ਸੁਰਿੰਦਰ ਗਿੱਲ ਦੇ ਕਾਵਿ-ਸੰਗ੍ਰਹਿ ‘ਪੁਲ ਤੇ ਪਾਣੀ’ ਲੋਕ ਅਰਪਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵੱਲੋਂ ਸੁਰਿੰਦਰ ਗਿੱਲ ਦੇ ਕਾਵਿ-ਸੰਗ੍ਰਹਿ ‘ਪੁਲ ਤੇ ਪਾਣੀ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆ ਨੂੰ’ ਕਹਿੰਦਿਆਂ ਸੁਰਿੰਦਰ ਗਿੱਲ ਦੇ ਕਾਵਿ-ਸੰਗ੍ਰਹਿ ‘ਪੁਲ਼ ਤੇ ਪਾਣੀ’ ਲਈ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਆਖਿਆ ਕਿ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਸੁਰਿੰਦਰ ਗਿੱਲ ਆਪਣੀਆਂ ਲਿਖਤਾਂ ਰਾਹੀਂ ਗੱਲਾਂ ਨੂੰ ਬੇਬਾਕੀ ਨਾਲ ਕਹਿਣ ਤੇ ਲਿਖਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਵਲੋਂ ਸਮੁੱਚੇ ਪ੍ਰਧਾਨਗੀ ਮੰਡਲ ਨਾਲ ਮਿਲਕੇ ਸੁਰਿੰਦਰ ਗਿੱਲ ਦੇ ਕਾਵਿ-ਸੰਗ੍ਰਹਿ ‘ਪੁਲ ਤੇ ਪਾਣੀ‘ ਲੋਕ ਅਰਪਣ ਕੀਤਾ ਗਿਆ।
ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਸਿਰੀ ਰਾਮ ਅਰਸ਼ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ‘ਚ ਵਿਸਥਾਰ ਸਹਿਤ ਬੋਲਦਿਆਂ ਕਿਹਾ ਕਿ ਕਵੀ ਦੀ ਪ੍ਰਤੀਬੱਧਤਾ ਉਹਨਾਂ ਵਿਅਕਤੀਆਂ ਨਾਲ ਹੈ ਜਿਨ੍ਹਾਂ ਨੂੰ ਅਸੀਂ ਅੱਖੋਂ ਪਰੋਖੇ ਕੀਤਾ ਹੈ। ਸੁਰਿੰਦਰ ਗਿੱਲ ਵਰਗੇ ਪ੍ਰਭਾਵਸ਼ਾਲੀ ਕਵੀ ਨੇ ਇਸ ਪੁਸਤਕ ਵਿੱਚ ਵੀ ਆਪਣੀ ਪਲੇਠੀ ਪੁਸਤਕ ਵਰਗੀ ਪ੍ਰਤੀਬੱਧਤਾ ਕਾਇਮ ਰੱਖੀ ਹੈ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਸਰਬਜੀਤ ਕੌਰ ਸੋਹਲ ਵੱਲੋਂ ਸੁਰਿੰਦਰ ਗਿੱਲ ਦੀ ਕਵਿਤਾ ਬਾਰੇ ਬੋਲਦਿਆਂ ਆਖਿਆ ਗਿਆ ਕਿ ਸੁਰਿੰਦਰ ਗਿੱਲ ਦੀ ਕਵਿਤਾ ਹਨ੍ਹੇਰੇ ਨੂੰ ਚੀਰਦੀ ਕਿਰਨ ਵਾਂਗਰ ਹੈ ਜੋ ਸ਼ਿੱਦਤ ਅਤੇ ਜਜ਼ਬੇ ਨਾਲ ਲਬਰੇਜ਼ ਹੈ। ਵਿਸ਼ੇਸ਼ ਮਹਿਮਾਨ ਸ਼ਿਵ ਨਾਥ ਵੱਲੋਂ ਸੁਰਿੰਦਰ ਗਿੱਲ ਦੀ ਕਵਿਤਾ ਅਤੇ ਸ਼ਖ਼ਸੀਅਤ ਬਾਰੇ ਬੋਲਦਿਆਂ ਆਖਿਆ ਗਿਆ ਕਿ ਮੈਂ ਸੁਰਿੰਦਰ ਦੀ ਕਵਿਤਾ ਤੋਂ ਇਹੀ ਸਿੱਖਿਆ ਹੈ ਕਿ ਕੀ ਲਿਖਣਾ ਚਾਹੀਦਾ ਹੈ ਅਤੇ ਕਿਉਂ ਲਿਖਣਾ ਚਾਹੀਦਾ ਹੈ? ਉਸ ਦੀ ਕਵਿਤਾ ਸਾਨੂੰ ਜਿਊਣ ਤੇ ਲਿਖਣ ਦੀ ਜਾਚ ਸਿਖਾਉਂਦੀ ਹੈ। ਪਰਚਾ ਲੇਖਕ ਡਾ. ਨਿਰਮਲ ਸਿੰਘ ਬਾਸੀ ਵੱਲੋਂ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਗਿਆ ਕਿ ਹਥਲੀ ਪੁਸਤਕ ਵਿੱਚ ਕਵੀ ਨੇ ਜੀਵਨ ਅਤੇ ਸਮਾਜ ਦੇ ਵੱਖ-ਵੱਖ ਰੰਗਾਂ ਨੂੰ ਆਪਣੀ ਚਿੰਤਨਸ਼ੀਲ ਦ੍ਰਿਸ਼ਟੀ ਨਾਲ ਫੜ੍ਹਨ ਦੀ ਕੋਸ਼ਿਸ਼ ਕੀਤੀ ਹੈ। ਸੁਰਿੰਦਰ ਗਿੱਲ ਮਨੁੱਖਤਾ ਅਤੇ ਜੀਵਨ ਦੇ ਸੁਹੱਪਣ ਦੀ ਲੋਚਾ ਰੱਖਣ ਵਾਲਾ ਅਲਬੇਲਾ ਕਵੀ ਹੈ।
ਪੁਸਤਕ ਲੇਖਕ ਸੁਰਿੰਦਰ ਗਿੱਲ ਵੱਲੋਂ ਆਖਿਆ ਗਿਆ ਕਿ ਪਾਠਕਾਂ ਦੇ ਪਿਆਰ ਅਤੇ ਹੁੰਗਾਰੇ ਨੇ ਮੈਨੂੰ ਫਿਰ ਤੋਂ ਲਿਖਣ ਲਈ ਸੁਰਜੀਤ ਕਰ ਦਿੱਤਾ ਹੈ ਅਤੇ ਉਮਰ ਦੇ ਇਸ ਮੋੜ ’ਤੇ ਮੈਨੂੰ ਪੁਲ ਵਰਗੇ ਭਾਂਤੀ ਖੜ੍ਹੇ ਹੋਏ ਨੂੰ ਪਾਣੀ ਵਾਂਗ ਵਗਣ ਲਾਇਆ ਹੈ। ਹੁਣ ਮੈਂ ਮਰਦੇ ਦਮ ਤੱਕ ਲਿਖਦਾ ਰਹਾਂਗਾ। ਹਥਲੀ ਪੁਸਤਕ ਬਾਰੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਹ ਪੁਸਤਕ ਪੜ੍ਹੀ ਜਾਏਗੀ ਤੇ ਚੰਗੇ ਪਾਠਕ ਪੈਦਾ ਕਰੇਗੀ। ਇਨ੍ਹਾਂ ਤੋਂ ਇਲਾਵਾ ਰਜਿੰਦਰ ਸਿੰਘ ਧੀਮਾਨ ਵੱਲੋਂ ਸੁਰਿੰਦਰ ਗਿੱਲ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਹਮੇਸ਼ਾ ਕਰਮਸ਼ੀਲ ਰਹਿਣ ਦੀ ਕਾਮਨਾ ਕੀਤੀ। ਬਾਬੂ ਰਾਮ ਦੀਵਾਨਾ ਵੱਲੋਂ ਸੁਰਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਉਹਨਾਂ ਦੀ ਹੀ ਇੱਕ ਗ਼ਜ਼ਲ ਦਾ ਗਾਇਨ ਕੀਤਾ ਗਿਆ। ਭਗਤ ਰਾਮ ਰੰਗਾੜਾ ਨੇ ਸੁਰਿੰਦਰ ਗਿੱਲ ਨੂੰ ਹਮੇਸ਼ਾ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਲਿਖਣ ਵਾਲੇ ਕਵੀ ਆਖਿਆ। ਬਲਵਿੰਦਰ ਸਿੰਘ ਢਿੱਲੋਂ ਵੱਲੋਂ ਵਾਰ ਅਤੇ ਮੈਡਮ ਸਨੇਹ ਪ੍ਰਭਾ ਵੱਲੋਂ ਗ਼ਜ਼ਲ ਗਾਇਨ ਕੀਤਾ ਗਿਆ।
ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। ਇਨ੍ਹਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਸ਼ੈਲੀ ਧੀਰ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਬੂਟਾ ਸਿੰਘ, ਪ੍ਰੀਤਮ ਸਿੰਘ, ਅਸ਼ੋਕ ਨਾਦਿਰ, ਤਰਵਿੰਦਰ ਸਿੰਘ, ਸ਼ਬਦੀਸ਼, ਜਤਿੰਦਰਪਾਲ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …