ਸਫ਼ਾਈ ਕਾਮਿਆਂ ਵੱਲੋਂ ਤਨਖ਼ਾਹ ਵਧਾਉਣ ਤੇ ਹੋਰ ਮੰਗਾਂ ਲਈ 6 ਜੁਲਾਈ ਤੋਂ ਹੜਤਾਲ ’ਤੇ ਜਾਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੁਲਾਈ:
ਮੁਹਾਲੀ ਵਿੱਚ ਸਫ਼ਾਈ ਕਾਮਿਆਂ ਵੱਲੋਂ 6 ਜੁਲਾਈ ਤੋਂ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣ ਦਾ ਐਲਾਨ ਕਰਨ ਨਾਲ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਤੋਂ ਪਹਿਲਾਂ ਵੀ ਸਫ਼ਾਈ ਕਾਮਿਆਂ ਦੇ ਲੰਮੀ ਹੜਤਾਲ ’ਤੇ ਜਾਣ ਕਾਰਨ ਸ਼ਹਿਰ ਵਿੱਚ ਚਾਰ ਚੁਫੇਰੇ ਗੰਦਗੀ ਫੈਲ ਗਈ ਸੀ। ਇਹ ਫ਼ੈਸਲਾ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਜ਼ਿਲ੍ਹਾ ਮੁਹਾਲੀ ਦੀ ਅੱਜ ਸਥਾਨਕ ਫੇਜ਼-3ਬੀ2 ਸਥਿਤ ਰੋਜ਼ ਗਾਰਡਨ ਪਾਰਕ ਵਿਖੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਜਿਸ ਵਿੱਚ ਫੈਡਰੇਸ਼ਨ ਮੁਹਾਲੀ ਦੇ ਪ੍ਰਧਾਨ ਸੋਭਾ ਰਾਮ, ਦੀ ਕਲਾਸ ਫੋਰ ਗੌਰਮਿੰਟ ਐਂਪਲਾਈਜ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਵਨ ਗੋਡਯਾਲ, ਮੁਹਾਲੀ ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਫੈਡਰੇਸ਼ਨ ਮੁਹਾਲੀ ਦੇ ਆਗੂ ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਸੁਬਰਾਮਨੀਅਮ ਸਮੇਤ ਹੋਰ ਕਈ ਆਗੂਆਂ ਨੇ ਸ਼ਿਰਕਤ ਕੀਤੀ।
ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਮੂਹ ਮੁਲਾਜ਼ਮਾਂ/ਸਫ਼ਾਈ ਕਾਮਿਆਂ ਦੀਆਂ ਹੱਕੀ ਮੰਗਾਂ ਪੈਂਡਿੰਗ ਪਈਆਂ ਹਨ, ਰੈਗੂਲਰ ਕਰਮਚਾਰੀਆਂ ਦੇ ਪੇ ਸਕੇਲ ਦਾ ਬਣਦਾ ਏਰੀਅਰ ਹੁਣ ਤੱਕ ਨਹੀਂ ਦਿੱਤਾ ਗਿਆ, ਲਿਊਨ ਸਰਵਿਸ ਕੰਪਨੀ ਅਧੀਨ ਕੰਮ ਕਰ ਚੁੱਕੇ 750 ਸਫ਼ਾਈ ਕਰਮਚਾਰੀਆਂ ਦੀ ਜਨਵਰੀ ਮਹੀਨੇ ਦੀ ਤਨਖ਼ਾਹ ਅਤੇ ਪਿਛਲੇ 19 ਮਹੀਨੇ ਦੇ ਏਰੀਅਰ ਦਾ ਬਕਾਇਆ ਹੁਣ ਤੱਕ ਨਹੀਂ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਫ਼ਾਈ ਕਾਮਿਆਂ ਦਾ ਸਪੈਸ਼ਲ ਤੇਲ ਭੱਤਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸਫ਼ਾਈ ਕਾਮਿਆਂ ਦੀ ਤਨਖ਼ਾਹ ਵਧਾ ਕੇ ਘੱਟੋ-ਘੱਟ 18 ਹਜ਼ਾਰ ਰੁਪਏ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਕਮਿਸ਼ਨਰ ਤੋਂ ਮੀਟਿੰਗ ਦਾ ਸਮਾਂ ਮੰਗਿਆ ਗਿਆ ਸੀ ਪਰ ਅਧਿਕਾਰੀ ਨਾ ਤਾਂ ਮੀਟਿੰਗ ਦਾ ਸਮਾਂ ਦਿੱਤਾ ਅਤੇ ਨਾ ਹੀ ਮੰਗਾਂ ਮੰਨੀਆਂ ਗਈਆਂ। ਜਿਸ ਕਾਰਨ ਸਫ਼ਾਈ ਕਾਮਿਆਂ ਨੂੰ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਅਣਮਿਥੇ ਸਮੇਂ ਲਈ ਹੜਤਾਲ ’ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜਤਾਲ ਦੌਰਾਨ ਸ਼ਹਿਰ ਵਾਸੀਆਂ ਨੂੰ ਦਰਪੇਸ਼ ਮੁਸ਼ਕਲਾਂ ਦੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਮੁਹਾਲੀ ਪ੍ਰਸ਼ਾਸਨ ਦੀ ਹੋਵੇਗੀ।
ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਇਕਸੁਰ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਨੇ ਚੋਣਾਂ ਸਮੇਂ ਕੱਚੇ ਮੁਲਾਜ਼ਮਾਂ ਨਾਲ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਕੀਤੇ ਗਏ ਸੀ ਅਤੇ ਦਲਿਤ ਵਰਗ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਈ ਆਪ ਸਰਕਾਰ ਹੁਣ ਕੱਚੇ ਕਾਮਿਆਂ ਨੂੰ ਭੁੱਲ ਗਈ ਹੈ। ਆਗੂਆਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਸਰਕਾਰ ਬਣਦੇ ਹੀ ਸਾਰੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਤੱਕ ਇੱਕ ਵੀ ਕਰਮਚਾਰੀ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਆਪ ਸਰਕਾਰ ਨੂੰ ਚੋਣ ਵਾਅਦਾ ਚੇਤੇ ਕਰਵਾਉਂਦੇ ਹੋਏ ਕਿਹਾ ਕਿ ਕੱਚੇ ਸਫ਼ਾਈ ਕਾਮਿਆਂ ਦੇ ਬਸਰ ਦੀ ਹੋਰ ਪ੍ਰੀਖਿਆ ਨਾ ਲਈ ਜਾਵੇ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…