
ਸਵੱਛ ਭਾਰਤ ਮਿਸ਼ਨ: ਨਗਰ ਨਿਗਮ ਵੱਲੋਂ ਸ਼ਹਿਰੀ ਖੇਤਰ ਵਿੱਚ ਕੀਤੀ ਜਾਵੇਗੀ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ
ਮੁਹਾਲੀ ਵਿੱਚ ਹੁਣ ਫਿਰ ਤੋਂ 28 ਫਰਵਰੀ ਤੱਕ ਮਨਾਇਆ ਜਾਵੇਗਾ ਵਿਸ਼ੇਸ਼ ਸਫਾਈ ਪੰਦਰਵਾੜਾ: ਸ੍ਰੀਮਤੀ ਅਵਨੀਤ ਕੌਰ
ਆਪਣੇ ਘਰਾਂ ਤੇ ਦੁਕਾਨਾਂ ਦਾ ਕੂੜਾ ਕਰਕਟ ਨਿਗਮ ਵੱਲੋਂ ਨਿਰਧਾਰਿਤ ਥਾਵਾਂ ’ਤੇ ਸੁੱਟਿਆ ਜਾਵੇ: ਸੰਯੁਕਤ ਕਮਿਸ਼ਨਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਿਗਮ ਵੱਲੋਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰੀ ਖੇਤਰ ਵਿੱਚ ਵਿਸ਼ੇਸ਼ ਅਭਿਆਨ ਚਲਾਇਆ ਜਾਵੇਗਾ। ਇਸ ਦੌਰਾਨ ਨਿਗਮ ਦੀ ਹੱਦ ਅਧੀਨ ਪੈਂਦੇ ਵੱਖ-ਵੱਖ ਪੈਟਰੋਲ ਪੰਪਾਂ ਦੀ ਅਚਨਚੇਤ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ 16 ਜਨਵਰੀ ਤੋਂ 31 ਜਨਵਰੀ ਅਤੇ ਦੁਬਾਰਾ ਫਿਰ 1 ਫਰਵਰੀ ਤੋਂ 15 ਫਰਵਰੀ ਤੱਕ ਸ਼ਹਿਰ ਵਿੱਚ ਸਫ਼ਾਈ ਪੰਦਰਵਾੜਾ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸਫ਼ਾਈ ਕੀਤੀ ਗਈ ਹੈ। ਇਹ ਜਾਣਕਾਰੀ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਫਿਰ ਤੋਂ 28 ਫਰਵਰੀ ਤੱਕ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ ਪੰਦਰਵਾੜੇ ਦੌਰਾਨ ਨਗਰ ਨਿਗਮ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਪੈਟਰੋਲ ਪੰਪਾਂ ਦੀ ਚੈਕਿੰਗ ਕੀਤੀ ਜਾਵੇਗੀ।
ਸ੍ਰੀਮਤੀ ਅਵਨੀਤ ਕੌਰ ਨੇ ਦੱਸਿਆ ਕਿ ਸੈਨੀਟੇਸ਼ਨ ਸ਼ਾਖਾ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਹ ਆਪਣੇ ਖੇਤਰ ਵਿੱਚ ਪੈਂਦੇ ਪੈਟਰੋਲ ਪੰਪਾਂ ’ਤੇ ਜਾ ਕੇ ਸੈਨੀਟੇਸ਼ਨ ਫੈਸਲਿਟੀ ਚੈਕ ਕਰਨਗੇ ਅਤੇ ਪੈਟਰੋਲ ਪੰਪ ’ਤੇ ਆਪਣੇ ਵਾਹਨਾਂ ਵਿੱਚ ਤੇਲ ਪੁਆਉਣ ਆਉਣ ਵਾਲੇ ਵਿਅਕਤੀਆਂ ਨੂੰ ਸੈਗਰਿੰਕੇਸ਼ਨ ਆਫ਼ ਵੇਸਟ, ਡਸਟਬਿਨ ਲਗਾਉਣ ਸਬੰਧੀ ਅਤੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਫਾ ਸੁਥਰਾ ਰੱਖਣ ਲਈ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਅਤੇ ਹਮੇਸ਼ਾਂ ਹੀ ਆਪਣੇ ਘਰਾਂ ਦਾ ਕੂੜਾ ਕਰਕਟ ਨਿਗਮ ਵੱਲੋਂ ਨਿਰਧਾਰਿਤ ਥਾਵਾਂ ’ਤੇ ਸੁੱਟਿਆ ਜਾਵੇ। ਇੰਝ ਹੀ ਉਨ੍ਹਾਂ ਵੱਖ-ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਉਹ ਮਾਰਕੀਟਾਂ ਵਿੱਚ ਰੱਖੇ ਪਏ ਕੂੜੇਦਾਨਾਂ ਦੀ ਸਹੀ ਵਰਤੋਂ ਕਰਦਿਆਂ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੀ ਜਾਵੇ।