
ਕਾਂਗਰਸ ਆਗੂ ਰਾਹੁਲ ਗਾਂਧੀ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸਟੇਅ ਦੇਣਾ, ਲੋਕਤੰਤਰ ਦੀ ਜਿੱਤ: ਬੇਦੀ
ਕਿਹਾ, ਦੇਸ਼ ਵਿੱਚ ਹਾਲੇ ਵੀ ਇਨਸਾਫ਼ ਜਿਊਂਦਾ, ਸੱਚਾਈ ਨੂੰ ਹਰਾਇਆ ਨਹੀਂ ਜਾ ਸਕਦਾ
ਨਬਜ਼-ਏ-ਪੰਜਾਬ, ਮੁਹਾਲੀ, 4 ਅਗਸਤ:
ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਦੀ ਸਜ਼ਾ ੳੱੁਤੇ ਸੁਪਰੀਮ ਸਟੇਅ ਲੱਗਣ ਦੀ ਕਾਰਵਾਈ ਨੂੰ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸੱਚਾਈ ਦੀ ਜਿੱਤ ਦੱਸਿਆ ਹੈ। ਅੱਜ ਇੱਥੇ ਜਾਰੀ ਬਿਆਨ ਵਿੱਚ ਕੁਲਜੀਤ ਬੇਦੀ ਨੇ ਕਿਹਾ ਕਿ ਇਸ ਨਾਲ ਇੱਕ ਗੱਲ ਤਾਂ ਸਪਸ਼ਟ ਹੋ ਗਈ ਹੈ ਕਿ ਸੱਚਾਈ ਨੂੰ ਹਰਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਭਾਰਤ ਵਿਚ ਹਾਲੇ ਸੱਤਾ ਤੇ ਕਾਬਜ਼ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਉੱਤੇ ਠੱਲ ਪਾਉਣ ਲਈ ਇਨਸਾਫ਼ ਜਿਉਂਦਾ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਨੰਗੇ ਚਿੱਟੇ ਰੂਪ ਵਿੱਚ ਸਾਹਮਣੇ ਆ ਚੁੱਕੀ ਹੈ ਇਕ ਸਾਜ਼ਿਸ਼ ਦੇ ਤਹਿਤ ਸ੍ਰੀ ਰਾਹੁਲ ਗਾਂਧੀ ਦੇ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ ਅਤੇ ਤੁਰਤ ਫੁਰਤ ਹੀ ਸਜ਼ਾ ਵੀ ਕਰਵਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਇਹ ਮੰਨਦੇ ਹਨ ਕਿ ਇਹ ਸਜ਼ਾ ਗਲਤ ਢੰਗ ਨਾਲ ਦਿੱਤੀ ਗਈ ਸੀ ਜਿਸ ਉੱਤੇ ਅੱਜ ਸੁਪਰੀਮ ਕੋਰਟ ਨੇ ਸਟੇਅ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹਰੇਕ ਧਰਮ ਅਤੇ ਜਾਤੀ ਦਾ ਪੂਰਾ ਸਨਮਾਨ ਕਰਦੇ ਰਹੇ ਹਨ ਅਤੇ ਭਾਰਤ ਜੋੜੋ ਯਾਤਰਾ ਕਰਕੇ ਉਨ੍ਹਾਂ ਨੇ ਦੇਸ਼ ਵਿੱਚ ਫੈਲ ਰਹੀ ਨਫ਼ਰਤ ਨੂੰ ਘਟਾ ਕੇ ਸਾਰਿਆਂ ਨੂੰ ਪਿਆਰ ਨਾਲ ਜੋੜਨ ਦਾ ਹੀ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਿਸੇ ਜਾਤੀ ਵਿਸ਼ੇਸ਼ ਦੇ ਖ਼ਿਲਾਫ਼ ਟਿੱਪਣੀ ਨਹੀਂ ਕੀਤੀ ਸੀ ਸਗੋਂ ਦੇਸ਼ ਦਾ ਪੈਸਾ ਲੁੱਟ ਕੇ ਵਿਦੇਸ਼ ਭੱਜ ਗਏ ਲੋਕਾਂ ਖਿਲਾਫ ਟਿੱਪਣੀ ਕੀਤੀ ਸੀ ਜਿਸ ਨੂੰ ਮੈਨੂਪਲੇਟ ਕਰਕੇ ਭਾਜਪਾ ਨੇ ਉਨ੍ਹਾਂ ਦੇ ਖ਼ਿਲਾਫ਼ ਸਾਜ਼ਿਸ਼ ਕੀਤੀ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕੇ ਅਜਿਹੇ ਮਾਮਲੇ ਵਿੱਚ ਸਭ ਤੋਂ ਵੱਧ ਸਜ਼ਾ ਕਿਸੇ ਵਿਅਕਤੀ ਨੂੰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਰਾਹੁਲ ਗਾਂਧੀ ਨੂੰ ਹੇਠਲੀਆਂ ਅਦਾਲਤਾਂ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ। ਉਨ੍ਹਾਂ ਕਿਹਾ ਕਿ ਹੁਣ ਜਾ ਕੇ ਰਾਹੁਲ ਗਾਂਧੀ ਨੇ ਇਨਸਾਫ਼ ਮਿਲਿਆ ਹੈ ਅਤੇ ਉਨ੍ਹਾਂ ਨੂੰ ਪੂਰਨ ਯਕੀਨ ਹੈ ਕਿ ਆਉਣ ਦੇ ਸਮੇਂ ਵਿੱਚ ਇਸ ਅਪੀਲ ਦਾ ਫੈਸਲਾ ਰਾਹੁਲ ਗਾਂਧੀ ਦੇ ਹੱਕ ਵਿੱਚ ਜਾਵੇਗਾ।