤੋਂ ਬਚਨ ਲਈ ਰੂਪੋਸ਼ ਹੋ ਗਿਆ ਹੈ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਵੀ ਪੂਰੇ ਜੋਰਾਂ ’ਤੇ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਕਿਸੇ ਰਸੂਖਦਾਰ ਦੇ ਘਰ ਪਨਾਹ ਲਈ ਹੋਈ ਹੈ। ਜਿਸ ਕਾਰਨ ਪੁਲੀਸ ਦੇ ਲੰਮੇ ਹੱਥ ਸੈਣੀ ਤੱਕ ਨਹੀਂ ਪਹੁੰਚ ਰਹੇ ਹਨ ਅਤੇ ਇਸ ਸਬੰਧੀ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਸੈਣੀ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ, ਕਹਿ ਕੇ ਗੱਲ ਨੂੰ ਟਾਲਿਆ ਜਾ ਰਿਹਾ ਹੈ।
ਮੁਹਾਲੀ ਦੇ ਮਟੌਰ ਥਾਣੇ ਵਿੱਚ ਉਸ ਦੇ ਖ਼ਿਲਾਫ਼ ਪਹਿਲਾਂ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ ਪ੍ਰੰਤੂ ਬਾਅਦ ਵਿੱਚ ਪੀੜਤ ਪਰਿਵਾਰ ਅਤੇ ਸਰਕਾਰ ਦੀ ਅਪੀਲ ’ਤੇ ਸਾਬਕਾ ਪੁਲੀਸ ਅਧਿਕਾਰੀ ਖ਼ਿਲਾਫ਼ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਗਿਆ ਅਤੇ ਮੁਹਾਲੀ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ। ਜਿਸ ਕਾਰਨ ਹੁਣ ਉਹ ਆਪਣੀ ਗ੍ਰਿਫ਼ਤਾਰੀ ਤੋਂ ਡਰੋਂ ਕਾਨੂੰਨ ਤੋਂ ਛੁਪਦਾ ਫਿਰ ਰਿਹਾ ਹੈ। ਪੰਜਾਬ ਵਿੱਚ ਅਜਿਹਾ ਵੀ ਸਮਾਂ ਆਇਆ ਜਦੋਂ ਸੈਣੀ ਦੀ ਦਹਿਸ਼ਤ ਤੋਂ ਵੱਡੇ ਵੱਡਿਆਂ ਨੂੰ ਵੀ ਕੰਬਣੀ ਛਿੜ ਜਾਂਦੀ ਸੀ ਪ੍ਰੰਤੂ ਜਦੋਂ ਉਹ ਡੀਜੀਪੀ ਬਣੇ ਤਾਂ ਸਿਆਸਤਦਾਨਾਂ ਦੇ ਅੱਗੇ ਐਨੇ ਬੌਣੇ ਬਣ ਗਏ ਕਿ ਰਾਜਸੀ ਲੋਕਾਂ ਨੇ ਉਨ੍ਹਾਂ ਨੂੰ ਆਪਣੀ ਜੇਬ ਵਿੱਚ ਪਾ ਲਿਆ। ਪਿਛਲੀ ਸਰਕਾਰ ਦੌਰਾਨ ਉਨ੍ਹਾਂ ’ਤੇ ਸਿੱਖਾਂ ਦਾ ਕਾਤਲ ਹੋਣ ਦੇ ਕਥਿਤ ਦੋਸ਼ ਵੀ ਲਗਦੇ ਰਹੇ ਹਨ ਅਤੇ ਵੱਡੇ ਪੱਧਰ ’ਤੇ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ ਪ੍ਰੰਤੂ ਉਸ ਸਮੇਂ ਦੇ ਹੁਕਮਰਾਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਉਨ੍ਹਾਂ ਦਾ ਅਹੁਦਾ ਬਰਕਰਾਰ ਰੱਖਿਆ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਮੱਖਣ ਸਿੰਘ ਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਸੈਣੀ ਮਾਮਲੇ ਵਿੱਚ ਪੁਲੀਸ ਮਹਿਜ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਣੀ ਖ਼ਿਲਾਫ਼ ਗੰਭੀਰ ਦੋਸ਼ ਹਨ। ਲਿਹਾਜ਼ਾ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਸੈਣੀ ਦੇ ਜੈੱਡ ਪਲੱਸ ਸੁਰੱਖਿਆ ਛੱਡ ਕੇ ਰੂਪੋਸ਼ ਹੋਣ ’ਤੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਜੇਕਰ ਉੱਚ ਅਧਿਕਾਰੀ ਕਾਨੂੰਨ ਤੋਂ ਭੱਜਣਗੇ ਜਾਂ ਉਨ੍ਹਾਂ ਨੂੰ ਭੱਜਣ ਦਿੱਤਾ ਜਾਵੇਗਾ ਤਾਂ ਆਮ ਲੋਕਾਂ ਦਾ ਕਾਨੂੰਨ ’ਤੇ ਭਰੋਸਾ ਉੱਠ ਜਾਵੇਗਾ।
ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਸ਼ਵ ਭਰ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੀਆਂ ਨਜ਼ਰਾਂ ਸੈਣੀ ਕੇਸ ’ਤੇ ਲੱਗੀਆਂ ਹੋਈਆਂ ਹਨ। ਲੋਕ ਇਹ ਸੋਚ ਰਹੇ ਹਨ ਕਿ ਸੈਣੀ ਕਾਨੂੰਨ ਨੂੰ ਹੋਰ ਕਿੱਥੋਂ ਤੱਕ ਉਲਝਾ ਕੇ ਰੱਖੇਗਾ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਕਾਨੂੰਨ ਦਾ ਰਖਵਾਲਾ ਅਖਵਾਉਣ ਵਾਲੇ ਸੁਮੇਧ ਸੈਣੀ ਨੂੰ ਹੁਣ ਖ਼ੁਦ ਹੀ ਅਦਾਲਤ ਜਾਂ ਪੁਲੀਸ ਕੋਲ ਆਤਮ ਸਮਰਪਣ ਕਰਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ। ਕਿਉਂÎਕ ਇਸੇ ਕਾਨੂੰਨ ਦੀ ਆੜ ਵਿੱਚ ਉਹ ਲੰਮਾ ਸਮਾਂ ਪੰਜਾਬ ਵਿੱਚ ਨੌਜਵਾਨਾਂ ’ਤੇ ਜੁਲਮ ਢਹਾਉਂਦਾ ਰਿਹਾ ਹੈ।

Load More Related Articles

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…