ਸੁਪਰੀਮ ਕੋਰਟ ਵੱਲੋਂ ਸ਼ਸ਼ੀਕਲਾ ਨੂੰ ਵੱਡਾ ਝਟਕਾ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 4 ਸਾਲ ਦੀ ਸਜ਼ਾ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 14 ਫਰਵਰੀ:
ਮਰਹੂਮ ਮੁੱਖ ਮੰਤਰੀ ਜੈਲਲਿਤਾ ਦੀ ਨਜ਼ਦੀਕੀ ਸਾਥੀ ਸ਼ਸ਼ੀ ਕਲਾ ਦੇ ਹੱਥੋਂ ਮੁੱਖ ਮੰਤਰੀ ਦੀ ਖੁਸਣ ਕਾਰਨ ਨਵੇਂ ਸਿਆਸੀ ਸੰਮੀਕਰਨ ਪੈਦਾ ਹੋ ਗਏ ਹਨ। ਮੁੱਖ ਮੰਤਰੀ ਦੀ ਕੁਰਸੀ ਲਈ ਪਨੀਰਸੇਲਵਮ ਨਾਲ ਉਲਝੀ ਅੰਨਾ. ਡੀ.ਐਮ.ਕੇ ਜਨਰਲ ਸਕੱਤਰ ਸ਼ਸ਼ੀਕਲਾ ਦਾ ਸਿਆਸੀ ਭਵਿੱਖ ਹੁਣ ਖਤਮ ਹੋਣ ਕੰਢੇ ਪਹੁੰਚ ਗਿਆ ਹੈ। ਸੁਪਰੀਮ ਕੋਰਟ ਨੇ ਅੱਜ ਸ਼ਸ਼ੀਕਲਾ ਨੂੰ ਜਬਰਦਸਤ ਝਟਕਾ ਦਿੰਦਿਆਂ ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ਵਿੱਚ ਸ਼ਸ਼ੀਕਲਾ ਨੂੰ 4 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਦੇ ਨਾਲ ਹੀ 10 ਕਰੋੜ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਦੇ ਫੈਸਲੇ ਦਾ ਸਿੱਧਾ ਮਤਲਬ ਹੈ ਕਿ ਸ਼ਸ਼ੀਕਲਾ ਘੱਟੋ-ਘੱਟ 6 ਸਾਲ ਤੱਕ ਚੋਣ ਨਹੀਂ ਲੜ ਸਕੇਗੀ। ਅਦਾਲਤ ਨੇ ਸ਼ਸ਼ੀਕਲਾ ਨੂੰ ਤੁਰੰਤ ਸਮਰਪਣ ਕਰਨ ਦਾ ਹੁਕਮ ਦਿੱਤਾ ਹੈ।
ਸ਼ਸ਼ੀਕਲਾ ਕੋਲ ਹੁਣ ਕੋਈ ਬਦਲ ਨਹੀਂ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਤੁਰੰਤ ਹੀ ਹੇਠਲੀ ਅਦਾਲਤ ਵਿੱਚ ਜਾ ਕੇ ਸਮਰਪਣ ਕਰਨ ਨੂੰ ਕਿਹਾ ਹੈ। ਕਾਨੂੰਨ ਦੇ ਜਾਣਕਾਰਾਂ ਮੁਤਾਬਕ 21 ਸਾਲ ਤੋਂ ਚੱਲ ਰਹੇ ਇਸ ਕੇਸ ਵਿੱਚ ਹੁਣ ਸ਼ਸ਼ੀਕਲਾ ਕੋਲ ਕੋਈ ਬਦਲ ਨਹੀਂ ਬਚਿਆ ਹੈ। ਹੁਣ ਉਹ ਅਗਲੇ 10 ਸਾਲ ਤਕ ਮੁੱਖ ਮੰਤਰੀ ਬਣਨ ਦਾ ਸੁਪਨਾ ਨਹੀਂ ਦੇਖ ਸਕਦੀ ਹੈ। ਇਸ ਦੇ ਨਾਲ ਹੀ ਹੁਣ ਉਨ੍ਹਾਂ ਕੋਲ ਕਿਸੇ ਵੀ ਸੰਵਿਧਾਨਕ ਅਹੁਦੇ ਤੇ ਬਣੇ ਰਹਿਣ ਦਾ ਅਧਿਕਾਰ ਨਹੀਂ ਹੋਵੇਗਾ। ਸ਼ਸ਼ੀਕਲਾ ਤੋਂ ਇਲਾਵਾ ਉਨ੍ਹਾਂ ਦੇ ਦੋ ਹੋਰ ਸਾਥੀ ਇਲਾਵਰਾਸੀ ਅਤੇ ਸੁਧਾਕਰਨ ਨੂੰ 4 ਸਾਲ ਦੀ ਜੇਲ ਅਤੇ 10-10 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਜੈਲਲਿਤਾ ਦੀ ਮੌਤ ਹੋਣ ਕਾਰਨ ਉਨ੍ਹਾਂ ਦੇ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਹੈ।