ਮੁਹਾਲੀ ਤੇ ਆਸਪਾਸ ਖੇਤਰ ਵਿੱਚ ਰਾਸ਼ਨ ਡਿੱਪੂਆਂ ਦੀ ਅਚਨਚੇਤ ਚੈਕਿੰਗ

ਲਾਭਪਾਤਰੀਆਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦਿੱਤੀ

ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ:
ਪੰਜਾਬ ਖ਼ੁਰਾਕ ਕਮਿਸ਼ਨ ਦੇ ਮੈਂਬਰ ਵਿਜੈ ਦੱਤ ਨੇ ਅੱਜ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਰਾਸ਼ਨ ਡਿੱਪੂਆਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਚੈਕਿੰਗ ਦਾ ਉਦੇਸ਼ ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ ਅਧੀਨ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਨ ਅਤੇ ਮੁਲਾਂਕਣ ਕਰਨਾ ਸੀ। ਵਿਜੈ ਦੱਤ ਨੇ ਅੱਜ ਇੱਥੋਂ ਦੇ ਸੈਕਟਰ-55, ਫੇਜ਼-1 ਅਤੇ ਖਰੜ ਸਮੇਤ ਹੋਰਨਾਂ ਰਾਸ਼ਨ ਡਿੱਪੂਆਂ ਦੀ ਚੈਕਿੰਗ ਕੀਤੀ ਅਤੇ ਲਾਭਪਾਤਰੀਆਂ ਨਾਲ ਸਿੱਧੀ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਲਾਭਪਾਤਰੀਆਂ ਨੂੰ ਹੱਕਾਂ ਬਾਰੇ ਜਾਣਕਾਰੀ ਕੀਤੀ। ਚੈਕਿੰਗ ਦੌਰਾਨ ਵਿਭਾਗ ਦੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ।
ਵਿਜੈ ਦੱਤ ਨੇ ਦੱਸਿਆ ਕਿ ਸਰਕਾਰ ਜਨਵਰੀ ਤੋਂ ਮਾਰਚ ਤੱਕ ਤਿੰਨ ਮਹੀਨੇ ਲਈ ਕਣਕ ਵੰਡਣ ਦੀ ਯੋਜਨਾ ਚਲਾ ਰਹੀ ਹੈ। ਅੰਕੜਿਆਂ ਅਨੁਸਾਰ ਮੁਹਾਲੀ ਜ਼ਿਲ੍ਹੇ ਵਿੱਚ ਲਗਪਗ 25 ਫੀਸਦੀ ਕਣਕ ਵੰਡੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਰਾਸ਼ਨ ਡਿੱਪੂਆਂ ਵਿੱਚ ਬਾਇਓਮੈਟ੍ਰਿਕ ਮਸ਼ੀਨਾਂ ਅਤੇ ਇਲੈਕਟ੍ਰਿਕ ਤੋਲ ਮਸ਼ੀਨਾਂ ਦੀ ਸਥਾਪਨਾ ਨਾਲ ਰਾਸ਼ਨ ਵੰਡਣ ਦੀ ਪ੍ਰਕਿਰਿਆ ਹੋਰ ਜ਼ਿਆਦਾ ਪਾਰਦਰਸ਼ੀ ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਚਾਨਕ ਦੌਰੇ ’ਤੇ ਰਹਿੰਦੇ ਹਨ ਅਤੇ ਭਲਾਈ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਸੇ ਕਿਸਮ ਦੀ ਗਲਤੀ ਪਾਉਣ ’ਤੇ ਸਖ਼ਤ ਕਦਮ ਚੁੱਕਣ ’ਤੇ ਜ਼ੋਰ ਦਿੰਦਿਆਂ ਮੀਡੀਆ ਰਾਹੀਂ ਇਹ ਸੰਦੇਸ਼ ਵੀ ਜਾਰੀ ਕੀਤਾ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਤੀਕ ਕਣਕ ਨਹੀਂ ਲਈ, ਉਹ ਸਬੰਧਤ ਡਿੱਪੂ ’ਤੇ ਜਾ ਕੇ ਕਣਕ ਲੈ ਸਕਦੇ ਹਨ।
ਕਮਿਸ਼ਨ ਦੇ ਮੈਂਬਰ ਨੇ ਹਦਾਇਤ ਦਿੱਤੀ ਹੈ ਕਿ ਪੰਜਾਬ ਖ਼ੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ (9876764545) ਜ਼ਿਲ੍ਹੇ ਦੇ ਸਾਰੇ ਸਰਕਾਰੀ ਰਾਸ਼ਨ ਡਿੱਪੂਆਂ ’ਤੇ ਦਰਸਾਇਆ ਜਾਵੇ। ਜੇਕਰ ਕਿਸੇ ਲਾਭਪਾਤਰੀ ਨੂੰ ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੀਆਂ ਯੋਜਨਾਵਾਂ ਨਾਲ ਸਬੰਧਤ ਕੋਈ ਸ਼ਿਕਾਇਤ ਹੈ, ਤਾਂ ਉਹ ਇਸ ਹੈਲਪਲਾਈਨ ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ

ਸਾਕਾ ਨਨਕਾਣਾ ਸਾਹਿਬ ਦੇ 104 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 21 ਫਰਵਰੀ…