
ਸਵਰਾਜ ਇੰਜਣ ਵੱਲੋਂ ਆਈਟੀਆਈ ਨੂੰ ਸੈਨੇਟਰੀ ਪੈਡ ਵੈਡਿੰਗ ਮਸ਼ੀਨ ਭੇਂਟ
ਲੜਕੀਆਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਨ ਲਈ ਸਿਰਤੋੜ ਯਤਨ ਜਾਰੀ ਰੱਖਾਂਗੇ: ਪੁਰਖਾਲਵੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ:
ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਚੱਜੀ ਅਤੇ ਸੁਯੋਗ ਅਗਵਾਈ ਵਿੱਚ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਆਪਣੀਆਂ ਤਮਾਮ ਸੰਸਥਾਵਾਂ ਵਿੱਚ ਜਿੱਥੇ ਮਿਆਰੀ ਟੇ੍ਰਨਿੰਗ ਮੁਹੱਈਆ ਕਰਵਾਉਣ ਲਈ ਵਚਨਵੱਧ ਹੈ ਉਥੇ ਉਨ੍ਹਾਂ ਲਈ ਰੋਜਗਾਰ ਦੇ ਵਸੀਲੇ ਪੈਦਾ ਕਰਨ ਲਈ ਵੀ ਯਤਨਸ਼ੀਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਆਈਟੀਆਈ (ਲੜਕੀਆਂ) ਦੇ ਪ੍ਰਿੰਸੀਪਲ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਸ਼ਮਸ਼ੇਰ ਪੁਰਖਾਲਵੀ ਨੇ ਸੰਸਥਾ ਵਿੱਚ ਸਵਰਾਜ ਮਹਿੰਦਰਾ ਕੰਪਨੀ ਵੱਲੋਂ ਬੱਚੀਆਂ ਦੀ ਸਹੂਲਤ ਲਈ ਲਗਾਈ ਗਈ ਸੈਨੇਟਰੀ ਪੈਡ ਵੈਡਿੰਗ ਮਸ਼ੀਨ ਦਾ ਉਦਘਾਟਨ ਮਗਰੋਂ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਗੱਲਬਾਤ ਦੌਰਾਨ ਸੰਸਥਾ ਦੇ ਪ੍ਰਿੰਸੀਪਲ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਆਈਟੀਆਈ ਵਿੱਚ ਪੜ੍ਹਨ ਵਾਲੀਆਂ 300 ਤੋਂ ਵਧੇਰੇ ਲੜਕੀਆਂ ਦੀ ਅਹਿਮ ਜਰੂਰਤ ਨੂੰ ਪੂਰਾ ਕਰਨ ਹਿੱਤ ਸੰਸਥਾ ਵਿੱਚ ਲਗਾਈ ਗਈ ਸੈਨੇਟਰੀ ਪੈਡ ਵੈਡਿੰਗ ਮਸ਼ੀਨ ਧੀਆਂ ਧਿਆਣੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ ਜਿਸ ਦੀ ਕਾਫ਼ੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਸ੍ਰੀ ਪੁਰਖਾਲਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਆਈਏਐਸ ਜੀ ਦੇ ਆਦੇਸ਼ ਅਨੁਸਾਰ ਸੰਸਥਾ ਵਿੱਚ ਟੇ੍ਰਨਿੰਗ ਦੇ ਨਾਲ ਨਾਲ ਸਿਖਿਆਰਥਣਾਂ ਨੂੰ ਸਵਰਾਜ ਇੰਜਣ ਲਿਮਟਿਡ ਮੁਹਾਲੀ ਦੇ ਸਹਿਯੋਗ ਨਾਲ ਸੈਨੇਟਰੀ ਪੈਡ ਬਣਾਉਣ ਦੀ ਸਿੱਖਿਆ ਵੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਅਗਾਮੀ ਵਰ੍ਹੇ ਸੰਸਥਾ ਅਜੋਕੇ ਸਮੇਂ ਦਾ ਹਾਣੀ ਬਣਾਉਣ ਦੇ ਨਾਲ ਨਾਲ ਸਿੱਖਿਅਤ ਬੱਚਿਆਂ ਲਈ 100 ਪ੍ਰਤੀਸ਼ਤ ਰੋਜ਼ਗਾਰ ਯਕੀਨੀ ਬਣਾਉਣ ਲਈ 3 ਨਵੇਂ ਕੋਰਸ ਵੀ ਸ਼ੁਰੂ ਕਰਨ ਜਾ ਰਹੀ ਹੈ, ਜਿਸ ਦਾ ਐਲਾਨ ਅਗਲੇ ਕੁੱਝ ਦਿਨਾਂ ਵਿੱਚ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਸਵਰਾਜ ਮਹਿੰਦਰਾ ਕੰਪਨੀ ਦੇ ਮੈਡਮ ਗੁਰਪ੍ਰੀਤ ਕੌਰ, ਗੁਲਸ਼ਨ ਅਹੂਜਾ ਜੀ ਆਈ ਅਨਿਲ ਕੁਮਾਰ ਸੈਣੀ, ਇੰਸਟਰਕਟਰ ਵਰਿੰਦਰਪਾਲ ਸਿੰਘ ਖਾਲਸਾ, ਰਾਕੇਸ਼ ਕੁਮਾਰ ਡੱਲਾ, ਸ੍ਰੀਮਤੀ ਉਪਾਸਨਾ ਅੱਤਰੀ, ਜਸਵੀਰ ਕੌਰ ਸੈਣੀ, ਅੰਮ੍ਰਿਤਬੀਰ ਕੌਰ ਹੁੰਦਲ ਆਦਿ ਹਾਜ਼ਰ ਸਨ।