
ਮੁਹਾਲੀ ਵਿੱਚ ਸਵਾਈਨ ਫਲੂ ਤੇ ਡੇਂਗੂ ਨੇ ਪੈਰ ਪਸਾਰੇ, ਜਾਣੋਂ ਸਿਹਤ ਵਿਭਾਗ ਨੇ ਕਿਹੜੇ ਪ੍ਰਬੰਧ ਕੀਤੇ
ਸਰਕਾਰੀ ਹਸਪਤਾਲ ਵਿੱਚ ਸਵਾਈਨ ਫਲੂ ਤੇ ਡੇਂਗੂ ਦੇ ਸਪੈਸ਼ਲ ਆਈਸੋਲੇਸ਼ਨ ਵਾਰਡ ਸਥਾਪਿਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਵਿੱਚ ਕਰੋਨਾਵਾਇਰਸ ਤੋਂ ਬਾਅਦ ਹੁਣ ਸਵਾਈਨ ਫਲੂ ਅਤੇ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਸ਼ਹਿਰੀ ਖੇਤਰ ਸਮੇਤ ਨੇੜਲੇ ਇਲਾਕਿਆਂ ’ਚੋਂ ਸਵਾਈਨ ਫਲੂ ਅਤੇ ਡੇਂਗੂ ਦੇ ਮਰੀਜ਼ ਆ ਰਹੇ ਹਨ। ਇਨ੍ਹਾਂ ਮਾਰੂ ਬਿਮਾਰੀਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਅਗੇਤੇ ਪ੍ਰਬੰਧਾਂ ਵਜੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ਸਵਾਈਨ ਫਲੂ ਅਤੇ ਡੇਂਗੂ ਦੇ ਮਰੀਜ਼ਾਂ ਲਈ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਅਤੇ ਆਮ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੱਸਿਆ ਕਿ ਹੁਣ ਤੱਕ ਮੁਹਾਲੀ ਜ਼ਿਲ੍ਹੇ ਵਿੱਚ ਸਵਾਈਨ ਫਲੂ ਦੇ 10 ਮਰੀਜ਼ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਲਈ ਪੀਜੀਆਈ ਭੇਜੇ ਜਾਂਦੇ ਹਨ। ਪਿਛਲੇ ਸਵਾ ਮਹੀਨੇ ਦੌਰਾਨ ਡੇਂਗੂ ਦੇ ਕਰੀਬ 98 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅਗਸਤ ਵਿੱਚ ਡੇਂਗੂ ਦੀ ਜਾਂਚ ਲਈ ਐਨਐੱਸ 1 ਕੈਟਾਗਰੀ ਦੇ 395 ਸੈਂਪਲ ਲਏ ਗਏ ਸੀ। ਜਿਨ੍ਹਾਂ ’ਚੋਂ 46 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਆਈਜੀਐਮ (ਡੇਂਗੂ ਸਾਰੋਲੋਜੀ) ਦੇ 124 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ’ਚੋਂ 22 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਤੰਬਰ ਦੇ ਪਹਿਲੇ ਹਫ਼ਤੇ ਐਨਐੱਸ 1 ਕੈਟਾਗਰੀ ਦੇ 184 ਸੈਂਪਲ ਲਏ ਗਏ ਸੀ। ਜਿਨ੍ਹਾਂ ’ਚੋਂ 19 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ ਆਈਜੀਐਮ (ਡੇਂਗੂ ਸਾਰੋਲੋਜੀ) ਦੇ 43 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ। ਇਨ੍ਹਾਂ ’ਚੋਂ 11 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਂਜ ਇਨ੍ਹਾਂ ’ਚੋਂ ਕੋਈ ਵੀ ਮਰੀਜ਼ ਹਸਪਤਾਲ ਵਿੱਚ ਦਾਖ਼ਲ ਨਹੀਂ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ ਫਲੂ ਅਤੇ ਡੇਂਗੂ ਪੀੜਤਾਂ ਦੇ ਇਲਾਜ ਲਈ ਸਪੈਸ਼ਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਅਤੇ ਦਵਾਈਆਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਾਵਧਾਨੀਆਂ ਵਰਤਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਡੇਂਗੂ ਦਾ ਮੱਛਰ ਦਿਨ ਵਿੱਚ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸ਼ਾਮ ਨੂੰ ਸੂਰਜ ਢਲਦੇ ਸਮੇਂ ਕੱਟਣਾ ਹੈ। ਇਹ ਮੱਛਰ ਸਾਫ਼ ਪਾਣੀ ਵਿੱਚ ਪਨਪਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਕੂਲਰ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਸਾਫ਼ ਰੱਖਣ। ਘਰਾਂ ਦੇ ਅੰਦਰ, ਬਾਹਰ ਅਤੇ ਛੱਤਾਂ ’ਤੇ ਗਮਲਿਆਂ ਅਤੇ ਹੋਰ ਕਿਸਮ ਦੇ ਭਾਂਡਿਆਂ ਵਿੱਚ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਪੂਰਾ ਸਰੀਰ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ।
ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਨੇ ਮੁਹਾਲੀ ਜ਼ਿਲ੍ਹੇ ਦੇ 3137 ਘਰਾਂ ਦਾ ਸਰਵੇ ਕੀਤਾ ਗਿਆ ਅਤੇ 129 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਸਬੰਧਤ ਮਕਾਨ ਮਾਲਕਾਂ ਦੇ ਚਲਾਨ ਕੀਤੇ ਗਏ ਅਤੇ ਉਨ੍ਹਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਸ਼ਹਿਰੀ ਖੇਤਰ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਜਦੋਂਕਿ ਪੇਂਡੂ ਖੇਤਰ ਵਿੱਚ ਪੰਚਾਇਤ ਵਿਭਾਗ ਵੱਲੋਂ ਫੌਗਿੰਗ ਕੀਤੀ ਜਾ ਰਹੀ ਹੈ।