
ਮੇਅਰ ਜੀਤੀ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਸਫ਼ਾਈ ਕਾਮਿਆਂ ਨੇ ਖ਼ਤਮ ਕੀਤੀ ਹੜਤਾਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਮੁਹਾਲੀ ਵਿੱਚ ਸਫ਼ਾਈ ਕਾਮਿਆਂ ਦੀ ਚੱਲ ਰਹੀ ਲੜੀਵਾਰ ਹੜਤਾਲ ਸੋਮਵਾਰ ਨੂੰ ਚੌਥੇ ਦਿਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਡਾ. ਕਮਲ ਗਰਗ ਨਾਲ ਹੋਈ ਮੀਟਿੰਗ ਤੋਂ ਬਾਅਦ ਖ਼ਤਮ ਹੋ ਗਈ ਹੈ। ਜਦੋਂਕਿ ਇਸ ਤੋਂ ਪਹਿਲਾਂ ਸਫ਼ਾਈ ਕਰਮਚਾਰੀਆਂ ਵੱਲੋਂ ਮੇਅਰ ਦੀ ਕੋਠੀ ਦੇ ਬਾਹਰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਅੱਜ ਇੱਥੋਂ ਦੇ ਫੇਜ਼-7 ਸਥਿਤ ਡਾਕਘਰ ਦੇ ਬਾਹਰ ਸਫ਼ਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਜਿਵੇਂ ਹੀ ਉਹ ਮੇਅਰ ਦੀ ਕੋਠੀ ਵੱਲ ਕੂਚ ਕਰਨ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਲਿਆ ਅਤੇ ਮੇਅਰ ਅਤੇ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਕੇ ਉਨ੍ਹਾਂ ਦਾ ਗੁੱਸਾ ਸ਼ਾਂਤ ਕੀਤਾ।
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਿਆਲ ਨੇ ਦੱਸਿਆ ਕਿ ਮੀਟਿੰਗ ਦਾ ਸਮਾਂ ਮਿਲਣ ਕਾਰਨ ਉਨ੍ਹਾਂ ਵੱਲੋਂ ਮੇਅਰ ਦੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਮੁਲਤਵੀ ਕਰਕੇ ਪੈਦਲ ਰੋਸ ਮਾਰਚ ਕਰਦੇ ਹੋਏ ਨਗਰ ਨਿਗਮ ਭਵਨ ਪਹੁੰਚੇ। ਜਿੱਥੇ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਕੁੱਝ ਸਮੇਂ ਲਈ ਧਰਨਾ ਦਿੱਤਾ। ਇਸ ਉਪਰੰਤ ਮੇਅਰ ਜੀਤੀ ਸਿੱਧੂ ਨੇ ਸਫ਼ਾਈ ਕਾਮਿਆਂ ਦੀ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਮੀਟਿੰਗ ਕੀਤੀ ਸਫ਼ਾਈ ਠੇਕੇ ’ਤੇ ਰੋਕ ਲਗਾਉਣ ਅਤੇ ਚੱਲ ਰਹੇ ਠੇਕੇ ਵਿੱਚ ਮਹਿਜ਼ 2 ਮਹੀਨੇ ਦਾ ਵਾਧਾ ਕਰਕੇ ਸਮੂਹ ਸਫ਼ਾਈ ਕਾਮਿਆਂ ਨੂੰ ਸਿੱਧੇ ਤੌਰ ’ਤੇ ਰੱਖ ਕੇ ਕੰਮ ਕਰਾਉਣ ਅਤੇ ਅਦਾਇਗੀ ਸਬੰਧੀ ਮਤਾ ਹਾਊਸ ਵਿੱਚ ਪਾਸ ਕਰਵਾ ਕੇ ਸਰਕਾਰ ਨੂੰ ਪ੍ਰਵਾਨਗੀ ਲਈ ਤੁਰੰਤ ਭੇਜਣ ਦਾ ਲਿਖਤੀ ਭਰੋਸਾ ਦਿੱਤਾ ਗਿਆ। ਇਸ ਭਰੋਸੇ ਤੋਂ ਬਾਅਦ ਸਫ਼ਾਈ ਕਾਮਿਆਂ ਨੇ ਹੜਤਾਲ ਮੁਲਤਵੀ ਕਰਕੇ ਸ਼ਹਿਰ ਦੀ ਸਫ਼ਾਈ ਦਾ ਕੰਮ ਸ਼ੁਰੂ ਕਰ ਦਿੱਤਾ।
ਮੀਟਿੰਗ ਵਿੱਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮੋਹਨ ਸਿੰਘ, ਮੁਹਾਲੀ ਸਫ਼ਾਈ ਕਾਮਿਆਂ ਦੇ ਪ੍ਰਧਾਨ ਸੋਭਾ ਰਾਮ, ਮੀਤ ਪ੍ਰਧਾਨ ਰਾਜ ਮੋਹਨ, ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਦਰਜਾ ਚਾਰ ਦੇ ਪ੍ਰਧਾਨ ਕ੍ਰਿਸ਼ਨ ਪ੍ਰਸ਼ਾਦ ਅਤੇ ਵਿੱਤ ਸਕੱਤਰ ਚੰਦਨ ਸਿੰਘ ਵੀ ਹਾਜ਼ਰ ਸਨ।