ਸਵੱਛ ਭਾਰਤ ਮਿਸ਼ਨ: ਮੁਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਬਾਰੇ ਜਾਗਰੂਕਤਾ ਦਾ ਹੋਕਾ

ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਵਿੱਚ ਕੱਢੀ ਸਾਈਕਲ ਰੈਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਮੁਹਾਲੀ ਨਗਰ ਨਿਗਮ ਵੱਲੋਂ ਸਵੱਛਤਾ ਸਬੰਧੀ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਐਤਵਾਰ ਨੂੰ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਈਕਲ ਰੈਲੀ ਕੱਢੀ ਗਈ। ਇੱਥੋਂ ਦੇ ਫੇਜ਼-3ਬੀ1 ਸਥਿਤ ਰੋਜ਼ ਗਾਰਡਨ ਤੋਂ ਸ਼ੁਰੂ ਹੋਈ ਇਸ ਸਾਈਕਲ ਰੈਲੀ ਨੂੰ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਕਮਿਸ਼ਨਰ ਡਾ. ਕਮਲ ਗਰਗ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਸਾਈਕਲ ਰੈਲੀ ਵਿੱਚ ‘ਦਿਲ ਸੇ’ ਸਾਈਕਲ ਗਰੁੱਪ ਦੇ ਸੰਚਾਲਕ ਬ੍ਰਿਗੇਡੀਅਰ (ਸੇਵਾਮੁਕਤ) ਐਚਪੀਐਸ ਬੇਦੀ ਦੀ ਅਗਵਾਈ ਹੇਠ ਕੱਢੀ ਇਸ ਸਾਈਕਲ ਰੈਲੀ ਵਿੱਚ ਸ਼ਹਿਰ ਦੇ ਡਾਕਟਰਾਂ, ਸੀਨੀਅਰ ਵਕੀਲਾਂ, ਅਧਿਆਪਕਾਂ, ਵਿਦਿਆਰਥੀਆਂ, ਸ਼ਹਿਰ ਦੇ ਕੌਂਸਲਰਾਂ ਅਤੇ ਹੋਰ ਪਤਵੰਤੇ ਵਿਅਕਤੀਆਂ ਨੇ ਹਿੱਸਾ ਲਿਆ। ਇਹ ਸਾਈਕਲ ਰੈਲੀ ਸਿਟੀ ਪਾਰਕ ਸੈਕਟਰ-68 ਵਿੱਚ ਪਹੁੰਚ ਕੇ ਸਮਾਪਤ ਹੋਈ।
ਇਸ ਮੌਕੇ ਸਿਟੀ ਪਾਰਕ ਦੇ ਓਪਨ-ਏਅਰ ਥੀਏਟਰ ਵਿੱਚ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸ਼ੇਸ਼ ਸਾ’ ਦੇ ਤਹਿਤ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਮੇਅਰ ਜੀਤੀ ਸਿੱਧੂ ਨੇ ਜੋਤੀ ਪ੍ਰਚੰਡ ਕਰਕੇ ਕੀਤੀ। ਇਸ ਤੋਂ ਪਹਿਲਾਂ ਨਗਰ ਨਿਗਮ ਦੇ ਕਮਿਸ਼ਨਰ ਡਾ. ਕਮਲ ਗਰਗ ਨੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਮੇਅਰ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਸਮੇਤ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆ ਆਖਿਆ। ਉਨ੍ਹਾਂ ਨੇ ਪਲਾਸਟਿਕ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਇਸ ਦੀ ਥਾਂ ਜੂਟ, ਪੇਪਰ ਬੈਗ ਅਤੇ ਸੂਤੀ ਕੱਪੜੇ ਦੇ ਥੈਲਿਆਂ ਦੀ ਵਰਤੋਂ ਕੀਤੀ ਜਾਵੇ। ਇਸ ਦੌਰਾਨ ਨਗਰ ਨਿਗਮ ਦੇ ਸਕੱਤਰ ਜਸਵਿੰਦਰ ਸਿੰਘ ਨੇ ਸਵੱਛਤਾ ਸਬੰਧੀ ਇਕ ਗੀਤ ‘ਜਾਗੋ’ ਪੇਸ਼ ਕੀਤਾ। ਸ੍ਰੀਮਤੀ ਇੰਦਰਜੀਤ ਕੌਰ ਨੇ ਗਿੱਲੇ ਕੂੜੇ, ਸੁੱਕੇ ਕੂੜੇ ਅਤੇ ਹਾਨੀਕਾਰਕ ਕੂੜੇ ਨੂੰ ਵੱਖ-ਵੱਖ ਕਰਨ ਬਾਰੇ ਜਾਗਰੂਕ ਕੀਤਾ। ਐਕਸੀਅਨ ਹਰਪ੍ਰੀਤ ਸਿੰਘ ਨੇ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਪਾਣੀ ਦੀ ਦੁਰਵਰਤੋਂ ਨਾ ਕਰਨ ਸਬੰਧੀ ਜਾਗਰੂਕ ਕੀਤਾ। ਇਸ ਮਗਰੋਂ ਸ਼ਰਘੀ ਕਲਾ ਕੇਂਦਰ ਦੇ ਸੰਚਾਲਕ ਸੰਜੀਵਨ ਸਿੰਘ ਨੇ ਸਵੱਛਤਾ ਸਬੰਧੀ ਸਕਿੱਟ ਪੇਸ਼ ਕੀਤੀ। ਮੇਅਰ ਜੀਤੀ ਸਿੱਧੂ ਨੇ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਨੂੰ ਸਹਿਯੋਗ ਦਿੱਤਾ ਜਾਵੇ।

ਪ੍ਰੋਗਰਾਮ ਦੇ ਅਖੀਰ ਵਿੱਚ ਇੰਟਰਨੈਸ਼ਨਲ ਭੰਗੜਾ ਕੋਚ ਪੀਟਰ ਸੋਢੀ ਵੱਲੋਂ ਤਿਆਰ ਕਰਵਾਏ ਪਏ ਭੰਗੜੇ ਦੀ ਪੇਸ਼ਕਾਰੀ ਨੇ ਮਹਿਮਾਨਾਂ ਅਤੇ ਸਰੋਤਿਆਂ ਦਾ ਮਨ ਮੋਹ ਲਿਆ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਨਗਰ ਨਿਗਮ ਦੀ ਸਿਹਤ ਸ਼ਾਖਾ ਦੀ ਮੁਖੀ ਡਾ. ਤਮੰਨਾ ਨੇ ਭਰਪੂਰ ਸਹਿਯੋਗ ਦਿੱਤਾ। ਇਸ ਮੌਕੇ ਕੌਂਸਲਰ ਸੁੱਚਾ ਸਿੰਘ ਕਲੌੜ, ਕਾਂਗਰਸ ਆਗੂ ਰਾਜਾ ਕੰਵਰਜੋਤ ਸਿੰਘ, ਪ੍ਰਿਤਪਾਲ ਸਿੰਘ ਲੌਂਗੀਆਂ, ਸਰਦੂਲ ਸਿੰਘ ਪੂਨੀਆ, ਐਸਈ ਸੰਜੇ ਕੁਮਾਰ, ਚੀਫ਼ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ, ਹਰਬੰਤ ਸਿੰਘ, ਆਰਪੀ ਸਿੰਘ, ਸ਼ਾਮ ਲਾਲ, ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ, ਸੁਰਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀ, ਬਲਦੇਵ ਸਿੰਘ ਸੈਨੇਟਰੀ ਸੁਪਰਵਾਈਜ਼ਰ ਅਤੇ ਕਮਿਊਨਿਟੀ ਫੇਸੀਲੀਟੇਟਰਜ਼ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…