
ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਮਾਣਹਾਨੀ ਕੇਸ ਵਿੱਚ ਦੋਸ਼ੀ ਕਰਾਰ ਦੇਣ ਖ਼ਿਲਾਫ਼ ਰੋਸ ਪ੍ਰਦਰਸ਼ਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਮਾਣਹਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦੇਣ ਦੇ ਖ਼ਿਲਾਫ਼ ਬੁੱਧਵਾਰ ਨੂੰ ਸਿਟੀਜ਼ਨ ਫੋਰਮ ਦੇ ਨੁਮਾਇੰਦਿਆਂ ਅਤੇ ਵਕੀਲ ਭਾਈਚਾਰੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਰਵਿੰਦਰ ਸ਼ਰਮਾ ਸੈਨੇਟਰ, ਪੰਜਾਬ ਯੂਨੀਵਰਸਿਟੀ ਪ੍ਰਸਿੱਧ ਲੇਖਕ ਡਾ. ਸੁਖਦੇਵ ਸਿੰਘ ਸਿਰਸਾ, ਵੰਡ ਯੂਨੀਅਨ ਦੇ ਆਗੂ ਬੰਤ ਸਿੰਘ ਬਰਾੜ, ਅਮੀਰ ਸੁਲਤਾਨਾ, ਵਕੀਲ ਹਰਚੰਦ ਖ਼ਾਨ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ, ਜਸਪਾਲ ਸਿੰਘ, ਦਿਲਦਾਰ ਸਿੰਘ ਤੇ ਗੁਰਚਰਨ ਸਿੰਘ ਅਤੇ ਅਮਰਨਾਥ, ਅਸ਼ਵਨੀ ਬਖ਼ਸ਼ੀ, ਮੋਹਿੰਦਰ ਪਾਲ, ਵਿਨੋਦ ਚੁੱਗ ਅਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਸ਼ਰ੍ਹੇਆਮ ਵਿਚਾਰਾਂ ਦੀ ਆਜ਼ਾਦੀ ਅਤੇ ਸੰਵਿਧਾਨ ਤੇ ਨਿਆਂ ਦੇ ਬਿਲਕੁਲ ਉਲਟ ਹੈ।
ਬੁਲਾਰਿਆਂ ਨੇ ਕਿਹਾ ਕਿ ਪ੍ਰਸ਼ਾਂਤ ਭੂਸ਼ਨ ਦਾ ਕਸੂਰ ਸਿਰਫ਼ ਏਨਾ ਹੈ ਕਿ ਉਸ ਦੇ ਟਵੀਟ ਕਰਕੇ ਪਿਛਲੇ ਸਮੇਂ ਸੁਪਰੀਮ ਕੋਰਟ ਦੇ 5 ਚੀਫ਼ ਜਸਟਿਸ ਦੇ ਲੋਕਤੰਤਰ ਭਾਰਤ ਵਿੱਚ ਖਤਮ ਕਰਨ ਸਹਾਈ ਹੋਏ ਹਨ। ਦੂਜੀ ਟਵੀਟ ਪਹਿਲਾਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਬਿਨਾਂ ਹੈਲਮਟ ਅਤੇ ਮਾਸਕ ਤੋਂ ਨਾਗਪੁਰ ਚਲਾ ਗਿਆ। ਲੋਕਡਾਊਨ ਕਾਰਨ ਨਿਆ ਪ੍ਰਣਾਲੀ ਬੰਦ ਪਈ ਹੈ। ਉਕਤ ਟਵੀਟ ਕਾਰਨ ਕਿਸੇ ਤਰ੍ਹਾਂ ਦਾ ਕੋਈ ਮਾਣਹਾਨੀ ਦਾ ਅਪਰਾਧ ਨਹੀਂ ਬਣਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਂਤ ਭੂਸ਼ਨ ਖ਼ਿਲਾਫ਼ ਸੁਪਰੀਮ ਕੋਰਟ ਦਾ ਫੈਸਲਾ ਤੁਰੰਤ ਰੱਦ ਕੀਤਾ ਜਾਵੇ ਅਤੇ ਨਿਆਂ ਪਾਲਿਕਾ ਦਾ ਕੰਮ ਸਾਧਾਰਨ ਤੌਰ ’ਤੇ ਸ਼ੁਰੂ ਕੀਤੇ ਜਾਣ ਤਾਂ ਜੋ ਆਮ ਲੋਕ ਨਿਆ ਪਾਲਿਕਾ ਤੋਂ ਇਨਸਾਫ਼ ਲੈ ਸਕਣ।