
ਸਵੱਛ ਭਾਰਤ ਮੁਹਿੰਮ ਦੀ ਨਿਕਲੀ ਫੂਕ, ਥਾਂ ਥਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਨਵੰਬਰ:
ਸਥਾਨਕ ਸ਼ਹਿਰ ਵਿੱਚ ਜਿੱਥੇ ਡੇਂਗੂ ਦਿਨੋਂ ਦਿਨੀਂ ਪੈਰ ਪਸਰਦਾ ਜਾ ਰਿਹਾ ਹੈ ਉਥੇ ਹੀ ਕੇਂਦਰ ਦੀ ਸਵੱਛ ਭਾਰਤ ਮੁਹਿੰਮ ਵੀ ਦਮ ਤੋੜਦੀ ਨਜ਼ਰ ਆ ਰਹੀ ਹੈ।ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੁਰਾਲੀ ਵੱਲੋਂ ਕੂੜੇ ਨੂੰ ਸੜਕਾਂ ਉੱਤੇ ਖਿੱਲਰਨ ਤੋਂ ਰੋਕਣ ਲਈ ਲੱਖਾਂ ਰੁਪਏ ਖਰਚ ਕੇ ਕਈ ਦਰਜਨ ਕੂੜੇਦਾਨ ਤਿਆਰ ਕਰਾਉਣ ਤੋਂ ਇਲਾਵਾ ਇਨ੍ਹਾਂ ਕੂੜੇਦਾਨਾਂ ਨੂੰ ਰੋਜ਼ਾਨਾ ਗੱਡੀ ਰਾਹੀਂ ਚੁੱਕ ਕੇ ਕੂੜੇ ਦਾ ਨਿਪਟਾਰਾ ਕਰਨ ਦੇ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਨੂੰ ਵੀ ਰੇਹੜੀਆਂ ਮੁਹੱਈਆ ਕਰਾਈਆਂ ਗਈਆਂ ਹਨ ਤਾਂ ਜੋ ਸ਼ਹਿਰ ਵਿੱਚ ਕੂੜੇ ਦੇ ਢੇਰ ਨਾ ਲੱਗ ਸਕਣ ਪਰ ਇਨ੍ਹਾਂ ਸਾਰੇ ਪ੍ਰਬੰਧਾਂ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ। ਸ਼ਹਿਰ ਦੇ ਮਾਡਲ ਟਾਊਨ, ਵਾਰਡ ਨੰਬਰ-12,13,14, ਬਾਬਾ ਸੋਢੀ ਕੰਪਲੈਕਸ, ਚੰਡੀਗੜ੍ਹ ਰੋਡ, ਹਸਪਤਾਲ ਰੋਡ, ਮੋਰਿੰਡਾ ਰੋਡ ਦੇ ਸ਼ਾਪਿੰਗ ਕੰਪਲੈਕਸ, ਮੋਰਿੰਡਾ ਰੋਡ ਦੇ ਹੀ ਸ਼ਰਾਬ ਦੇ ਠੇਕੇ ਨੇੜੇ ਅਤੇ ਹੋਰਨਾਂ ਕਈ ਥਾਵਾਂ ਉੱਤੇ ਕੂੜਾ ਖਿੱਲਰਿਆ ਆਮ ਨਜ਼ਰ ਆਉਂਦਾ ਹੈ। ਇਸ ਕੂੜੇ ਨੂੰ ਅਕਸਰ ਆਵਾਰਾ ਪਸ਼ੂ ਦੂਰ ਤੱਕ ਫੈਲਾ ਦਿੰਦੇ ਹਨ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਖਾਲੀ ਪਲਾਟਾਂ ਵਿੱਚ ’ਤੇ ਹਸਪਤਾਲ ਨਜ਼ਦੀਕ ਬਣੇ ਕੂੜਾਦਾਨ ਵਿੱਚ ਸੁੱਟੇ ਜਾਂਦੇ ਕੂੜੇ ਦੇ ਢੇਰਾਂ ਨੂੰ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਅੱਗ ਲਾ ਦਿੱਤੀ ਜਾਂਦੀ ਹੈ। ਅੱਗ ਲਾਉਣ ਮਗਰੋਂ ਕੂੜੇ ਦੇ ਢੇਰਾਂ ’ਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਜਿੱਥੇ ਵਾਤਾਵਰਣ ਨੂੰ ਵਿਗਾੜਣ ਦਾ ਕਾਰਨ ਬਣਦਾ ਹੈ ਉੱਥੇ ਹੀ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਆ ਫੈਲਣ ਦੇ ਬਾਵਜੂਦ ਨਗਰ ਕੌਂਸਲ ਜਾਂ ਸਿਹਤ ਵਿਭਾਗ ਦਾ ਕੋਈ ਵੀ ਅਧਿਕਾਰੀ ਸ਼ਹਿਰ ਵਿੱਚ ਥਾਂ ਥਾਂ ਲੱਗੇ ਇਨਾਂ ਕੂੜੇ ਦੇ ਢੇਰਾਂ ਵੱਲ ਧਿਆਨ ਨਹੀਂ ਦੇ ਰਿਹਾ। ਸ਼ਹਿਰ ਵਾਸੀ ਅਸ਼ੋਕ ਵਿਨਾਇਕ, ਵਰਿੰਦਰ ਸਿੰਘ ਵਿੱਕੀ, ਬੰਟੀ ਚਨਾਲੋਂ, ਟਿੰਕੂ ਕੁਰਾਲੀ, ਕਮਲ ਸ਼ਰਮਾ, ਮੇਛੀ ਕੁਰਾਲੀ ਨੇ ਪਰਸ਼ਾਸ਼ਨਿਕ ਅਧਿਕਾਰੀਆਂ ਕੋਲੋਂ ਸੜਕਾਂ ਤੇ ਖਾਲੀ ਪਲਾਟਾਂ ਵਿੱਚ ਖਿੱਲਰੇ ਪਏ ਕੂੜੇ ਦੇ ਢੇਰਾਂ ਤੋਂ ਨਿਪਟਾਰੇ ਦੀ ਮੰਗ ਕੀਤੀ ਹੈ। ਉਨ੍ਹਾਂ ਸ਼ਹਿਰ ਵਿੱਚ ਕੂੜੇ ਕਰਕਟ ਦੇ ਨਿਪਟਾਰੇ ਲਈ ਲੱਖਾਂ ਰੁਪਏ ਖਰਚ ਕੇ ਬਣਾਏ ਗਏ ਕੂੜੇਦਾਨ ਤੇ ਕੀਤੇ ਹੋਰ ਪ੍ਰਬੰਧ ਵੀ ਲੋਕਾਂ ਨੂੰ ਸੜਕਾਂ ਉੱਤੇ ਖਿੱਲਰੇ ਕੂੜੇ ਦੇ ਢੇਰਾਂ ਤੋਂ ਨਿਜ਼ਾਤ ਨਹੀਂ ਦਿਵਾ ਸਕੇ ਹਨ। ਸ਼ਹਿਰ ਦੇ ਹਰ ਵਾਰਡ ਵਿੱਚ ਖੁੱਲ੍ਹੇ ਪਲਾਟਾਂ ਵਿੱਚ ਸੁੱਟਿਆ ਜਾ ਰਿਹਾ ਕੂੜਾ ਲੋਕਾਂ ਲਈ ਸਿਰਦਰਦੀ ਬਣਿਆ ਹੋਇਆ ਹੈ। ਲੋਕਾਂ ਨੇ ਸ਼ਹਿਰ ਦੇ ਕੂੜੇ ਦੇ ਨਿਪਟਾਰੇ ਲਈ ਕੋਈ ਠੋਸ ਨੀਤੀ ਬਣਾਉਣ ਦੀ ਮੰਗ ਕਰਦਿਆਂ ਸਰਕਾਰ ਪਾਸੋਂ ਨਗਰ ਕੌਂਸਲ ਵੱਲੋਂ ਸਫ਼ਾਈ ਪ੍ਰਬੰਧਾਂ ’ਤੇ ਕੀਤੇ ਜਾ ਰਹੇ ਖਰਚਿਆਂ ਦੀ ਉੱਚ ਪਧਰੀ ਜਾਂਚ ਦੀ ਵੀ ਮੰਗ ਕੀਤੀ ਹੈ।
ਉਧਰ, ਕੁਰਾਲੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਕੂੜੇ ਦੇ ਉਚਿਤ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ ਉਨ੍ਹਾਂ ਕੂੜੇ ਨੂੰ ਅੱਗ ਲਗਾਏ ਜਾਣ ਸਬੰਧੀ ਜਾਂਚ ਕਰਨ ਉਪਰੰਤ ਉਚਿਤ ਕਾਰਵਾਈ ਕਰਨ ਦੀ ਗੱਲ ਵੀ ਆਖੀ।