
ਕਰੋਨਾ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਸਫ਼ਾਈ ਸੇਵਕ ਅਤੇ ਸਿਵਰਮੈਨਾਂ ਨੂੰ ਫਰੰਟਲਾਈਨ ਯੋਧੇ ਮੰਨਿਆ ਜਾਵੇ: ਗੇਜਾ ਰਾਮ
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਨੇ ਮੁੱਖ ਮੰਤਰੀ ਦੇ ਓਐੱਸਡੀ ਨਾਲ ਕੀਤੀ ਮੁਲਾਕਾਤ
ਮੁਹੱਲਾ ਸੁਧਾਰ ਕਮੇਟੀ ਦੇ ਸਫ਼ਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕਰਨ ਦੀ ਰੱਖੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੂਨ:
ਕਰੋਨਾ ਮਹਾਮਾਰੀ ਦੌਰਾਨ ਸਫ਼ਾਈ ਸੇਵਕ ਅਤੇ ਸਿਵਰਮੈਨਾਂ ਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਲਈ ਇਨ੍ਹਾਂ ਨੂੰ ਫੰਟਲਾਈਨ ਯੋਧੇ ਮੰਨਿਆ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਫਰੰਟਲਾਈਨ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਸਾਰੇ ਲਾਭ ਮਿਲ ਸਕਣ। ਇਹ ਮੰਗ ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੇ ਅੱਜ ਮੁੱਖ ਮੰਤਰੀ ਦੇ ਓਐੱਸਡੀ ਸੰਦੀਪ ਸਿੰਘ ਬਰਾੜ ਨਾਲ ਮੁਲਾਕਾਤ ਦੌਰਾਨ ਰੱਖੀ।
ਚੇਅਰਮੈਨ ਨੇ ਪੰਜਾਬ ਦੇ ਸਫ਼ਾਈ ਕਰਮਚਾਰੀਆਂ/ਸੀਵਰਮੈਨਾਂ ਦੇ ਹਾਲਾਤਾਂ ਅਤੇ ਮੰਗਾਂ ਤੋਂ ਜਾਣੂ ਕਰਵਾਉਂਦੀਆਂ ਕਿਹਾ ਕਿ ਜੋ ਠੇਕੇਦਾਰ ਪ੍ਰਣਾਲੀ ਨੂੰ ਜੜੋ ਖ਼ਤਮ ਕਰਨ ਲਈ 18 ਮਾਰਚ 2017 ਨੂੰ ਪੰਜਾਬ ਕੈਬਨਿਟ ਦੇ ਫੈਸਲਾ ਕੀਤਾ ਜੋ ਕਿ ਬਰਾਬਰ ਤਨਖ਼ਾਹ ਬਰਾਬਰ ਕੰਮ ਕਰਨ ਦੇ ਆਧਾਰ ਨਾਲ ਸਫ਼ਾਈ ਸਿਵਨਮੈਨਾਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਦੇ ਸਬੰਧ ਵਿੱਚ ਹੈ, ਦੀ ਇੰਨਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਮੁਹੱਲਾ ਸੁਧਾਰ ਕਮੇਟੀਆਂ ਵਿੱਚ ਡੀਸੀ ਰੇਟ ’ਤੇ ਨਿਯੁਕਤ ਕੀਤੇ ਸਫ਼ਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ। ਡਿਊਟੀ ਦੌਰਾਨ ਜੇਕਰ ਕਿਸੇ ਸਫ਼ਾਈ ਕਰਮਚਾਰੀ ਦੀ ਮੌਤ ਹੁੰਦਾ ਹੈ ਤਾਂ ਉਸਦੇ ਪਰਿਵਾਰ ਦੇ ਮੈਂਬਰ ਨੂੰ ਬਿਨਾਂ ਕਿਸੇ ਸ਼ਰਤ ਅਤੇ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਣੀ ਚਾਹੀਦੀ ਹੈ।
ਸਫ਼ਾਈ ਸੇਵਕ ਦਰਜਾ ਚਾਰ ਕਰਮਚਾਰੀ ਨੂੰ 200 ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇ ਅਤੇ ਗੈਸ ਅਲਾਉਂਸ 1500 ਰੁਪਏ, ਡਸਟ ਅਲਾਉਂਸ 1000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ। ਸੀਵਰਮੈਨ ਅਤੇ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਪੰਜਾਬ ਸਰਕਾਰ ਦੇ ਖਜਾਨੇ ’ਚੋਂ ਦਿੱਤੀ ਜਾਵੇ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ 23 ਜੂਨ ਨੂੰ ਜਾਰੀ ਨੋਟਿਸ ਵਿੱਚ ਜੋ ਸ਼ਰਤ ਉਮਰ ਸੀਮਾ ਦੀ ਹੱਦ ਨੂੰ ਲੈ ਕੇ ਦਰਸਾਈ ਗਈ ਹੈ, ਉਸ ਉਮਰ ਸੀਮਾ ਨੂੰ ਰੱਦ ਕੀਤਾ ਜਾਵੇ, ਕਿਉਂਕਿ ਬਹੁਤ ਸਾਰੇ ਸਫ਼ਾਈ ਸੇਵਕਾਂ ਦੀ ਕੱਚੇ ਤੌਰ ’ਤੇ ਸੇਵਾ ਨਿਭਾਉਂਦੇ ਹੀ ਉਮਰ ਸੀਮਾ ਤੋਂ ਜ਼ਿਆਦਾ ਹੋ ਗਈ ਹੈ, ਇਸ ਲਈ ਇਸ ਉਮਰ ਸੀਮਾ ਨੂੰ ਰੱਦ ਕੀਤਾ ਜਾਵੇ ਜਾਂ ਜਿਨ੍ਹਾਂ ਕਰਮਚਾਰੀਆਂ ਦੀ ਉਮਰ ਸੀਮਾ ਤੋਂ ਜ਼ਿਆਦਾ ਹੋ ਗਈ ਹੈ, ਉਨ੍ਹਾਂ ਕਰਮਚਾਰੀਆਂ ਦੇ ਪਰਿਵਾਰ ਦੇ ਮੈਂਬਰ ਨੂੰ ਉਸ ਕਰਮਚਾਰੀ ਦੀ ਜਗ੍ਹਾ ਨੌਕਰੀ ਦਿੱਤੀ ਜਾਵੇ।
ਓਐਸਡੀ ਸੰਦੀਪ ਬਰਾੜ ਵੱਲੋਂ ਕਮਿਸ਼ਨ ਦੇ ਚੇਅਰਮੈਨ ਵੱਲੋਂ ਰੱਖੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਸਬੰਧੀ ਛੇਤੀ ਹੀ ਮੁੱਖ ਮੰਤਰੀ ਨਾਲ ਕਮਿਸ਼ਨ ਦੇ ਨੁਮਾਇੰਦਿਆਂ ਦੀ ਮੁਲਾਕਾਤ ਕਰਵਾਈ ਜਾਵੇਗੀ। ਇਸ ਮੌਕੇ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਸੰਜੇ ਸੋਨੀ, ਰਾਹੁਲ, ਰੋਹਿਤ ਵਾਲੀਆ ਵੀ ਹਾਜ਼ਰ ਸਨ।