
ਸੰਗੀਤ ਅਤੇ ਫਿਲਮ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਆਪ ਉਮੀਦਵਾਰ ਕੁਲਵੰਤ ਸਿੰਘ ਦੀ ਹਮਾਇਤ
ਜਰਨੈਲ ਘੂਮਾਣ ਦੇ ਜਨਮ ਦਿਨ ਮੌਕੇ ਮਹਾਨ ਹਸਤੀਆਂ ਨੇ ਕੁਲਵੰਤ ਸਿੰਘ ਦੀ ਜਿੱਤ ਦਾ ਐਡਵਾਂਸ ਵਿੱਚ ਕੱਟਿਆ ਕੇਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਫਰਵਰੀ:
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬੀ ਸੰਗੀਤ ਅਤੇ ਫ਼ਿਲਮ ਜਗਤ ਦੀਆਂ ਨਾਮਵਰ ਹਸਤੀਆਂ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਜਿੱਥੇ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕੀਤੀ ਗਈ ਹੈ, ਉਥੇ ਹੀ ਇਨ੍ਹਾਂ ਹਸਤੀਆਂ ਵੱਲੋਂ ਹਲਕਾ ਮੁਹਾਲੀ ਤੋਂ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਵੀ ਭਾਰੀ ਬਹੁਮਤ ਨਾਲ ਚੋਣ ਜਿਤਾਉਣ ਦਾ ਅਹਿਦ ਲਿਆ ਗਿਆ।
ਸੰਗੀਤ ਤੇ ਫ਼ਿਲਮ ਜਗਤ ਦੀਆਂ ਇਹ ਸ਼ਖ਼ਸੀਅਤਾਂ 17 ਫਰਵਰੀ ਨੂੰ ਮੁਹਾਲੀ ਵਿਖੇ ਭਗਵੰਤ ਮਾਨ ਦੇ ਅਤਿ ਨਜ਼ਦੀਕੀ ਰਹੇ ਫ਼ਿਲਮ ਨਿਰਮਾਤਾ ਜਰਨੈਲ ਘੁਮਾਣ ਦੇ ਜਨਮ ਦਿਨ ਮੌਕੇ ਆਯੋਜਿਤ ਇੱਕ ਸਮਾਗਮ ਵਿੱਚ ਇਕੱਤਰ ਹੋਈਆਂ ਸਨ। ਪ੍ਰੋਗਰਾਮ ਵਿੱਚ ਜਿੱਥੇ ਜਰਨੈਲ ਘੁਮਾਣ ਦੇ ਜਨਮ ਦਿਨ ਦਾ ਕੇਕ ਕੱਟਿਆ ਗਿਆ ਉਥੇ ਹੀ ਵਿਸ਼ੇਸ਼ ਤੌਰ ’ਤੇ ਸੱਦੇ ਗਏ ‘ਆਪ’ ਦੇ ਉਮੀਦਵਾਰ ਕੁਲਵੰਤ ਸਿੰਘ ਦੀ ਐਡਵਾਂਸ ਵਿੱਚ ਜਿੱਤ ਦੀ ਕਾਮਨਾ ਕਰਦਿਆਂ ਕੇਕ ਵੀ ਕੱਟਿਆ ਗਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੇ ਫ਼ਿਲਮ ਅਤੇ ਸੰਗੀਤ ਜਗਤ ਨਾਲ ਜੁੜੀਆਂ ਇਨ੍ਹਾਂ ਮਹਾਨ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ, ਗੀਤਕਾਰ ਅਤੇ ਫ਼ਿਲਮ ਨਿਰਮਾਤਾ ਜਰਨੈਲ ਘੁਮਾਣ, ਪੰਜਾਬੀਅਤ ਦੇ ਪਹਿਰੇਦਾਰ ਦੀਪਕ ਬਾਲੀ, ਮਸ਼ਹੂਰ ਲੋਕ ਗਾਇਕ ਹਰਦੀਪ ਗਿੱਲ, ਜਗਤਾਰ ਜੱਗਾ, ਗੁਰਤੇਜ ਤੇਜ, ਫ਼ਿਲਮੀ ਅਦਾਕਾਰ ਰਾਣਾ ਜੰਗ ਬਹਾਦਰ, ਸੁਰਿੰਦਰ ਰਿਹਾਲ, ਬੈਨੀਪਾਲ ਸਿਸਟਰਜ਼, ਬਲਕਾਰ ਸਿੱਧੂ, ਐੱਚ. ਵਿਰਕ, ਜੋਸ਼ਨ ਸੰਦੀਪ, ਜਾਨਵੀ ਬੰਸਲ, ਹਰਪ੍ਰੀਤ ਕੌਰ, ਅੰਮ੍ਰਿਤਪਾਲ ਸਿੰਘ ਬਿੱਲਾ, ਅੰਮ੍ਰਿਤਪਾਲ ਭਾਅ ਜੀ, ਈਸ਼ਰ ਸਿੰਘ, ਐਸ.ਪੀ. ਸਿੰਘ, ਕਰਮਜੀਤ ਸਿੰਘ ਬੱਗਾ, ਪੂਜਾ ਢਿੱਲੋਂ, ਡੌਲੀ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਵਿੱਚ ਸਾਫ਼ ਸੁਥਰੀ ਅਤੇ ਇਮਾਨਦਾਰ ਸਰਕਾਰ ਬਣਾਉਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਹੱਥ ਮਜ਼ਬੂਤ ਲਈ ਭਲਕੇ 20 ਫਰਵਰੀ ਵਾਲੇ ਦਿਨ ਸੂਬੇ ਦੇ
ਸਾਰੇ ਚੋਣ ਹਲਕਿਆਂ ਵਿੱਚ ਵੋਟਿੰਗ ਮਸ਼ੀਨਾਂ ਉਤੇ ਚੋਣ ਨਿਸ਼ਾਨ ‘ਝਾੜੂ’ ਦਾ ਬਟਨ ਦਬਾਉਣ।