
ਐਸਡੀਐਮ ਸ੍ਰੀਮਤੀ ਬਰਾੜ ਵੱਲੋਂ ਸਰਕਾਰੀ ਹਸਪਤਾਲ ਕੁਰਾਲੀ ਦੀ ਕੀਤੀ ਅਚਨਚੇਤ ਚੈਕਿੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 5 ਜੁਲਾਈ
ਸਰਕਾਰੀ ਹਸਪਤਾਲਾਂ, ਡਿਸਪੈਸਰੀਆਂ ਵਿਚ ਮਰੀਜ਼ਾਂ ਨੂੰ ਸਮੇਂ ਸਿਰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਜਿਥੇ ਕਿਤੇ ਕੋਈ ਕਮੀ ਪਾਈ ਜਾਂਦੀ ਹੈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਵਿਚਾਰ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਸਵੇਰੇ 9:30 ਵਜੇ ਸਰਕਾਰੀ ਹਸਪਤਾਲ ਕੁਰਾਲੀ ਦੀ ਅਚਨਚੇਤ ਚੈਕਿੰਗ ਸਮੇਂ ਕੀਤਾ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਹਸਪਤਾਲ ਵਿੱਚ ਡਾਕਟਰ, ਨਰਸਿੰਗ ਸਟਾਫ਼, ਸਹਾਇਕ ਦਰਜ਼ਾ ਹਾਜ਼ਰ ਮਿਲੇ ਅਤੇ ਐਸਐਮਓ ਛੁੱਟੀ ’ਤੇ ਪਾਏ ਗਏ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਐਮਰਜੈਂਸੀ ਅਤੇ ਦੂਜੀਆਂ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ।
ਸ੍ਰੀਮਤੀ ਬਰਾੜ ਨੇ ਦੱਸਿਆ ਕਿ ਹਸਪਤਾਲ ਦ ਰੱਖ ਰਖਾਓ, ਵਾਰਡਾਂ ਦੀ ਸਫਾਈ ਤਸੱਲੀਬਖ਼ਸ ਸੀ ਅਤੇ ਹਸਪਤਾਲ ਵਿੱਚ ਸਪੈਸ਼ਲਲਿਸਟ ਡਾਕਟਰ ਦੀ ਘਾਟ ਜ਼ਰੂਰ ਪਾਈ ਗਈ। ਹਸਪਤਾਲ ਦੇ ਬਾਹਰ ਵਾਲੇ ਏਰੀਆ ਵਿਚ ਸਫਾਈ ਠੀਕ ਨਹੀਂ ਸੀ ਅਤੇ ਘਾਹ ਖੜਾ ਸੀ, ਜਿਸ ਦੀ ਸਫਾਈ ਕਰਵਾਉਣ ਲਈ ਨਗਰ ਕੌਸਲ ਕੁਰਾਲੀ ਦੇ ਈ.ਓ. ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਹਸਪਤਾਲ ਦੇ ਬਾਹਰਲੇ ਏਰੀਆਂ ਦੀ ਸਫਾਈ ਦਾ ਤੁਰੰਤ ਪ੍ਰਬੰਧ ਕਰਵਾਉਣ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਭਵਿੱਖ ਵਿੱਚ ਜਾਰੀ ਰਹੇਗੀ ਅਤੇ ਸਰਕਾਰੀ ਵਿਭਾਗਾਂ ਦੇ ਮੁਖੀਆਂ, ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇ ਸਿਰ ਦਫ਼ਤਰ ਆਉਣ ਅਤੇ ਜਨਤਾ ਦੇ ਕੰਮ ਪਹਿਲ ਦੇ ਅਧਾਰ ’ਤੇ ਨਿਪਟਾਉਣ।