ਸਵੱਛ ਭਾਰਤ ਮੁਹਿੰਮ: ਬੂਥਗੜ੍ਹ ਦਾ ਸਰਕਾਰੀ ਹਸਪਤਾਲ ਮੁਹਾਲੀ ਜ਼ਿਲ੍ਹੇ ’ਚੋਂ ਅੱਵਲ

ਐਸਐਮਓ ਡਾ. ਜਸਕਿਰਨਦੀਪ ਕੌਰ ਨੇ ਸਮੁੱਚੇ ਸਟਾਫ਼ ਨੂੰ ਦਿੱਤਾ ਕਾਮਯਾਬੀ ਦਾ ਸਿਹਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
‘ਸਵੱਛ ਭਾਰਤ ਮੁਹਿੰਮ’ ਤਹਿਤ ਚੱਲ ਰਹੇ ਕਾਇਆਕਲਪ ਪ੍ਰੋਗਰਾਮ ਅਧੀਨ ਵੱਕਾਰੀ ਰੁਤਬਾ ਹਾਸਲ ਕਰਦਿਆਂ ਮੁੱਢਲਾ ਸਿਹਤ ਕੇਂਦਰ ਬੂਥਗੜ੍ਹ ਨੇ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸੀਨੀਅਰ ਮੈਡੀਕਲ ਅਫ਼ਸਰ (ਐਸਐਮਓ) ਡਾ. ਜਸਕਿਰਨਦੀਪ ਕੌਰ ਅਤੇ ਕਾਇਆਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸਮੁੱਚੇ ਸਟਾਫ਼ ਲਈ ਇਹ ਮਾਣ ਅਤੇ ਖ਼ੁਸ਼ੀ ਵਾਲੀ ਗੱਲ ਹੈ ਕਿ ਪੀ.ਐਚ.ਸੀ. ਬੂਥਗੜ੍ਹ ਨੂੰ ਪੀ.ਐਚ.ਸੀ. ਸ਼੍ਰੇਣੀ ਵਿੱਚ ਸਾਰੇ ਜ਼ਿਲ੍ਹੇ ’ਚੋਂ ਪਹਿਲਾ ਅਤੇ ਪੰਜਾਬ ਭਰ ’ਚੋਂ ਅੱਠਵਾਂ ਸਥਾਨ ਹਾਸਲ ਹੋਇਆ ਹੈ। ਇਸ ਹਸਪਤਾਲ ਨੇ ਪਹਿਲਾਂ ਵੀ ਕਈ ਵਾਰ ਅੱਵਲ ਸਥਾਨ ਹਾਸਲ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਕਾਇਆਕਲਪ ਪ੍ਰੋਗਰਾਮ ਅਧੀਨ ਹਰ ਸਾਲ ਸਿਹਤ ਸੰਸਥਾਵਾਂ ਨੂੰ ਕਈ ਪੈਮਾਨਿਆਂ ’ਤੇ ਪਰਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਮੁੱਖ ਤੌਰ ’ਤੇ ਸਾਫ਼-ਸਫ਼ਾਈ, ਮਰੀਜ਼ਾਂ ਦੇ ਬੈਠਣ ਲਈ ਪ੍ਰਬੰਧ, ਸਜਾਵਟ, ਸਟਾਫ਼ ਦੀ ਡਰੈਸ, ਪੀਣ ਵਾਲਾ ਪਾਣੀ, ਪਾਰਕ, ਮਰੀਜ਼ਾਂ ਲਈ ਡਾਕਟਰੀ ਸਹੂਲਤਾਂ, ਹਸਪਤਾਲ ਦਾ ਸਮੁੱਚਾ ਵਾਤਾਵਰਣ ਆਦਿ ਸ਼ਾਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਮਾਨਿਆਂ ’ਤੇ ਮੁੱਢਲਾ ਸਿਹਤ ਕੇਂਦਰਾਂ ਦੀ ਸ਼੍ਰੇਣੀ ਵਿੱਚ ਪੀ.ਐਚ.ਸੀ. ਬੂਥਗੜ੍ਹ ਨੇ 81 ਫ਼ੀਸਦੀ ਅੰਕ ਹਾਸਲ ਕੀਤੇ ਹਨ। ਐਸਐਮਓ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਮੁੱਚੇ ਸਟਾਫ਼ ਨੂੰ ਜਾਂਦਾ ਹੈ ਜਿਸ ਨੇ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਵੀ ਹਸਪਤਾਲ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਹਸਪਤਾਲ ਨੂੰ ਹਰ ਪੱਖੋਂ ਹੋਰ ਵਧੀਆ ਬਣਾਇਆ ਜਾਵੇ ਤਾਂ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲ ਸਕਣ। ਨੋਡਲ ਅਫ਼ਸਰ ਡਾ. ਅਰੁਣ ਬਾਂਸਲ ਨੇ ਹਸਪਤਾਲ ਨੂੰ ਅਹਿਮ ਰੁਤਬਾ ਦਿਵਾਉਣ ਵਿੱਚ ਭੂਮਿਕਾ ਨਿਭਾਉਣ ਅਤੇ ਸਹਿਯੋਗ ਦੇਣ ਵਾਲੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਵੀ ਸਹਿਯੋਗ ਮਿਲਣ ਦੀ ਉਮੀਦ ਪ੍ਰਗਟਾਈ। ਇਸ ਮੌਕੇ ਡਾ. ਹਰਮਨ, ਡਾ. ਸਿਮਨਪ੍ਰੀਤ ਕੌਰ ਢਿੱਲੋਂ, ਡਾ. ਵਿਕਾਸ, ਡਾ. ਸੁਬਿਨ, ਹੈਲਥ ਇੰਸਪੈਕਟਰ ਸਵਰਨ ਸਿੰਘ, ਬੀਐਸਏ ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …