ਮੁਅੱਤਲੀ ਮਾਮਲਾ: ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦੇ ਹੱਕ ’ਚ ਡਟੇ ਮੁਲਾਜ਼ਮ, ਰੋਸ ਰੈਲੀ ਕੀਤੀ

ਨਿਰਪੱਖ ਜਾਂਚ ਮੰਗੀ, ਜੇ ਦੋਸ ਸਾਬਤ ਹੋਏ ਤਾਂ ਖ਼ੁਦ ਨੌਕਰੀ ਤੋਂ ਅਸਤੀਫ਼ਾ ਦੇਵਾਂਗਾ: ਖੰਗੂੜਾ

ਨਬਜ਼-ਏ-ਪੰਜਾਬ, ਮੁਹਾਲੀ, 8 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵੱਲੋਂ ਸਰਟੀਫਿਕੇਟ ਵੈਰੀਫਿਕੇਸ਼ਨ ਮਾਮਲੇ ਵਿੱਚ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਸਮੇਤ ਹੈਲਪਰ ਰਾਜਿੰਦਰ ਸਿੰਘ ਅਤੇ ਰਣਜੀਤ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਬੋਰਡ ਮੁਲਾਜ਼ਮਾਂ ਨੇ ਅੱਜ ਮੈਨੇਜਮੈਂਟ ਦੇ ਖ਼ਿਲਾਫ਼ ਵਿਸ਼ਾਲ ਰੋਸ ਰੈਲੀ ਕੀਤੀ। ਜਿਸ ਵਿੱਚ ਵੱਡੀ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।
ਰੈਲੀ ਦੌਰਾਨ ਪਰਵਿੰਦਰ ਸਿੰਘ ਖੰਗੂੜਾ ਨੇ ਮੁਲਾਜ਼ਮਾਂ ਅੱਗੇ ਆਪਣਾ ਪੱਖ ਰੱਖਦਿਆਂ ਬੋਰਡ ਮੈਨੇਜਮੈਂਟ ’ਤੇ ਉਸ ਨੂੰ ਡੂੰਘੀ ਸਾਜ਼ਿਸ਼ ਤਹਿਤ ਮੁਅੱਤਲ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਬੋਰਡ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਘਪਲਿਆਂ ਬਾਰੇ ਆਵਾਜ਼ ਚੁੱਕਦੇ ਆ ਰਹੇ ਹਨ। ਜਿਸ ਕਾਰਨ ਉਹ ਸੀਨੀਅਰ ਅਫ਼ਸਰਾਂ ਦੀਆਂ ਅੱਖਾਂ ਵਿੱਚ ਰੜ੍ਹਕ ਰਿਹਾ ਸੀ ਅਤੇ ਹੁਣ ਉਸ ਦੀ ਆਵਾਜ਼ ਬੰਦ ਕਰਵਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਲੇਕਿਨ ਉਹ ਚੁੱਪ ਕਰਕੇ ਬੈਠਣ ਜਾਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿਸੇ ਮੁਲਾਜ਼ਮ ਨੂੰ ਸ਼ੱਕ ਦੇ ਆਧਾਰ ’ਤੇ ਮੁਅੱਤਲ ਕਰਨਾ ਗੈਰਵਾਜਬ ਹੈ। ਪ੍ਰਧਾਨ ਨੇ ਜਾਂਚ ਅਧਿਕਾਰੀ ਦੀ ਰਿਪੋਰਟ ਨੂੰ ਤੱਥਹੀਣ ਦੱਸਦਿਆਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਜੇਕਰ ਇਸ ਕੇਸ ਵਿੱਚ ਇੱਕ ਪ੍ਰਤੀਸ਼ਤ ਉਸ ਦੀ ਸ਼ਮੂਲੀਅਤ ਸਾਬਤ ਹੋਈ ਤਾਂ ਉਹ ਨੌਕਰੀ ਤੋਂ ਅਸਤੀਫ਼ਾ ਦੇ ਦੇਣਗੇ।
ਸ੍ਰੀ ਖੰਗੂੜਾ ਨੇ ਮੈਨੇਜਮੈਂਟ ’ਤੇ ਦੋਸ਼ ਲਾਇਆ ਕਿ ਵੈਰੀਫਿਕੇਸ਼ਨ ਸਬੰਧੀ ਜਿਸ ਮਾਮਲੇ ਵਿੱਚ ਉਨ੍ਹਾਂ ਨੂੰ ਮੁਅੱਤਲ ਕੀਤਾ ਗਿਆ ਹੈ, ਉਹ 2023 ਵਿੱਚ ਵੈਰੀਫਿਕੇਸ਼ਨ ਬਰਾਂਚ ਵਿੱਚ ਆਉਣ ਤੋਂ ਪਹਿਲਾਂ ਹੀ ਸਿੰਗਲ ਵਿੰਡੋ ਤੋਂ ਕਿਸੇ ਨੇ ਵੈਰੀਫ਼ਾਈ ਕਰਕੇ ਪੰਜਾਬ ਫਾਰਮੇਸੀ ਕੌਂਸਲ ਨੂੰ ਭੇਜ ਦਿੱਤਾ ਸੀ। ਜਿਸ ਨੇ ਵੀ ਇਹ ਕੇਸ ਬਾਹਰੋਂ ਬਾਹਰ ਵੈਰੀਫ਼ਾਈ ਕੀਤਾ ਹੈ, ਉਨ੍ਹਾਂ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਕਥਿਤ ਸਾਜ਼ਿਸ਼ ਤਹਿਤ ਉਨ੍ਹਾਂ ਖ਼ਿਲਾਫ਼ ਇੱਕਤਰਫ਼ਾ ਕਾਰਵਾਈ ਕੀਤੀ ਗਈ।
ਸੇਵਾਮੁਕਤ ਕਰਮਚਾਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਨੇ ਕਿਹਾ ਕਿ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਨੀਲੇ ਗਰੁੱਪ (ਵਿਰੋਧੀ ਧਿਰ) ਦੇ ਆਗੂਆਂ ਵੱਲੋਂ ਮੁਅੱਤਲ ਕੀਤੇ ਮੁਲਾਜ਼ਮਾਂ ਨਾਲ ਖੜ੍ਹਨ ਦੀ ਥਾਂ ਅੱਜ ਦੀ ਰੈਲੀ ਦਾ ਬਾਈਕਾਟ ਕਰਕੇ ਬੋਰਡ ਮੈਨੇਜਮੈਂਟ ਦੇ ਪਿੱਠੂ ਹੋਣ ਦਾ ਸਬੂਤ ਦਿੱਤਾ ਹੈ। ਜਨਰਲ ਸਕੱਤਰ ਗੁਰਮੇਲ ਸਿੰਘ ਮੌਜੇਵਾਲ ਨੇ ਕਿਹਾ ਕਿ ਖੰਗੂੜਾ ਪਿਛਲੇ ਡੇਢ ਦਹਾਕੇ ਤੋਂ ਮੁਲਾਜ਼ਮ ਹਿੱਤਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਹਰਦੇਵ ਸਿੰਘ ਕਲੇਰ ਨੇ ਮੁਲਾਜ਼ਮਾਂ ਨੂੰ ਇੱਕਜੁੱਟ ਕੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ।
ਪੀਐਸਐਮਐਸਯੂ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ, ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ, ਪੰਜਾਬ ਸਿਵਲ ਸਕੱਤਰੇਤ ਕਰਮਚਾਰੀ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵੱਲੋਂ ਗੁਰਵਿੰਦਰ ਸਿੰਘ, ਪੈਨਸ਼ਨਰ ਵੈੱਲਫ਼ੇਅਰ ਦੇ ਪ੍ਰਧਨ ਕਰਮ ਸਿੰਘ ਧਨੋਆ, ਜਨਰਲ ਸਕੱਤਰ ਜਗਦੀਸ਼ ਸਿੰਘ, ਗੌਰਮਿੰਟ ਟੀਰਰਜ਼ ਯੂਨੀਅਨ ਤੋਂ ਮਨਪ੍ਰੀਤ ਸਿੰਘ ਗੋਸਲਾਂ, ਮੁਹਾਲੀ ਨਗਰ ਨਿਗਮ ਤੋਂ ਅਜਮੇਰ ਸਿੰਘ ਲੌਂਗੀਆ ਤੇ ਸੰਤੋਖ ਸਿੰਘ, ਬਾਗਵਾਨੀ ਵਿਭਾਗ ਤੋਂ ਸੁਰੇਸ਼ ਕੁਮਾਰ ਬਾਬਾ, ਪੰਜਾਬ ਲਘੂ ਉਦਯੋਗ ਤੋਂ ਤੇਜਿੰਦਰ ਸਿੰਘ, ਜਲ ਸਰੋਤ ਵਿਭਾਗ ਤੋਂ ਜਗਜੀਵਨ ਸਿੰਘ, ਪੀਐਸਐਸਐਫ਼-1680 ਤੋਂ ਪ੍ਰੇਮ ਚੰਦ ਅਤੇ ਕਰਤਾਰ ਸਿੰਘ ਪਾਲ ਵੀ ਖੰਗੂੜਾ ਦੇ ਸਮਰਥਨ ਵਿੱਚ ਪਹੁੰਚੇ।

ਇਸ ਮੌਕੇ ਪਰਮਜੀਤ ਸਿੰਘ ਬੈਨੀਪਾਲ, ਗੁਰਚਰਨ ਸਿੰਘ ਤਰਮਾਲਾ, ਹਰਮਨਦੀਪ ਬੋਪਾਰਾਏ, ਸੀਮਾ ਸੂਦ, ਲੈਕਚਰਾਰ ਰਾਜੀਵ ਕੁਮਾਰ ਤੇ ਰਾਕੇਸ਼ ਕੁਮਾਰ, ਜੋਗਿੰਦਰ ਸਿੰਘ, ਵੀਰਪਾਲ ਸਿੰਘ, ਬੱਬਲਜੀਤ ਸਿੰਘ, ਮਲਕੀਤ ਸਿੰਘ ਗੱਗੜ, ਮਨਜੀਤ ਸਿੰਘ, ਗੁਰਜੀਤ ਸਿੰਘ ਬੀਦੋਵਾਲੀ, ਲਖਵਿੰਦਰ ਸਿੰਘ ਘੜੂੰਆਂ, ਮਨਜਿੰਦਰ ਸਿੰਘ ਹੁਲਕਾ, ਜਸਪਾਲ ਸਿੰਘ ਅਤੇ ਸੁਰਿੰਦਰ ਸਿੰਘ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…