Share on Facebook Share on Twitter Share on Google+ Share on Pinterest Share on Linkedin ਸਵੱਛ ਭਾਰਤ ਮੁਹਿੰਮ: ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਲਾਸਟਿਕ ਇਕੱਠਾ ਕਰਨ ਦੇ ਕੰਮ ਲਾਇਆ 2 ਕਿੱਲੋਮੀਟਰ ਦਾ ਪੈਂਡਾ ਪੈਦਲ ਚੱਲ ਕੇ ਹਰੇਕ ਵਿਦਿਆਰਥੀ ਨੂੰ ਘੱਟੋ ਘੱਟ 200 ਗਰਾਮ ਪਲਾਸਟਿਕ ਇਕੱਠਾ ਕਰਨ ਨੂੰ ਕਿਹਾ ਸਕੂਲ ਮੁਖੀ ਪਲਾਸਟਿਕ ਨੂੰ ਵੇਚ ਕੇ ਮਿਲੇ ਪੈਸਿਆਂ ਨਾਲ ਕਰਨਗੇ ਸਕੂਲ ਦਾ ਵਿਕਾਸ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਕਤੂਬਰ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਸਾਰੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਮੁਹਿੰਮ ਦੇ ਤਹਿਤ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਹੁਣ ਪਲਾਸਟਿਕ ਇਕੱਠਾ ਕਰਨ ਦੇ ਕੰਮ ਲਾ ਦਿੱਤਾ ਗਿਆ ਹੈ। ਸਕੂਲਾਂ ਦੇ ਵਿਦਿਆਰਥੀ ਕਰੀਬ ਦੋ ਕਿੱਲੋ ਮੀਟਰ ਪੈਦਲ ਚੱਲ ਕੇ ਰਸਤੇ ਵਿੱਚ ਪਏ ਪਲਾਸਟਿਕ ਦਾ ਕਚਰਾ ਇਕੱਠਾ ਕਰਕੇ ਆਪੋ ਆਪਣੇ ਸਕੂਲ ਮੁਖੀਆਂ ਨੂੰ ਦੇਣਗੇ ਅਤੇ ਸਕੂਲ ਮੁਖੀ ਅੱਗੇ ਪਲਾਸਟਿਕ ਨੂੰ ਵੇਚ ਕੇ ਪ੍ਰਾਪਤ ਹੋਈ ਰਾਸ਼ੀ ਨੂੰ ਸਕੂਲ ਦੇ ਵਿਕਾਸ ਅਤੇ ਹੋਰ ਭਲਾਈ ਕੰਮਾਂ ’ਤੇ ਲਗਾਉਣਗੇ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਨੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਪੱਤਰ ਲਿਖ ਕੇ ਆਖਿਆ ਗਿਆ ਹੈ ਕਿ ਮਹਾਤਮਾ ਗਾਂਧੀ ਜੀ ਦੀ 150ਵੀਂ ਜਨਮ ਵਰ੍ਹੇਗੰਢ ਮਨਾਉਣ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਨੂੰ ਸਮਰਪਿਤ ਗਾਂਧੀ ਜੈਅੰਤੀ ਮਨਾਈ ਜਾਵੇ। ਇਸ ਤੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਵੱਛਤਾ ਹੀ ਸੇਵਾ ਨੂੰ ਮੁੱਖ ਰੱਖਦਿਆਂ ਪਲਾਸਟਿਕ ਵੇਸਟ ਮੈਨੇਜਮੈਂਟ ਪ੍ਰਾਜੈਕਟ ਸਬੰਧੀ ਮੀਟਿੰਗ ਕੀਤੀ ਜਾ ਚੁੱਕੀ ਹੈ। ਸਿੱਖਿਆ ਅਧਿਕਾਰੀ ਦੇ ਪੱਤਰ ਅਨੁਸਾਰ ਵਿਭਾਗ ਨੂੰ ਇਸ ਸਬੰਧੀ ਆਦੇਸ਼ ਪ੍ਰਾਪਤ ਹੋਏ ਹਨ ਕਿ ਹਰੇਕ ਸਕੂਲ ਵਿੱਚ 1 ਅਤੇ 2 ਅਕਤੂਬਰ ਤੱਕ ਵਿਦਿਆਰਥੀਆਂ ਨੂੰ ਪਲਾਸਟਿਕ ਇਕੱਠਾ ਕਰਨ ਅਤੇ ਉਸ ਨੂੰ ਡਿਸਪੋਜ਼ਲ ਕਰਨ ਬਾਰੇ ਦੱਸਿਆ ਜਾਵੇ। ਇਸ ਮੰਤਵ ਲਈ ਹਰੇਕ ਵਿਦਿਆਰਥੀ ਦੋ ਕਿੱਲੋਮੀਟਰ ਪੈਦਲ ਤੁਰਦੇ ਹੋਏ ਘੱਟੋ ਘੱਟ 200 ਗਰਾਮ ਪਲਾਸਟਿਕ ਇਕੱਠਾ ਕਰਕੇ ਸਕੂਲ ਵਿੱਚ ਲੈ ਕੇ ਆਵੇਗਾ। ਇਸ ਸਬੰਧੀ ਵਿਦਿਆਰਥੀਆਂ ਨੂੰ ਦਸਤਾਨੇ ਅਤੇ ਮਾਸਿਕ ਮੁਹੱਈਆ ਕਰਵਾਉਣ ਦੇ ਆਦੇਸ਼ ਵੀ ਦਿੱਤੇ ਗਏ ਹਨ। ਸਿੱਖਿਆ ਅਧਿਕਾਰੀ ਨੇ ਆਪਣੇ ਪੱਤਰ ਵਿੱਚ ਸਕੂਲ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਵਿਦਿਆਰਥੀਆਂ ਵੱਲੋਂ ਇਕੱਠੇ ਕੀਤੇ ਪਲਾਸਟਿਕ ਦੀ ਰਿਪੋਰਟ ਅਤੇ ਫੋਟੋਆਂ ਈਮੇਲ ਰਾਹੀਂ ਭੇਜਣਾ ਯਕੀਨੀ ਬਣਾਇਆ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਮੁਖੀ ਪਲਾਸਟਿਕ ਨੂੰ ਵੇਚ ਕੇ ਪ੍ਰਾਪਤ ਹੋਈ ਰਾਸ਼ੀ ਨੂੰ ਸਕੂਲ ਦੀ ਭਲਾਈ ਲਈ ਵਰਤਿਆ ਜਾਵੇਗਾ ਅਤੇ ਸਭ ਤੋਂ ਵੱਧ ਪਲਾਸਟਿਕ ਇਕੱਠਾ ਕਰਨ ਵਾਲੇ ਪਹਿਲੇ ਪੰਜ ਸਕੂਲਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। (ਬਾਕਸ ਆਈਟਮ) ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਸਮੂਹ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਵਿਦਿਆਰਥੀਆਂ ਰਾਹੀਂ ਪਲਾਸਟਿਕ ਇਕੱਠਾ ਕਰਨ ਲਈ ਪੱਤਰ ਲਿਖਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਵੱਛਤਾ ਹੀ ਸੇਵਾ ਹੈ ਤਹਿਤ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਨੂੰ ਉਕਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਇਲਾਵਾ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਅਜਿਹਾ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਅਤੇ ਸਮਾਜਿਕ ਕੰਮਾਂ ਵਿੱਚ ਵਿਦਿਆਰਥੀਆਂ ਦੀ ਹਿੱਸੇਦਾਰੀ ਦੇ ਮੱਦੇਨਜ਼ਰ ਇਹ ਕਦਮ ਚੁੱਕੇ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ