Nabaz-e-punjab.com

ਪੰਜਾਬ ਵਿੱਚ ਕਰੋਨਾ ਕਾਰਨ ਦੋ ਮਹੀਨੇ ਪਹਿਲਾਂ ਹੀ ਕੀਤੀਆਂ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ

ਕੈਪਟਨ ਸਰਕਾਰ ਨੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਵੀ ਕੀਤੀਆਂ ਰੱਦ

ਪੰਜਵੀਂ ਤੇ ਅੱਠਵੀਂ ਲਈ ਹੋਰ ਪ੍ਰੀਖਿਆ ਲਏ ਬਿਨਾਂ ਨਤੀਜੇ ਐਲਾਨੇਗਾ ਪੰਜਾਬ ਸਕੂਲ ਸਿੱਖਿਆ ਬੋਰਡ: ਸਿੰਗਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਪਰੈਲ:
ਪੰਜਾਬ ਵਿੱਚ ਐਤਕੀਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੋ ਮਹੀਨੇ ਪਹਿਲਾਂ ਹੀ ਕਰ ਦਿੱਤੀਆਂ ਹਨ। ਅਜਿਹਾ ਮੌਜੂਦਾ ਸਮੇਂ ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਫੈਲਣ ਕਾਰਨ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਭਲਕੇ 11 ਅਪਰੈਲ ਤੋਂ 10 ਮਈ ਤੱਕ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ ਜਦੋਂਕਿ ਇਸ ਤੋਂ ਪਹਿਲਾਂ ਹਰੇਕ 1 ਜੂਨ ਤੋਂ 30 ਜੂਨ ਤੱਕ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ ਸਨ, ਕਿਉਂਕਿ ਇਨ੍ਹਾਂ ਦਿਨਾਂ ਗਰਮੀ ਪੂਰੇ ਜੋਬਨ ’ਤੇ ਹੁੰਦੀ ਸੀ ਅਤੇ ਹੱਡ ਚੀਰਵੀਂ ਲੂੰ ਅਤੇ ਤੇਜ਼ ਧੁੱਪ ਤੋਂ ਬਚਾਉਣ ਤੋਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਜਾਂਦੀਆਂ ਸਨ ਪਰ ਇਸ ਵਾਰ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਲਾਕਡਾਊਨ ਕਾਰਨ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਹੁਣ ਇਕ ਮਹੀਨੇ ਲਈ ਗਰਮੀ ਦੀਆਂ ਛੁੱਟੀਆਂ 11 ਅਪਰੈਲ ਤੋਂ ਸ਼ੁਰੂ ਹੋਣਗੀਆਂ ਤੇ 10 ਮਈ ਤੱਕ ਚੱਲਣਗੀਆਂ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਇਹ ਵੀ ਫੈਸਲਾ ਕੀਤਾ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਰਫਿਊ ਤੋਂ ਪਹਿਲਾਂ ਜਿਹੜੇ ਪੇਪਰ ਦੇ ਦਿੱਤੇ ਸਨ, ਉਨ੍ਹਾਂ ਦੇ ਆਧਾਰ ’ਤੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਭੇਜ ਦੇਵੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਕਰਫਿਊ ਕਾਰਨ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਕਾਰਨ ਮਾਪੇ ਚਿੰਤਤ ਸਨ ਅਤੇ ਛੁੱਟੀਆਂ ਜਲਦੀ ਕਰਨ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ 11 ਅਪਰੈਲ ਤੋਂ ਛੁੱਟੀਆਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਪਰ ਉਹ ਆਪਣੀ ਲੋੜ ਅਨੁਸਾਰ ਇਨ੍ਹਾਂ ਛੁੱਟੀਆਂ ਦੀ ਮਿਆਦ ਵਧਾਉਣ ਲਈ ਆਜ਼ਾਦ ਹਨ।
(ਬਾਕਸ ਆਈਟਮ)
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਲੱਗਣ ਤੋਂ ਪਹਿਲਾਂ ਪੰਜਵੀਂ ਜਮਾਤ ਦੇ ਤਿੰਨ ਪੇਪਰ ਲਏ ਸਨ ਅਤੇ ਹੁਣ ਪੰਜਾਬ ਕੈਬਨਿਟ ਨੇ ਬਾਕੀ ਰਹਿੰਦੇ ਦੋ ਪੇਪਰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇੰਜ ਹੀ ਅੱਠਵੀਂ ਜਮਾਤ ਦੇ ਪ੍ਰੈਕਟੀਕਲ ਪ੍ਰੀਖਿਆਵਾਂ ਬਕਾਇਆ ਸਨ ਪਰ ਹੁਣ ਬੋਰਡ ਦੋਵਾਂ ਕਲਾਸਾਂ ਲਈ ਕੋਈ ਹੋਰ ਪੇਪਰ ਲਏ ਬਗੈਰ ਹੀ ਇਨ੍ਹਾਂ ਜਮਾਤਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀ ਅਗਲੀ ਕਲਾਸਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…