Nabaz-e-punjab.com

ਦਿੱਲੀ ਤੇ ਜੰਮੂ-ਕਸ਼ਮੀਰ ਲਈ ਪੰਜਾਬ ਤੋਂ ਦੁੱਧ, ਅੰਡੇ ਤੇ ਮੁਰਗੇ-ਮੁਰਗੀਆਂ ਦੀ ਸਪਲਾਈ ਸ਼ੁਰੂ: ਬਾਜਵਾ

ਵੈਟਰਨਰੀ ਡਾਕਟਰਾਂ, ਇੰਸਪੈਕਟਰਾਂ ਤੇ ਫੀਲਡ ਸਟਾਫ਼ ਦਾ 50 ਲੱਖ ਦਾ ਬੀਮਾ ਕਰਵਾਉਣ ਲਈ ਕਾਰਵਾਈ ਕੀਤੀ ਜਾਵੇ

ਮੱਛੀ ਪਾਲਕਾਂ ਲਈ ਪੂੰਗ ਦੀ ਸਪਲਾਈ ਵਿਭਾਗ ਵੱਲੋਂ ਫਾਰਮਾਂ ’ਤੇ ਹੀ ਕਰਨ ਦਾ ਫੈਸਲਾ

ਪਸ਼ੂਆਂ ਦੇ ਇਲਾਜ ਲਈ ਸੇਵਾਮੁਕਤ ਡਾਕਟਰਾਂ ਤੇ ਇੰਸਪੈਕਟਰਾਂ ਨੂੰ ਕਰਫਿਊ ਪਾਸ ਬਣਵਾ ਕੇ ਦੇਣ ਦੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਪੰਜਾਬ ਵਿੱਚ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਪਸ਼ੂ ਪਾਲਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਦਿੱਲੀ ਅਤੇ ਜੰਮੂ-ਕਸ਼ਮੀਰ ਲਈ ਪੰਜਾਬ ਤੋਂ ਦੁੱਧ, ਅੰਡੇ ਅਤੇ ਮੁਰਗੇ-ਮੁਰਗੀਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਇੱਥੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਆਪਣੇ ਜਾਨਵਰਾਂ ਲਈ ਖੁਰਾਕ ਅਤੇ ਇਲਾਜ ਪੱਖੋਂ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਪਸ਼ੂ ਹਸਪਤਾਲ ਖੁੱਲ੍ਹੇ ਹਨ ਅਤੇ ਕਿਸੇ ਵੀ ਐਮਰਜੈਂਸੀ ਲਈ ਡਾਕਟਰ 24 ਘੰਟੇ ਸੇਵਾਵਾਂ ਲਈ ਵੀ ਉਪਲਬਧ ਹਨ। ਇਸ ਮੌਕੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਪਸੂ ਪਾਲਣ ਵਿਭਾਗ ਦੇ ਸੇਵਾ ਮੁਕਤ ਡਾਕਟਰਾਂ ਅਤੇ ਇੰਸਪੈਕਟਰਾਂ ਨੂੰ ਵੀ ਕਰਫਿਊ ਪਾਸ ਬਣਵਾ ਕੇ ਦਿੱਤੇ ਜਾਣ ਤਾਂ ਜੋ ਪਸ਼ੂ ਪਾਲਕਾਂ ਦੇ ਦਰ ’ਤੇ ਜਾ ਕੇ ਪਸ਼ੂਆਂ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਸਕੇ।
ਸ੍ਰੀ ਬਾਜਵਾ ਨੇ ਦੱਸਿਆਂ ਕਿ ਪੋਲਟਰੀ ਫਾਰਮਰਾਂ ਨੂੰ ਫੀਡ ਬਣਾਉਣ ਲਈ ਖ਼ੁਰਾਕ ’ਤੇ ਸਿਵਲ ਸਪਲਾਈ ਵਿਭਾਗ ਵੱਲੋਂ ਪਹਿਲੀ ਕਿਸ਼ਤ ਦੇ ਤੌਰ ’ਤੇ 3000 ਟਨ ਕਣਕ 1987 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੀ ਸਪਲਾਈ ਛੇਤੀ ਹੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਫੀਡ ਲਈ ਪੋਲਟਰੀ ਫਾਰਮਰਾਂ ਤੋਂ ਡਿਮਾਂਡ ਪ੍ਰਾਪਤ ਕੀਤੀ ਗਈ ਹੈ। ਜਿਸ ਦੇ ਚੱਲਦਿਆਂ ਕਣਕ ਦੀ ਪਹਿਲੀ ਕਿਸ਼ਤ ਦੀ ਸਪਲਾਈ ਸ਼ੁਰੂ ਕੀਤੀ ਜਾ ਰਹੀ ਹੈ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਮੱਛੀ ਪਾਲਕਾਂ ਨੂੰ ਲੋੜੀਂਦਾ ਮੱਛੀ ਪੂੰਗ ਸਮੇਂ ਸਿਰ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਹ ਆਪਣਾ ਧੰਦਾ ਜਾਰੀ ਰੱਖ ਸਕਣ।
ਸ੍ਰੀ ਬਾਜਵਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰੂਗ ਦੀ ਸਪਲਾਈ ਲਈ ਸਬੰਧੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਸੰਪਰਕ ਕੀਤਾ ਜਾਵੇ। ਅਧਿਕਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਮੱਛੀ ਪਾਲਕਾਂ ਨੂੰ ਸਪਲਾਈ ਲਈ ਲੋੜੀਂਦਾ ਪੂੰਗ ਵਿਭਾਗ ਦੇ ਮੱਛੀ ਫਾਰਮਾਂ ’ਤੇ ਉਪਲਬਧ ਹੈ, ਜਿਸ ਦੀ ਸਪਲਾਈ ਟਰਾਂਸਪੋਰਟ ਦਾ ਪ੍ਰਬੰਧ ਕਰਕੇ ਮੱਛੀ ਪਾਲਕਾਂ ਨੂੰ ਉਨ੍ਹਾਂ ਦੇ ਫਾਰਮਾਂ ’ਤੇ ਹੀ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ ਨੂੰ ਹਦਾਇਤ ਕੀਤੀ ਕਿ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ, ਇੰਸਪੈਕਟਰਾਂ ਅਤੇ ਫੀਲਡ ਸਟਾਫ਼ ਲਈ ਸਿਹਤ ਅਤੇ ਪੁਲੀਸ ਵਿਭਾਗ ਦੀ ਤਰਜ਼ ’ਤੇ 50 ਲੱਖ ਰੁਪਏ ਦਾ ਬੀਮਾ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ, ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਅਤੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਮਦਨ ਮੋਹਨ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…