
ਗਰਮੀ ਦਾ ਸੀਜ਼ਨ ਸ਼ੁਰੂ: ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਹੋਇਆ ਜਲ ਸਪਲਾਈ ਵਿਭਾਗ
ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਵਸੂਲਿਆ ਜਾਵੇਗਾ ਜੁਰਮਾਨਾ, ਕੁਨੈਕਸ਼ਨ ਵੀ ਜਾ ਸਕਦੈ ਕੱਟਿਆ
ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਗਰਮੀ ਦਾ ਮੌਸਮ ਸ਼ੁਰੂ ਹੋਣ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਅਗਲੇ ਹੁਕਮਾਂ ਤੱਕ ਪਾਣੀ ਦੀ ਦੁਰਵਰਤੋਂ ਕਰਨ ਦੀ ਸਖ਼ਤ ਮਨਾਹੀ ਦੇ ਹੁਕਮ ਜਾਰੀ ਹਨ। ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸਾਫ਼, ਸੁਰੱਖਿਅਤ ਅਤੇ ਪੂਰੇ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਕਰਨ ਅਤੇ ਗਰਮੀਆਂ ਦੇ ਮੌਸਮ ਵਿੱਚ ਪਾਣੀ ਦੀ ਥੁੜ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਕੋਲ ਪਾਣੀ ਦੀ ਕੋਈ ਕਮੀ ਨਹੀਂ ਹੈ ਪ੍ਰੰਤੂ ਗਰਮੀਆਂ ਵਿੱਚ ਅਕਸਰ ਪਾਣੀ ਘੱਟ ਪੈ ਜਾਂਦਾ ਹੈ ਅਤੇ ਮੰਗ ਵਧੇਰੇ ਵਧ ਜਾਂਦੀ ਹੈ। ਇਸ ਲਈ ਲੋਕਾਂ ਦੀ ਪਿਆਸ ਬੁਝਾਉਣ ਲਈ ਪੀਣ ਵਾਲੇ ਪਾਣੀ ਨੂੰ ਸੰਜਮ ਨਾਲ ਵਰਤਿਆ ਜਾਵੇ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ ਨੰਬਰ-2 ਦੇ ਕਾਰਜਕਾਰੀ ਇੰਜੀਨੀਅਰ ਮਾਇਕਲ ਵੱਲੋਂ ਜਾਰੀ ਤਾਜ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਘਰ ਵਿੱਚ ਬਗੀਚਿਆਂ, ਗਮਲਿਆਂ ਆਦਿ ਨੂੰ ਸਵੇਰੇ ਪਾਣੀ ਦੀ ਸਪਲਾਈ ਦੌਰਾਨ ਪਾਣੀ ਲਗਾਉਣਾ, ਸਕੂਟਰ, ਕਾਰਾਂ ਜਾਂ ਹੋਰ ਗੱਡੀਆਂ ਦਾ ਟੁੱਟੀ ਤੋਂ ਸਿੱਧਾ ਪਾਈਪ ਲਗਾ ਕੇ ਧੋਣਾ, ਵਿਹੜੇ, ਫ਼ਰਸ਼, ਸੜਕਾਂ ਦੀ ਸਫ਼ਾਈ, ਟੂਲੂ ਪੰਪ ਨੂੰ ਸਿੱਧੇ ਪਾਈਪਲਾਈਨ ਦੇ ਉੱਪਰ ਲਗਾ ਕੇ ਵਰਤੋਂ ਕਰਨਾ, ਫਰੂਲ ਤੋਂ ਮੀਟਰ ਤੱਕ ਪਾਈਪ ਵਿੱਚ ਕੋਈ ਵੀ ਲੀਕੇਜ, ਘਰ ਦੇ ਛੱਤ ਉੱਪਰ ਰੱਖੇ ਗਏ ਟੈਂਕ, ਡੈਜਰਟ ਕੂਲਰਾਂ ਦਾ ਓਵਰ ਫਲੋਅ ਕਰਨਾ ਆਦਿ ਪਾਣੀ ਦੀ ਦੁਰਵਰਤੋਂ ਕਰਨ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਮਕਾਨ ਜਾਂ ਕੋਠੀ ਵਿੱਚ ਕੋਈ ਕਿਰਾਏਦਾਰ ਜਾਂ ਘਰ ਵਿੱਚ ਕੰਮ ਕਰਨ ਵਾਲਾ ਨੌਕਰ, ਨੌਕਰਾਣੀ ਪਾਣੀ ਦੀ ਦੁਰਵਰਤੋਂ ਕਰਦਾ ਪਾਇਆ ਗਿਆ ਤਾਂ ਉਸ ਦੀ ਉਲੰਘਣਾ ਕਾਰਨ ਜੁਰਮਾਨਾ ਸਬੰਧਤ ਮਕਾਨ ਮਾਲਕ ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲੀ ਉਲੰਘਣਾ ਕਰਨ ’ਤੇ ਖਪਤਕਾਰ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਦੂਜੀ ਵਾਰ ਉਲੰਘਣਾ ਕਰਨ ’ਤੇ ਖਪਤਕਾਰ ਨੂੰ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਜੋ ਪਾਣੀ ਦੇ ਬਿੱਲ ਵਿੱਚ ਲਗਾ ਕੇ ਭੇਜਿਆ ਜਾਵੇਗਾ। ਤੀਜੀ ਵਾਰ ਉਲੰਘਣਾ ਕਰਨ ਵਾਲੇ ਖਪਤਕਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਦਿੱਤੇ ਬਿਨਾਂ ਹੀ ਉਸ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਅਧਿਕਾਰੀ ਨੇ ਦੱਸਿਆ ਕਿ ਖਪਤਕਾਰ ਨੂੰ 5000 ਰੁਪਏ ਜੁਰਮਾਨਾ ਅਤੇ ਹਲਫ਼ੀਆ ਬਿਆਨ ਲੈਣ ਤੋਂ ਬਾਅਦ ਹੀ ਕੁਨੈਕਸ਼ਨ ਲਗਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਸਬੰਧੀ ਫ਼ੈਸਲਾ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਕੋਲ ਹੀ ਹੋਵੇਗਾ।