Nabaz-e-punjab.com

ਸਕੂਲ ਅਧਿਆਪਕਾ ਦੇ ਕਤਲ ਦੇ ਮਾਮਲੇ ਵਿੱਚ ਸੁਪਾਰੀ ਕਿਲਰ ਗ੍ਰਿਫ਼ਤਾਰ

ਅਧਿਆਪਕਾ ਨਾਲ ਰਹਿੰਦੇ ਰਹੇ ਹਰਵਿੰਦਰ ਸੰਧੂ ਨੇ ਹੀ ਕਰਵਾਇਆ ਸੀ ਸੁਪਾਰੀ ਦੇ ਕੇ ਕਤਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ ਖਰੜ, 21 ਦਸੰਬਰ:
ਖਰੜ ਦੇ ਸੰਨੀ ਇਨਕਲੇਵ ਵਿੱਚ ਸਥਿਤ ਦੀ ਨਾਲੇਜ ਬੱਸ ਗਲੋਬਲ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਨੂੰ ਬੀਤੀ 5 ਦਸੰਬਰ ਨੂੰ ਉਸ ਨਾਲ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਵਾਲੇ ਵਿਅਕਤੀ ਨੇ ਸੁਪਾਰੀ ਦੇ ਕੇ ਮੌਤ ਦੇ ਘਾਟ ਉਤਾਰਿਆ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਅਧਿਆਪਕਾ ਨੂੰ ਸਕੂਲ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਪਿੰਡ ਦਿਆਲਪੁਰਾ ਭਗਤਾ ਭਾਈ ਕਾ ਜ਼ਿਲ੍ਹਾ ਬਠਿੰਡਾ ਦੇ ਜਸਵਿੰਦਰ ਸਿੰਘ ਉਰਫ਼ ਛਿੰਦਰ ਬਾਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇਕ ਲਾਇਸੈਂਸੀ ਰਿਵਾਲਵਰ, 17 ਜ਼ਿੰਦਾ ਕਾਰਤੂਸ ਅਤੇ ਇਕ ਆਈਕਨ ਕਾਰ ਵੀ ਬਰਾਮਦ ਕੀਤੀ ਗਈ ਹੈ।
ਅੱਜ ਇੱਥੇ ਇਸ ਗੱਲ ਦਾ ਖੁਲਾਸਾ ਪੱਤਰਕਾਰ ਸੰਮੇਲਨ ਦੌਰਾਨ ਐਸਐਸਪੀ ਕੁਲਦੀਪ ਸਿੰਘ ਚਹਿਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਬੀਤੀ 5 ਦਸੰਬਰ ਨੂੰ ਖਰੜ ਦੇ ਸੰਨੀ ਇਨਕਲੇਵ ਵਿੱਚ ਸਥਿਤ ਦੀ ਨੌਲਿਜ ਬੱਸ ਗਲੋਬਲ ਸਕੂਲ ਖਰੜ ਦੀ ਅਧਿਆਪਕਾ ਸਰਬਜੀਤ ਕੌਰ ਨੂੰ ਸਵੇਰੇ 8 ਵਜੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਇਕ ਆਈਕੋਨ ਕਾਰ ਵਿੱਚ ਫਰਾਰ ਹੋ ਗਿਆ ਸੀ।
ਸ੍ਰੀ ਚਾਹਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਖਰੜ ਦੇ ਡੀਐਸਪੀ ਅਮਰੋਜ ਸਿੰਘ ਦੀ ਅਗਵਾਈ ਵਿੱਚ ਅਮਨਦੀਪ ਸਿੰਘ ਐਸਐਚਓ ਥਾਣਾ ਸਦਰ ਖਰੜ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਕਾਤਲ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਪੁਲੀਸ ਜਸਵਿੰਦਰ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਧਿਆਪਕਾ ਸਰਬਜੀਤ ਕੌਰ ਪਹਿਲਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਅਲਕੜਾ ਦੇ ਵਸਨੀਕ ਹਰਵਿੰਦਰ ਸਿੰਘ ਸੰਧੂ ਨਾਲ ਰਹਿੰਦੀ ਸੀ ਅਤੇ ਸੰਧੂ ਤੋਂ ਉਸ ਕੋਲ ਇਕ 5 ਸਾਲ ਦੀ ਬੱਚੀ ਵੀ ਹੈ। ਇਨ੍ਹਾਂ ਦੋਵਾਂ ਦਾ ਆਪਸ ਵਿੱਚ ਘਰੇਲੂ ਗੱਲਾਂ ਨੂੰ ਲੈ ਕੇ ਤਕਰਾਰ ਚਲਦਾ ਸੀ ਅਤੇ ਉਹ ਹਰਵਿੰਦਰ ਨੂੰ ਛੱਡ ਕੇ ਵੱਖਰੀ ਰਹਿਣ ਲੱਗ ਗਈ ਸੀ।
ਐਸਐਸਪੀ ਨੇ ਦੱਸਿਆ ਕਿ ਹਰਵਿੰਦਰ ਸੰਧੂ ਦੀ ਪਿੰਡ ਦਿਆਲਪੁਰਾ ਮਿਰਜ਼ਾ, ਜ਼ਿਲ੍ਹਾ ਬਠਿੰਡਾ ਵਿੱਚ ਸਥਿਤ ਡੇਰੇ ਦੇ ਮਹੰਤ ਦੇ ਡਰਾਈਵਰ ਜਸਵਿੰਦਰ ਸਿੰਘ ਉਰਫ ਛਿੰਦਰ ਬਾਬਾ ਨਾਲ ਜਾਣ ਪਹਿਚਾਣ ਸੀ ਅਤੇ ਉਸਨੇ ਜਸਵਿੰਦਰ ਸਿੰਘ ਨੂੰ ਸਰਬਜੀਤ ਕੌਰ ਨੂੰ ਕਤਲ ਕਰਨ ਲਈ 6 ਲੱਖ ਰੁਪਏ ਦੇਣ ਦੀ ਗੱਲ ਕੀਤੀ ਸੀ। ਇਸ ’ਚੋਂ ਉਸਨੇ ਜਸਵਿੰਦਰ ਸਿੰਘ ਨੂੰ 1 ਲੱਖ ਰੁਪਏ ਬਤੌਰ ਪੇਸ਼ਗੀ ਰਾਸ਼ੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਸਾਰੀ ਸਾਜ਼ਿਸ਼ ਰੱਚਣ ਉਪਰੰਤ ਹਰਵਿੰਦਰ ਖ਼ੁਦ ਵਿਦੇਸ਼ ਚਲਾ ਗਿਆ ਅਤੇ ਜਸਵਿੰਦਰ ਸਿੰਘ ਨੇ ਆਪਣੇ ਇਕ ਹੋਰ ਦੋਸਤ ਨਾਲ ਸਲਾਹ ਮਸ਼ਵਰਾ ਅਤੇ ਰੈਕੀ ਕਰਕੇ ਬੀਤੀ 5 ਦਸੰਬਰ ਨੂੰ ਸਵੇਰੇ ਸਰਬਜੀਤ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਜਸਵਿੰਦਰ ਤੋਂ ਪੁੱਛਗਿੱਛ ਕਰ ਰਹੀ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…