Nabaz-e-punjab.com

ਜਬਰ ਜਨਾਹ ਦੇ ਮਾਮਲੇ ਵਿੱਚ ਸ਼ੱਕੀ ਮੁਲਜ਼ਮ ਕਾਰ ਚਾਲਕ ਦਾ ਸਕੈਚ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਅੌਰਤ ਨਾਲ ਜਬਰ ਜਨਾਹ ਦੇ ਮਾਮਲੇ ਵਿੱਚ ਪੁਲੀਸ ਨੇ ਪੀੜਤ ਅੌਰਤ ਦੀ ਨਿਸ਼ਾਨਦੇਹੀ ’ਤੇ ਸ਼ੱਕੀ ਮੁਲਜ਼ਮ ਕਾਰ ਚਾਲਕ ਦਾ ਸਕੈਚ ਤਿਆਰ ਕੀਤਾ ਗਿਆ ਹੈ। ਜਿਸ ਨੂੰ ਪੁਲੀਸ ਨੇ ਅੱਜ ਮੀਡੀਆ ਵਿੱਚ ਜਾਰੀ ਕਰਦਿਆਂ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਅੌਰਤ ਅਨੁਸਾਰ ਕਾਰ ਚਾਲਕ ਸਿਰ ਤੋਂ ਮੋਨਾ ਹੈ ਜੋ ਕਿ ਹਿੰਦੀ ਅਤੇ ਪੰਜਾਬੀ ਬੋਲਦਾ ਹੈ। ਪੁਲੀਸ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਕਾਰ ਚਾਲਕ ਨੇ ਪਹਿਲਾਂ ਪੀੜਤ ਲੜਕੀ ਦੀ ਰੇਕੀ ਕੀਤੀ ਹੋਵੇ ਅਤੇ ਇਸ ਮਗਰੋਂ ਉਸ ਬਾਰੇ ਜਾਣਕਾਰੀ ਹਾਸਲ ਕਰ ਕੇ ਪੀੜਤ ਨੂੰ ਆਪਣੀ ਕਾਰ ਵਿੱਚ ਲਿਫਟ ਦਿੱਤੀ ਹੋਵੇ। ਉਧਰ, ਪੁਲੀਸ ਵੱਲੋਂ ਮੁਹਾਲੀ ਅਤੇ ਚੰਡੀਗੜ੍ਹ ਦੇ ਵੱਖ ਵੱਖ ਟੈਕਸੀ ਸਟੈਂਡਾਂ ਦਾ ਦੌਰਾ ਕਰਕੇ ਮੁਲਜ਼ਮ ਕਾਰ ਚਾਲਕ ਦਾ ਸਕੈਚ ਦਿਖਾ ਕੇ ਪੁੱਛਗਿੱਛ ਕੀਤੀ। ਲੇਕਿਨ ਖ਼ਬਰ ਲਿਖੇ ਜਾਣ ਤੱਕ ਪੁਲੀਸ ਨੂੰ ਮੁਲਜ਼ਮ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਮੁਲਜ਼ਮ ਦੇ ਗ੍ਰਿਫ਼ਤਾਰੀ ਤੋਂ ਬਚਨ ਲਈ ਬਾਹਰ ਭੱਜਣ ਦੇ ਖ਼ਦਸ਼ੇ ਨੂੰ ਦੇਖਦਿਆਂ ਰੇਲਵੇ ਸਟੇਸ਼ਨਾਂ ਅਤੇ ਗੁਆਂਢੀ ਸੂਬਿਆਂ ਦੀ ਪੁਲੀਸ ਨੂੰ ਸ਼ੱਕੀ ਮੁਲਜ਼ਮ ਦਾ ਸਕੈਚ ਭੇਜ ਕੇ ਅਲਰਟ ਕੀਤਾ ਗਿਆ ਹੈ।
ਇਸ ਸਬੰਧੀ ਐਸਐਸਪੀ ਹਰਚਰਨ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਉਕਤ ਮਾਮਲੇ ਨੂੰ ਸੁਲਝਾਉਣ ਲਈ ਪੁਲੀਸ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਛੇਤੀ ਹੀ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਮਾਮਲੇ ਵਿੱਚ ਮੁਅੱਤਲ ਕੀਤੇ ਗਏ ਥਾਣਾ ਸੋਹਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਬਾਰੇ ਕਿਹਾ ਕਿ ਥਾਣਾ ਮੁਖੀ ਖ਼ਿਲਾਫ਼ ਵਿਭਾਗੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਥਾਣਾ ਮੁਖੀ ਨੂੰ ਮੁਅੱਤਲ ਕਰਨ ਤੋਂ ਪਹਿਲਾਂ ਸਬੰਧਤ ਡੀਐਸਪੀ ਦੀ ਰਿਪੋਰਟ ਮੰਗੀ ਗਈ ਸੀ। ਅਤੇ ਡੀਐਸਪੀ ਦੀ ਰਿਪੋਰਟ ਮੁਤਾਬਕ ਐਸਐਚਓ ਦੀ ਕਥਿਤ ਨਾਲਾਇਕੀ ਸਾਹਮਣੇ ਆਈ ਸੀ, ਕਿਉਂਕਿ ਥਾਣਾ ਮੁਖੀ ਨੇ ਨਾ ਤਾਂ ਪੀੜਤ ਲੜਕੀ ਦੀ ਗੱਲ ਸੁਣ ਕੇ ਤੁਰੰਤ ਪ੍ਰਭਾਵ ਨਾਲ ਕੇਸ ਦਰਜ ਕੀਤਾ ਗਿਆ ਅਤੇ ਨਾ ਹੀ ਉਕਤ ਗੰਭੀਰ ਮਾਮਲੇ ਬਾਰੇ ਕਿਸੇ ਉੱਚ ਅਧਿਕਾਰੀ ਨੂੰ ਮੁੱਢਲੀ ਜਾਣਕਾਰੀ ਹੀ ਦਿੱਤੀ ਗਈ ਸੀ। ਸੂਤਰ ਦੱਸਦੇ ਹਨ ਕਿ ਮੁਅੱਤਲ ਕੀਤੇ ਥਾਣਾ ਮੁਖੀ ਦੇ ਖ਼ਿਲਾਫ਼ ਪਹਿਲਾਂ ਮਟੌਰ ਥਾਣੇ ਦੇ ਇੱਕ ਹੌਲਦਾਰ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਚਲ ਰਹੀ ਹੈ। ਇਸ ਮਾਮਲੇ ਦੀ ਜਾਂਚ ਐਸਪੀ ਹੈੱਡਕੁਆਰਟ ਕਰ ਰਹੇ ਹਨ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …