
ਸਫ਼ਾਈ ਕਰਮਚਾਰੀਆਂ ਵੱਲੋਂ ਨਗਰ ਨਿਗਮ ਦੇ ਬਾਹਰ ਜ਼ਬਰਦਸਤ ਰੋਸ ਮੁਜ਼ਾਹਰਾ
ਮੇਅਰ ਦੀ ਵਾਅਦਾਖ਼ਿਲਾਫ਼ੀ ਸੜਕਾਂ ’ਤੇ ਉੱਤਰੇ ਸਫ਼ਾਈ ਕਰਮਚਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਈ:
ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਸੱਦੇ ’ਤੇ ਸਮੂਹ ਸਫ਼ਾਈ ਕਾਮਿਆਂ, ਗਾਰਬੇਜ ਕੁਲੈਕਟਰਾਂ ਅਤੇ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਚਾਲਕਾਂ ਸਮੇਤ ਸਮੁੱਚੇ ਸਫ਼ਾਈ ਕਰਮਚਾਰੀ ਆਪਣੇ ਹੱਥਾਂ ’ਚੋਂ ਝਾੜੂ ਸੁੱਟ ਕੇ ਅਣਮਿਥੇ ਸਮੇਂ ਲਈ ਲੜੀਵਾਰ ਹੜਤਾਲ ’ਤੇ ਚਲੇ ਗਏ ਹਨ। ਇਸ ਸਬੰਧੀ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਅੱਜ ਸੈਕਟਰ-68 ਸਥਿਤ ਨਗਰ ਨਿਗਮ ਭਵਨ ਦੇ ਬਾਹਰ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਅਤੇ ਹੁਕਮਰਾਨਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਮੁਹਾਲੀ ਸਫ਼ਾਈ ਕਾਮਿਆਂ ਦੇ ਪ੍ਰਧਾਨ ਸੋਭਾ ਰਾਮ, ਸੀਨੀਅਰ ਮੀਤ ਪ੍ਰਧਾਨ ਰਾਜ ਮੋਹਨ, ਗਾਰਬੇਜ ਕੁਲੈਕਟਰਾਂ ਦੇ ਪ੍ਰਧਾਨ ਰਾਜਨ ਚਾਵਰੀਆ, ਗੁਰਪ੍ਰੀਤ ਸਿੰਘ ਰਾਜਾ, ਅਨਿਲ ਕੁਮਾਰ, ਜ਼ੀਰਕਪੁਰ ਤੋਂ ਰਵਿੰਦਰ ਪਾਲ, ਪ੍ਰਦੀਪ ਸੂਦ, ਹਰਵਿੰਦਰ ਸਿੰਘ ਡੇਰਾਬੱਸੀ, ਪ੍ਰਵੀਨ ਕੁਮਾਰ ਲਾਲੜੂ, ਜੈ ਪਾਲ ਨਵਾਂ ਗਰਾਓਂ, ਬਿੰਦਰ ਸਿੰਘ ਖਰੜ, ਸਮੇਤ ਹੋਰ ਵੱਡੀ ਗਿਣਤੀ ਵਿੱਚ ਆਗੂਆਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਉਹ ਹੜਤਾਲ ’ਤੇ ਜਾਣ ਵਾਲੇ ਸਨ ਪ੍ਰੰਤੂ ਐਨ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਬੁੱਧਵਾਰ ਤੱਕ ਸਰਕਾਰ ਪੱਧਰ ’ਤੇ ਮੰਗਾਂ ਮਨਵਾਉਣ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤੱਕ ਕੋਈ ਹਾਂ-ਪੱਖੀ ਸੁਨੇਹਾ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜਬੂਰ ਹੋ ਕੇ ਹੜਤਾਲ ’ਤੇ ਜਾਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਫ਼ਾਈ ਦਾ ਸਾਰਾ ਕੰਮ ਠੇਕੇ ’ਤੇ ਦੇਣਾ ਚਾਹੁੰਦੀ ਹੈ। ਜਿਸ ਕਾਰਨ ਸਫ਼ਾਈ ਕਾਮਿਆਂ ਵਿੱਚ ਭਾਰੀ ਰੋਸ ਹੈ।
ਆਗੂਆਂ ਨੇ ਮੰਗ ਕੀਤੀ ਕਿ ਸਫ਼ਾਈ ਦਾ ਠੇਕਾ ਕਿਸੇ ਪ੍ਰਾਈਵੇਟ ਕੰਪਨੀ, ਠੇਕੇਦਾਰਾਂ ਨੂੰ ਦੇਣ ਦੀ ਥਾਂ ਸਫ਼ਾਈ ਸੇਵਕਾਂ ਨੂੰ ਨਗਰ ਨਿਗਮ ਅਧੀਨ ਸਿੱਧੇ ਤੌਰ ’ਤੇ ਭਰਤੀ ਕਰਕੇ ਉਨ੍ਹਾਂ ਤੋਂ ਸਫ਼ਾਈ ਦਾ ਕੰਮ ਲਿਆ ਜਾਵੇ ਅਤੇ ਸਰਕਾਰੀ ਖਜਾਨੇ ਦੀ ਲੁੱਟ ਨੂੰ ਰੋਕਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਫ਼ਾਈ ਕਾਮਿਆਂ ਦੀਆਂ ਜਾਇਜ਼ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਉਦੋਂ ਤੱਕ ਹੜਤਾਲ ਜਾਰੀ ਰਹੇਗੀ ਅਤੇ ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਲਈ ਹੁਕਮਰਾਨ ਅਤੇ ਉੱਚ ਅਧਿਕਾਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।