Share on Facebook Share on Twitter Share on Google+ Share on Pinterest Share on Linkedin ਸੂਰਤ ਅਗਨੀਕਾਂਡ: ਮੁਹਾਲੀ ਵਿੱਚ ਬਹੁਮੰਜ਼ਿਲਾਂ ਇਮਾਰਤ ਦੀ ਭਰਮਾਰ, ਅੱਗ ਬੁਝਾਉਣ ਦੇ ਪ੍ਰਬੰਧ ਰੱਬ ਆਸਰੇ ਕੌਂਸਲਰ ਧਨੋਆ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਪ੍ਰਵਾਨਗੀ ਦੇਣ ਵੇਲੇ ਨਿਯਮਾਂ ’ਤੇ ਝਾਤ ਮਾਰਨ ਦੀ ਅਪੀਲ ਮੁਹਾਲੀ ਫਾਇਰ ਬ੍ਰਿਗੇਡ ਦਫ਼ਤਰ ਵਿੱਚ ਸਟਾਫ਼ ਦੀ ਵੱਡੀ ਘਾਟ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ: ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਬੀਤੇ ਦਿਨੀਂ ਇਕ ਸਿੱਖਿਆ ਅਦਾਰੇ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਮੁਹਾਲੀ ਪ੍ਰਸ਼ਾਸਨ ਨੇ ਗੂੜੀ ਨੀਂਦ ਤੋਂ ਜਾਗਦਿਆਂ ਸਾਵਧਾਨੀ ਵਰਤਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ, ਉੱਥੇ ਸਮਾਜ ਸੇਵੀ ਆਗੂ ਅਤੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਮੁਹਾਲੀ ਸ਼ਹਿਰ ਵਿੱਚ ਧੜਾਧੜ ਉਸਾਰੀਆਂ ਜਾ ਰਹੀਆਂ ਬਹੁਮੰਜ਼ਿਲਾਂ ਇਮਾਰਤਾਂ ਅਤੇ ਫਲੈਟਾਂ ਬਾਰੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਆਈਟੀ ਸਿਟੀ ਵਿੱਚ ਬਹੁ ਮੰਜ਼ਿਲਾਂ ਇਮਾਰਤਾਂ ਬਣਾਉਣ ਲਈ ਸਬੰਧਤ ਨੂੰ ਅਗਾਊਂ ਪ੍ਰਵਾਨਗੀ ਦੇਣ ਵੇਲੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਜੇਕਰ ਉੱਥੇ ਭਿਆਨਕ ਅੱਗ ਲੱਗ ਜਾਵੇ ਤਾਂ ਕੀ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਸਬੰਧਤ ਬਿਲਡਰ ਜਾਂ ਸੰਸਥਾ ਕੋਲ ਅੱਗ ਬੁਝਾਉਣ ਦੇ ਲੋੜੀਂਦੇ ਪ੍ਰਬੰਧ ਹਨ ਕਿ ਨਹੀਂ? ਸ੍ਰੀ ਧਨੋਆ ਨੇ ਕਿਹਾ ਕਿ ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਬਹੁਮੰਜ਼ਿਲਾਂ ਇਮਾਰਤਾਂ ਬਣ ਚੁੱਕੀਆਂ ਹਨ ਅਤੇ ਅਜੋਕੇ ਸਮੇਂ ਵਿੱਚ ਹੋਰ ਨਵੀਆਂ ਇਮਾਰਤਾਂ ਦੀ ਉਸਾਰੀ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਕਈ ਇਮਾਰਤਾਂ ਦੀ ਉਚਾਈ 200 ਫੁੱਟ ਤੋਂ ਲੈ ਕੇ 350 ਫੁੱਟ ਤੋਂ ਤੱਕ ਹੈ ਪਰ ਮੁਹਾਲੀ ਫਾਇਰ ਬ੍ਰਿਗੇਡ ਕੋਲ ਏਨੀ ਉੱਚਾਈ ’ਤੇ ਲੱਗੀ ਅੱਗ ’ਛੇ ਕਾਬੂ ਪਾਉਣ ਲਈ ਲੋੜੀਂਦੇ ਉਪਕਰਨ ਨਹੀਂ ਹਨ ਅਤੇ ਨਾ ਹੀ ਲੋੜੀਂਦਾ ਸਟਾਫ਼ ਹੈ। ਮੁਹਾਲੀ ਫਾਇਰ ਬ੍ਰਿਗੇਡ ਕੋਲ ਸਿਰਫ਼ ਇਕ ਬਰਾਂਟੋ ਸਕਾਈ ਲਿਫ਼ਟ) ਹੈ, ਜੋ ਵੱਧ ਤੋਂ ਵੱਧ 162 ਫੁੱਟ ਉਚਾਈ ’ਤੇ ਕਾਬੂ ਪਾਉਣ ਦੀ ਸਮਰਥਾ ਰੱਖਦੀ ਹੈ। ਸਮਾਜ ਸੇਵੀ ਆਗੂ ਨੇ ਦੱਸਿਆ ਕਿ ਸ਼ਹਿਰ ਦਾ ਬਹੁਤ ਵਿਸਥਾਰ ਹੋ ਚੁੱਕਾ ਹੈ। ਇਸ ਲਈ ਇੱਥੇ ਲੋੜ ਅਨੁਸਾਰ 2 ਹੋਰ ਨਵੇਂ ਫਾਇਰ ਸਟੇਸ਼ਨ ਬਣਾਉਣ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਇਕ ਤੋਂ ਦੂਜੇ ਪਾਸੇ ਪਹੁੰਚਣ ਲਈ ਬਹਤ ਸਮਾਂ ਲੱਗਦਾ ਹੈ। ਜਾਣਕਾਰੀ ਅਨੁਸਾਰ ਮੁਹਾਲੀ ਫਾਇਰ ਸਟੇਸ਼ਨ ਨੂੰ ਇਸ ਸਮੇਂ 80 ਫਾਇਰਮੈਨ, 24 ਡਰਾਈਵਰ, 7 ਸਬ ਫਾਇਰ ਅਫ਼ਸਰ ਅਤੇ 2 ਸਟੇਸ਼ਨ ਫਾਇਰ ਅਫ਼ਸਰਾਂ ਦੀ ਲੋੜ ਹੈ। ਇਸ ਤੋਂ ਇਲਾਵਾ ਵੱਧ ਸਮਰਥਾ ਵਾਲੀ ਮਸ਼ੀਨਰੀ ਵੀ ਉਪਲਬਧ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਿਆ ਜਾ ਸਕੇ। (ਬਾਕਸ ਆਈਟਮ-1) ਗੁਜਰਾਤ ਅਗਨੀਕਾਂਡ: ਡੀਸੀ ਵੱਲੋਂ ਮੁਹਾਲੀ ਵਿੱਚ ਫਾਇਰ ਸੇਫ਼ਟੀ ਆਡਿਟ ਕਰਵਾਉਣ ਦੇ ਹੁਕਮ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਸੂਰਤ (ਗੁਜਰਾਤ) ਵਿੱਚ ਇਕ ਇਮਾਰਤ ਵਿੱਚ ਅੱਗ ਲੱਗਣ ਦੀ ਵਾਪਰੀ ਘਟਨਾ ਮਗਰੋਂ ਜ਼ਿਲ੍ਹਾ ਮੁਹਾਲੀ ਦੀ ਹੱਦ ਅੰਦਰ ਦੁਕਾਨਾਂ/ਸ਼ਾਪਿੰਗ ਮਾਲ/ਫੈਕਟਰੀਆਂ/ਸਨਅਤੀ ਇਕਾਈਆਂ ਦਾ ਵਿਸਤਾਰ ਨਾਲ ਫਾਇਰ ਸੇਫ਼ਟੀ ਆਡਿਟ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਸ ਆਡਿਟ ਨਾਲ ਇਹ ਗੱਲ ਪਤਾ ਲੱਗੇਗੀ ਕਿ ਇਨ੍ਹਾਂ ਅਦਾਰਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਢੁਕਵੇਂ ਉਪਕਰਨ ਜਾਂ ਸਹੂਲਤਾਂ ਮੌਜੂਦ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ਫਾਇਰ ਆਡਿਟ ਦੇ ਘੇਰੇ ਵਿੱਚ ਸਰਕਾਰੀ ਵਿਭਾਗ ਅਤੇ ਦਫ਼ਤਰ ਵੀ ਆਉਣਗੇ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗ ਆਪਣੀ ਰਿਪੋਰਟ 7 ਜੂਨ ਤੱਕ ਜਮ੍ਹਾਂ ਕਰਵਾ ਦੇਣ। ਉਨ੍ਹਾਂ ਕਿਹਾ ਕਿ ਹਰੇਕ ਸੰਸਥਾ ਫਾਇਰ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਏ ਅਤੇ ਅੱਗ ਸੁਰੱਖਿਆ ਉਪਕਰਨ, ਹਾਇਡ੍ਰੋਲਿਕ ਪੌੜੀਆਂ ਅਤੇ ਫਾਇਰ ਸੇਫਟੀ ਸਟਾਫ਼ ਰੱਖਣਾ ਯਕੀਨੀ ਬਣਾਏ। (ਬਾਕਸ ਆਈਟਮ-2) ਮੁਹਾਲੀ ਨਗਰ ਨਿਗਮ ਵੱਲੋਂ ਸ਼ਹਿਰ ਦੀ ਆਬਾਦੀ ਵਧਣ ਅਤੇ ਲਗਾਤਾਰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸ਼ਹਿਰ ਵਿੱਚ ਦੋ ਹੋਰ ਨਵੇਂ ਸਬ ਫਾਇਰ ਸਟੇਸ਼ਨ ਬਣਾਉਣ ਦਾ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ। ਲੇਕਿਨ ਹੁਣ ਤੱਕ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋਇਆ। ਇਸ ਸਬੰਧੀ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਵੇਂ ਸਬ ਫਾਇਰ ਸਟੇਸ਼ਨ ਬਣਾਉਣ ਲਈ ਨਗਰ ਨਿਗਮ ਨੂੰ ਜ਼ਮੀਨ ਦੇਣ ਲਈ ਗਮਾਡਾ ਨੇ ਲੋੜੀਂਦੀ ਥਾਂ ਦੀ ਤਲਾਸ਼ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਆਮ ਸ਼ਹਿਰਾਂ ਨਾਲੋਂ ਵਧੀਆਂ ਪ੍ਰਬੰਧ ਹਨ ਪ੍ਰੰਤੂ ਗੱਡੀਆਂ ਖੜੀਆਂ ਕਰਨ ਲਈ ਥਾਂ ਨਹੀਂ ਹੈ ਅਤੇ ਫਾਇਰਮੈਨ ਵੀ ਕਾਫੀ ਘੱਟ ਹਨ। ਉਨ੍ਹਾਂ ਮੰਗ ਕੀਤੀ ਕਿ ਨਵੇਂ ਫਾਇਰ ਸਟੇਸ਼ਨ ਬਣਾਉਣ ਤੋਂ ਪਹਿਲਾਂ ਫਾਇਰਮੈਨ ਅਤੇ ਹੋਰ ਸਟਾਫ਼ ਦੀ ਭਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸਰਕਾਰ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ