Share on Facebook Share on Twitter Share on Google+ Share on Pinterest Share on Linkedin ਸਿੱਖਿਆ ਬੋਰਡ ਵੱਲੋਂ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਪ੍ਰੀਖਿਆ ਸ਼ਾਖਾ (ਦਸਵੀਂ) ਦਾ ਸਹਾਇਕ ਸਕੱਤਰ ਮੁਅੱਤਲ ਮੁਅੱਤਲੀ ਦੇ ਹੁਕਮਾਂ ਦੇ ਬਾਵਜੂਦ ਸਹਾਇਕ ਸਕੱਤਰ ਨੇ ਦਫ਼ਤਰ ਵਿੱਚ ਬੈਠ ਕੇ ਕੀਤਾ ਕੰਮ, ਫੋਟੋਆਂ ਤੇ ਵੀਡੀਓ ਹੋਈ ਵਾਇਰਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਸ਼ਾਖਾ (ਦਸਵੀਂ) ਦੇ ਸਹਾਇਕ ਸਕੱਤਰ ਇਕਬਾਲ ਸਿੰਘ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਅਮਲਾ ਸ਼ਾਖਾ ਦੀ ਸੁਪਰਡੈਂਟ ਨਿਰਦੋਸ਼ ਸ਼ਰਮਾ ਦੇ ਦਸਖ਼ਤਾਂ ਹੇਠ ਜਾਰੀ ਹੋਏ ਮੁਅੱਤਲੀ ਦੇ ਹੁਕਮਾਂ ਵਿੱਚ ਲਿਖਿਆ ਹੈ ਕਿ ਬੋਰਡ ਦੇ ਸੀਨੀਅਰ ਸਹਾਇਕ ਜਸਬੀਰ ਸਿੰਘ ਨੂੰ ਪ੍ਰੀਖਿਆ ਸ਼ਾਖਾ (ਦਸਵੀਂ) ਵਿੱਚ ਹਾਜ਼ਰ ਨਾ ਕਰਵਾਏ ਜਾਣ ਸਬੰਧੀ ਇਕਬਾਲ ਸਿੰਘ ਨੂੰ ਚੇਅਰਮੈਨ ਦਫ਼ਤਰ ਵਿੱਚ ਸੱਦ ਕੇ ਉਨ੍ਹਾਂ ਦੀ ਜਵਾਬ-ਤਲਬੀ ਕੀਤੀ ਗਈ ਤਾਂ ਇਕਬਾਲ ਸਿੰਘ ਨੇ ਮੀਟਿੰਗ ਦੌਰਾਨ ਚੇਅਰਮੈਨ ਨਾਲ ਕਥਿਤ ਬਦਸਲੂਕੀ ਕੀਤੀ ਗਈ ਅਤੇ ਦਫ਼ਤਰ ’ਚੋਂ ਬਾਹਰ ਚਲੇ ਗਏ। ਜਿਸ ਕਾਰਨ ਪ੍ਰੀਖਿਆ ਸ਼ਾਖਾ (ਦਸਵੀਂ) ਦੇ ਸਹਾਇਕ ਸਕੱਤਰ ਇਕਬਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ (ਸਜ਼ਾ ਤੇ ਅਪੀਲ) ਵਿਨਿਯਮ-1978 ਦੇ ਨਿਯਮ-16 ਅਧੀਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ। ਦੱਸਿਆ ਗਿਆ ਹੈ ਕਿ ਮੁਅੱਤਲੀ ਅਧੀਨ ਸਬੰਧਤ ਸਹਾਇਕ ਸਕੱਤਰ ਨੂੰ ਨਿਯਮਾਂ ਅਨੁਸਾਰ ਗੁਜ਼ਾਰਾ ਪੱਤਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦਾ ਹੈੱਡ ਕੁਆਰਟਰ ਮੁੱਖ ਦਫ਼ਤਰ ਵਿੱਚ ਹੋਵੇਗਾ। ਸਕੂਲ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਪ੍ਰੀਖਿਆ ਸ਼ਾਖਾ (ਦਸਵੀਂ) ਦੇ ਸਹਾਇਕ ਸਕੱਤਰ ਇਕਬਾਲ ਸਿੰਘ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਵਿੱਚ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਨੁਸ਼ਾਸਨਹੀਣਤਾ ਅਤੇ ਲੇਟ ਲਤੀਫ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਧਰ, ਬੋਰਡ ਦੇ ਸੂਤਰਾਂ ਦੀ ਜਾਣਕਾਰੀ ਅਨੁਸਾਰ ਬੋਰਡ ਦਾ ਸੀਨੀਅਰ ਸਹਾਇਕ ਜਸਬੀਰ ਸਿੰਘ ਅਕਸਰ ਘੱਟ ਵੱਧ ਹੀ ਦਫ਼ਤਰ ਆਉਂਦਾ ਹੈ। ਜਿਸ ਕਾਰਨ ਉਸ ਨੂੰ ਸਾਲ 2016 ਵਿੱਚ ਗੈਰ ਹਾਜ਼ਰ ਰਹਿਣ ਕਾਰਨ ਚਾਰਜਸ਼ੀਟ ਵੀ ਕੀਤਾ ਜਾ ਚੁੱਕਾ ਹੈ। ਜੇਕਰ ਦਫ਼ਤਰ ਆਉਂਦਾ ਵੀ ਹੈ ਤਾਂ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਹੈ। ਉਹ ਜਨਵਰੀ ਵਿੱਚ ਸਿਰਫ਼ 9 ਦਿਨ ਹੀ ਦਫ਼ਤਰ ਆਇਆ ਹੈ ਅਤੇ ਫਰਵਰੀ ਵਿੱਚ ਵੀ ਬਹੁਤ ਘੱਟ ਦਫ਼ਤਰ ਆਇਆ ਹੈ। ਦੱਸਿਆ ਗਿਆ ਹੈ ਕਿ ਉਕਤ ਕਰਮਚਾਰੀ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਹੈ। ਜਸਬੀਰ ਸਿੰਘ ਨੇ ਹੁਣ ਬੋਰਡ ਮੈਨੇਜਮੈਂਟ ਤੋਂ ਇੱਕ ਆਖਰੀ ਮੌਕਾ ਮੰਗਦਿਆਂ ਆਪਣੇ ਦਫ਼ਤਰ ਵਿੱਚ ਸੁਧਾਰ ਲਿਆਉਣ ਅਤੇ ਸਮੇਂ ਸਿਰ ਹਾਜ਼ਰ ਹੋਣ ਸਬੰਧੀ ਲਿਖ ਕੇ ਦਿੱਤਾ ਗਿਆ ਹੈ। ਜਿਸ ਕਾਰਨ ਬੋਰਡ ਨੇ ਤਰਸ ਦੇ ਆਧਾਰ ’ਤੇ ਕਰਮਚਾਰੀ ਨੂੰ ਆਖ਼ਰੀ ਮੌਕਾ ਦਿੰਦਿਆਂ ਪ੍ਰੀਖਿਆ ਸ਼ਾਖਾ (ਦਸਵੀਂ) ਵਿੱਚ ਤਾਇਨਾਤ ਕੀਤਾ ਗਿਆ ਲੇਕਿਨ ਪ੍ਰੀਖਿਆ ਸ਼ਾਖਾ (ਦਸਵੀਂ) ਦੇ ਸਹਾਇਕ ਸਕੱਤਰ ਇਕਬਾਲ ਸਿੰਘ ਨੇ ਉਕਤ ਕਰਮਚਾਰੀ ਨੂੰ ਜੁਆਇਨ ਨਹੀਂ ਕਰਵਾਇਆ। ਬੀਤੇ ਕੱਲ੍ਹ ਬਾਅਦ ਦੁਪਹਿਰ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਨੇ ਦਸਵੀਂ ਅਤੇ ਬਾਰ੍ਹਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਸਬੰਧੀ ਅਗਾਊਂ ਪ੍ਰਬੰਧਾਂ ਦੀ ਸਮੀਖਿਆ ਲਈ ਪ੍ਰੀਖਿਆਵਾਂ ਸ਼ਾਖਾਵਾਂ ਦੇ ਮੁਖੀਆਂ ਅਤੇ ਦਫ਼ਤਰੀ ਸਟਾਫ਼ ਦੀ ਹੰਗਾਮੀ ਮੀਟਿੰਗ ਸੱਦੀ ਸੀ। ਜਿਸ ਵਿੱਚ ਕਰਮਚਾਰੀ ਦੇ ਲੇਟ ਆਉਣ ਅਤੇ ਜਸਬੀਰ ਸਿੰਘ ਨੂੰ ਡਿਊਟੀ ਜੁਆਇਨ ਨਾ ਕਰਨ ਬਾਰੇ ਸਹਾਇਕ ਸਕੱਤਰ ਇਕਬਾਲ ਸਿੰਘ ਦੀ ਜਵਾਬਤਲਬੀ ਕਰਦਿਆਂ ਚੇਅਰਮੈਨ ਨੇ ਸਪੱਸ਼ਟ ਆਖਿਆ ਕਿ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲੇਟ ਲਤੀਫ਼ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਹ ਗੱਲ ਸੁਣ ਕੇ ਇਕਬਾਲ ਸਿੰਘ ਨੇ ਚੇਅਰਮੈਨ ਨੂੰ ਆਖਿਆ ਕਿ ਪਹਿਲਾਂ ਅਨੁਸ਼ਾਸਨੀ ਕਾਰਵਾਈ ਹੀ ਕਰ ਲਓ? ਸਹਾਇਕ ਸਕੱਤਰ ਦੇ ਇਸ ਰਵੱਈਏ ਦਾ ਚੇਅਰਮੈਨ ਨੇ ਗੰਭੀਰ ਨੋਟਿਸ ਲੈਂਦਿਆਂ ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਉਧਰ, ਸੂਤਰ ਇਹ ਵੀ ਦੱਸਦੇ ਹਨ ਕਿ ਸਹਾਇਕ ਸਕੱਤਰ ਨੇ ਚੇਅਰਮੈਨ ਦੇ ਮੁਅੱਤਲੀ ਦੇ ਹੁਕਮਾਂ ਨੂੰ ਟਿੱਚ ਸਮਝਦਿਆਂ ਅੱਜ ਬੋਰਡ ਦਫ਼ਤਰ ਵਿੱਚ ਆਮ ਦਿਨਾਂ ਵਾਂਗ ਆਪਣੇ ਦਫ਼ਤਰ ਵਿੱਚ ਕੰਮ ਕੀਤਾ। ਇਸ ਸਬੰਧੀ ਸਹਾਇਕ ਸਕੱਤਰ ਦੇ ਦਫ਼ਤਰ ਵਿੱਚ ਬੈਠੇ ਹੋਣ ਅਤੇ ਕੰਮ ਕਰਦੇ ਹੋਏ ਦੀ ਫੋਟੋਆਂ ਅਤੇ ਵੀਡੀਓ ਵੀ ਵਾਇਰਲ ਹੋਈ ਹੈ। ਇਸ ਬਾਰੇ ਚੇਅਰਮੈਨ ਦਾ ਕਹਿਣਾ ਹੈ ਕਿ ਇੱਕ ਮੁਅੱਤਲ ਕਰਮਚਾਰੀ ਆਪਣੇ ਦਫ਼ਤਰ ਵਿੱਚ ਕੰਮ ਨਹੀਂ ਕਰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ