
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਯਾਦਗਾਰੀ ਹੋ ਨਿਬੜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਚਾਰਜ ਸੰਭਾਲਣ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਨਵੇਂ ਅਹੁਦੇਦਾਰਾਂ ਨੂੰ ਸਹੁੰ ਚੁਕਾਉਣ ਦੀ ਰਸਮ ਰਿਟਰਨਿੰਗ ਅਫ਼ਸਰ ਦਵਿੰਦਰ ਕੁਮਾਰ ਵੱਤਸ ਨੇ ਅਦਾ ਕੀਤੀ। ਇਸ ਮੌਕੇ ਦੂਜੀ ਵਾਰ ਵੱਡੇ ਫਰਕ ਨਾਲ ਪ੍ਰਧਾਨ ਦੀ ਚੋਣ ਜਿੱਤਣ ਵਾਲੇ ਮਨਪ੍ਰੀਤ ਸਿੰਘ ਚਾਹਲ ਅਤੇ ਸਕੱਤਰ ਕੰਵਰ ਜ਼ੋਰਾਵਰ ਸਿੰਘ, ਮੀਤ ਪ੍ਰਧਾਨ ਕੁਲਦੀਪ ਸਿੰਘ ਰਠੌੜ, ਸੰਯੁਕਤ ਸਕੱਤਰ ਮੈਡਮ ਨੀਰੂ ਥਰੇਜਾ, ਵਿੱਤ ਸਕੱਤਰ ਗਗਨਦੀਪ ਸਿੰਘ ਥਿੰਦ ਅਤੇ ਜਤਿੰਦਰ ਜੋਸ਼ੀ ਨੇ ਲਾਇਬਰੇਰੀ ਇੰਚਾਰਜ ਵਜੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਸ਼ਾਂਤਮਈ ਢੰਗ ਨਾਲ ਚੋਣਾਂ ਦਾ ਅਮਲ ਨੇਪਰੇ ਚੜ੍ਹਾਉਣ ਲਈ ਰਿਟਰਨਿੰਗ ਅਫ਼ਸਰ ਦਵਿੰਦਰ ਕੁਮਾਰ ਵਤਸ, ਗੁਰਮੇਲ ਸਿੰਘ ਧਾਲੀਵਾਲ ਅਤੇ ਜਗਦੀਪ ਕੌਰ ਭੰਗੂ ਸਮੇਤ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵਕੀਲਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ ਅਤੇ ਬਾਰ ਮੈਂਬਰਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਸਮੇਂ ਸਮੇਂ ਸਿਰ ਉਪਰਾਲੇ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਦਾਲਤ ਦੇ ਜੱਜਾਂ ਅਤੇ ਵਕੀਲਾਂ ਵਿਚਕਾਰ ਸਬੰਧ ਸੁਖਾਵੇਂ ਬਣਾਉਣ ਲਈ ਠੋਸ ਪੈਰਵਾਈ ਕੀਤੀ ਜਾਵੇਗੀ। ਸਮਾਗਮ ਦੌਰਾਨ ਜ਼ਿਲ੍ਹਾ ਬਾਰ ਦੇ ਮਰਹੂਮ ਮੈਂਬਰਾਂ ਮੋਹਨ ਲਾਲ ਸੇਤੀਆ, ਅੰਸ਼ੁਮਨ ਸ਼ਰਮਾ ਅਤੇ ਰਾਜੀਵ ਵਰਮਾ ਨੂੰ ਯਾਦ ਕਰਦਿਆਂ ਇਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਪਿਛਲੀ ਕਮੇਟੀ ਦਾ ਸਾਰਾ ਰਿਕਾਰਡ ਨਵੀ ਚੁਣੀਂ ਗਈ ਟੀਮ ਦੇ ਸਪੁਰਦ ਕੀਤਾ ਗਿਆ। ਜਿਸ ਦੀ ਸਾਰੇ ਮੈਂਬਰਾਂ ਨੇ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਸੰਯੁਕਤ ਸਕੱਤਰ ਗੀਤਾਂਜਲੀ ਬਾਲੀ, ਨਰਪਿੰਦਰ ਸਿੰਘ ਰੰਗੀ, ਰਾਜੇਸ਼ ਗੁਪਤਾ, ਨਵੀਨ ਸੈਣੀ, ਸਨੇਹਪ੍ਰੀਤ ਸਿੰਘ, ਹਰਜਿੰਦਰ ਸਿੰਘ ਬੈਦਵਾਨ, ਸੰਜੀਵ ਮੈਣੀ, ਸੰਦੀਪ ਸਿੰਘ ਲੱਖਾ, ਬਲਜਿੰਦਰ ਸਿੰਘ ਸੈਣੀ, ਗੁਰਪ੍ਰੀਤ ਸਿੰਘ ਖੱਟੜਾ, ਸੁਸ਼ੀਲ ਅੱਤਰੀ, ਗਗਨਦੀਪ ਸਿੰਘ ਸੋਹਾਣਾ, ਤਪਿੰਦਰ ਸਿੰਘ ਬੈਂਸ, ਸਿਮਰਦੀਪ ਸਿੰਘ, ਹਰਬੰਤ ਸਿੰਘ, ਹਰਪ੍ਰੀਤ ਸਿੰਘ ਬਡਾਲੀ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਹਾਜ਼ਰ ਸਨ।