Nabaz-e-punjab.com

ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਫਾਰਮੇਸੀ ਅਫ਼ਸਰਾਂ ਦਾ ਸਹਿਯੋਗ ਬੇਹੱਦ ਜ਼ਰੂਰੀ: ਸਿੱਧੂ

ਸਿਹਤ ਮੰਤਰੀ ਬਲਬੀਰ ਸਿੱਧੂ ਤੇ ਵਿਧਾਇਕ ਪਰਮਿੰਦਰ ਪਿੰਕੀ ਤੇ ਹੋਰਨਾਂ ਦਾ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਗੰਭੀਰ ਹਨ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਨਾਲ ਨਾਲ ਮੈਡੀਕਲ ਨਸ਼ੇ ਦੀ ਵਿਕਰੀ ਉੱਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਹ ਗੱਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗ੍ਰੈਂਡ ਬੈਂਕਅਟ ਹਾਲ ਬਲੌਂਗੀ ਵਿੱਚ ਪੰਜਾਬ ਰਾਜ ਅਫ਼ਸਰਜ਼ ਐਸੋਸੀਏਸ਼ਨ ਵੱਲੋਂ ਆਯੋਜਿਤ ਸੂਬਾ ਪੱਧਰੀ ਕਨਵੈਨਸ਼ਨ ਵਿੱਚ ਪੰਜਾਬ ਭਰ ’ਚੋਂ ਪਹੁੰਚੇ ਫਾਰਮੇਸੀ ਅਫ਼ਸਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਇਸ ਮੌਕੇ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਜਸਪਾਲ ਕੌਰ ਵੀ ਮੌਜੂਦ ਸਨ।
ਸ੍ਰੀ ਸਿੱਧੂ ਨੇ ਸੂਬੇ ਵਿੱਚ ਨਸ਼ਿਆਂ ਦੇ ਖ਼ਾਤਮੇ ਲਈ ਆਰੰਭੀ ਮੁਹਿੰਮ ਵਿੱਚ ਫਾਰਮੇਸੀ ਅਫ਼ਸਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਫਾਰਮੇਸੀ ਅਫ਼ਸਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਛੇਤੀ ਹੀ ਵੱਡਾ ਫੈਸਲਾ ਲੈਣ ਜਾ ਰਹੀ ਹੈ। ਜਿਸ ਤਹਿਤ ਸੂਬੇ ਦੇ ਹਰੇਕ ਵਿਅਕਤੀ ਦਾ ਪੂਰਾ ਇਲਾਜ ਮੁਫ਼ਤ ਹੋਵੇਗਾ ਅਤੇ ਇਹ ਕੰਮ ਕਰਨ ਵਾਲਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਿਹਤ ਅਤੇ ਸਿੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਸਿਹਤ ਸੇਵਾਵਾਂ ਨੂੰ ਹਰ ਵਰਗ ਦੇ ਲੋਕਾਂ ਦੇ ਦਰਵਾਜ਼ੇ ਤੱਕ ਪਹੁੰਚਦਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਫਾਰਮਾਸਿਸਟਾਂ ਨੂੰ ਫਾਰਮੇਸੀ ਅਫ਼ਸਰ ਦੇ ਅਹੁਦੇ ਨਾਲ ਨਿਵਾਜਣ ’ਤੇ ਸਿਹਤ ਮੰਤਰੀ ਦਾ ਧੰਨਵਾਦ ਕਰਦਿਆਂ ਫਾਰਮਾਸਿਸਟਾਂ ਨੂੰ ਫਾਰਮੇਸੀ ਅਫ਼ਸਰ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਅਤ ਵੀ ਚੰਗੀ ਅਤੇ ਨੀਤੀ ਵੀ, ਜਿਸ ਕਰ ਕੇ ਸਰਕਾਰ ਵੱਲੋਂ ਹਰ ਵਰਗ ਦਾ ਖਿਆਲ ਰੱਖਿਆ ਜਾ ਰਿਹਾ ਹੈ। ਡਾਇਰੈਕਟਰ ਡਾ. ਜਸਪਾਲ ਕੌਰ ਨੇ ਵੀ ਆਪਣੇ ਸੰਬੋਧਨ ਵਿੱਚ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਮੋਹਨ ਸ਼ਰਮਾ ਅਤੇ ਜਨਰਲ ਸਕੱਤਰ ਰਵਿੰਦਰ ਲੂਥਰਾ ਨੇ ਫਾਰਮਾਸਿਸਟਾਂ ਨੂੰ ਫਾਰਮੇਸੀ ਅਫ਼ਸਰ ਦਾ ਅਹੁਦਾ ਨਾਲ ਨਿਵਾਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਡਾਇਰੈਕਟਰ ਡਾ. ਜਸਪਾਲ ਕੌਰ ਦਾ ਧੰਨਵਾਦ ਕੀਤਾ ਅਤੇ ਇਨ੍ਹਾਂ ਸ਼ਖ਼ਸੀਸਤਾਂ ਸਮੇਤ ਕੈਬਨਿਟ ਮੰਤਰੀ ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਸਮੇਤ ਹੋਰ ਮੋਹਤਬਰਾਂ ਨੂੰ ਸਨਮਾਨਿਤ ਕੀਤਾ ਗਿਆ। ਐਸੋਸੀਏਸ਼ਨ ਨੇ ਆਪਣੀਆਂ ਬਾਕੀ ਰਹਿੰਦੀਆਂ ਮੰਗਾਂ ਵੀ ਸਿਹਤ ਮੰਤਰੀ ਅੱਗੇ ਰੱਖੀਆਂ। ਜਿਨ੍ਹਾਂ ਨੂੰ ਮੰਤਰੀ ਨੇ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਰਾਜ ਕੁਮਾਰ ਅੰਮ੍ਰਿਤਸਰ, ਕੁਲਭੂਸ਼ਣ ਸਿੰਗਲਾ, ਮੇਜਰ ਸਿੰਘ, ਸੁਖਵਿੰਦਰ ਸਿੰਘ, ਸੁਨੀਲ ਦੱਤ, ਸ਼ੀਸ਼ਨ ਕੁਮਾਰ, ਜਗਦੀਪ ਸਿੰਘ, ਰਾਜ ਕੁਮਾਰ ਲੁਧਿਆਣਾ, ਬਲਰਾਜ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…