
ਐਸਵਾਈਐਲ: ਧਾਰਾ 144 ਦੀ ਉਲੰਘਣਾ ਦੇ ਦੋਸ਼ ਵਿੱਚ ਇਨੈਲੋ ਆਗੂ ਅਭੇ ਚੋਟਾਲਾ ਸਮੇਤ 19 ਐਮਐਲਏ ਗ੍ਰਿਫ਼ਤਾਰ
ਜ਼ਿਲ੍ਹਾ ਪਟਿਆਲਾ ਤੇ ਮੁਹਾਲੀ ਦੇ ਸਮੂਹ ਐਂਟਰੀ ਪੁਆਇੰਟਾਂ ਤੇ ਸੰਪਰਕ ਸੜਕਾਂ ’ਤੇ ਚੌਕਸੀ ਵਧਾਈ, ਥਾਂ ਥਾਂ ’ਤੇ ਚੈਕਿੰਗ
ਸਮੂਹ ਐਸਐਚਓਜ਼ ਤੇ ਮੁਲਾਜ਼ਮ ਆਪੋ ਆਪਣੇ ਥਾਣੇ ਛੱਡ ਕੇ ਨਾਕਿਆਂ ’ਤੇ ਤਾਇਨਾਤ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਫਰਵਰੀ:
ਪੰਜਾਬ ਪੁਲੀਸ ਅਤੇ ਪੈਰਾ ਮਿਲਟਰੀ ਫੋਰਸ ਦੀ ਚੌਕਸੀ ਕਾਰਨ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂਆਂ ਅਤੇ ਵਰਕਰਾਂ ਦਾ ਅੱਜ ਐਸਵਾਈਐਲ ਨਹਿਰ ਦੀ ਉਸਾਰੀ ਦਾ ਪ੍ਰੋਗਰਾਮ ਠੁੱਸ ਹੋ ਗਿਆ। ਸੁਪਰੀਮ ਕੋਰਟ ਵੱਲੋਂ ਬੀਤੇ ਦਿਨੀਂ ਸਤਲੁਜ ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਉਸਾਰੀ ਕਰਨ ਬਾਰੇ ਦਿੱਤਾ ਫੈਸਲਾ ਲਾਗੂ ਕਰਨ ਤੋਂ ਬਾਅਦ ਗੁਆਂਢੀ ਸੂਬਾ ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂਆਂ ਅਤੇ ਵਰਕਰਾਂ ਵੱਲੋਂ ਅੱਜ ਨਹਿਰ ਦੀ ਉਸਾਰੀ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।
ਉਧਰ, ਐਸਵਾਈਐਲ ਨਹਿਰ ਦੀ ਉਸਾਰੀ ਦੇ ਮੱਦੇਨਜ਼ਰ ਧਾਰਾ 144 ਦੀ ਉਲੰਘਣਾ ਕਰਕੇ ਹਰਿਆਣਾ ਤੋਂ ਪੰਜਾਬ ਵਿੱਚ ਜਬਰਦਸਤੀ ਦਾਖ਼ਲ ਹੋਣ ’ਤੇ ਪਟਿਆਲਾ ਪੁਲੀਸ ਨੇ ਇਨੈਲੋ ਦੇ ਆਗੂ ਅਭੈ ਚੋਟਾਲਾ, ਚਰਨਜੀਤ ਸਿੰਘ ਰੋੜੀ, ਸ੍ਰੀ ਰਾਮ ਕੁਮਾਰ ਕਸ਼ਯਪ, ਅਰਜੁਨ ਚੋਟਾਲਾ ਸਮੇਤ ਇਨੈਲੋ ਦੇ ਕਰੀਬ 74 ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਸਾਰਿਆਂ ਦੇ ਖ਼ਿਲਾਫ਼ ਸੰਭੂ ਥਾਣੇ ਵਿੱਚ ਧਾਰਾ 188 ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਨੈਲੋ ਆਗੂਆਂ ਨੂੰ ਵੀਰਵਾਰ ਦੇਰ ਰਾਤ ਰਾਜਪੁਰਾ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਐਸਡੀਐਮ ਨੇ ਇਨ੍ਹਾਂ ਸਾਰੇ ਆਗੂਆਂ ਨੂੰ 27 ਫਰਵਰੀ ਤੱਕ ਕੇਂਦਰੀ ਜੇਲ ਪਟਿਆਲਾ ਵਿੱਚ ਭੇਜ ਦਿੱਤਾ।
ਉਧਰ, ਜ਼ਿਲ੍ਹਾ ਪਟਿਆਲਾ ਅਤੇ ਜ਼ਿਲ੍ਹਾ ਮੁਹਾਲੀ ਨਾਲ ਲੱਗਦੀਆਂ ਗੁਆਂਢੀ ਸੂਬੇ ਹਰਿਆਣਾ ਦੀਆਂ ਹੱਦਾਂ ਅਤੇ ਸਮੂਹ ਐਂਟਰੀ ਪੁਆਇੰਟਾਂ ਅਤੇ ਸੰਪਰਕ ਸੜਕਾਂ ’ਤੇ ਜਬਰਦਸਤ ਨਾਕੇਬੰਦੀ ਕਰਕੇ ਰਾਹਗੀਰਾਂ ਨੂੰ ਰੋਕ ਕੇ ਵਾਹਨਾਂ ਦੀ ਤਲਾਸ਼ੀ ਲਈ ਗਈ ਅਤੇ ਚਾਲਕਾਂ ਤੋਂ ਪੁੱਛ ਗਿੱਛ ਕੀਤੀ ਗਈ। ਹਾਲਾਂਕਿ ਨਹਿਰ ਦੀ ਉਸਾਰੀ ਨਾਲ ਮੁਹਾਲੀ ਦਾ ਸਿੱਧੇ ਤੌਰ ’ਤੇ ਕੋਈ ਸਬੰਧੀ ਨਹੀਂ ਹੈ ਪ੍ਰੰਤੂ ਇਸ ਦੇ ਬਾਵਜੂਦ ਜ਼ਿਲ੍ਹਾ ਮੁਹਾਲੀ ਵਿੱਚ ਚੌਕਸੀ ਵਧਾਈ ਗਈ ਹੈ ਅਤੇ ਸਮੂਹ ਥਾਣਿਆਂ ਦੇ ਮੁਖੀ ਅਤੇ ਹੋਰ ਪੁਲੀਸ ਕਰਮਚਾਰੀ ਆਪੋ ਆਪਣੇ ਥਾਣੇ ਸੁੰਨੇ ਛੱਡ ਕੇ ਐਂਟਰੀ ਪੁਆਇੰਟਾਂ, ਸੰਪਰਕ ਸੜਕਾਂ ਅਤੇ ਚੌਕ ਚੌਹਰਾਇਆ ’ਤੇ ਪੂਰੀ ਮੁਸਤੈਦੀ ਨਾਲ ਠੀਕਰੀ ਪਹਿਰਾ ਦੇ ਰਹੇ ਹਨ। ਜਿਹੜੇ ਵੀ ਐਸਐਚਓ ਜਾਂ ਹੋਰ ਥਾਣੇਦਾਰਾਂ ਨੂੰ ਮੀਡੀਆ ਵੱਲੋਂ ਕਿਸੇ ਖ਼ਬਰ ਬਾਰੇ ਪੁੱਛਿਆ ਜਾਂਦਾ ਹੈ ਤਾਂ ਸਾਰਿਆਂ ਦਾ ਇੱਕ ਹੀ ਜਵਾਬ ਹੁੰਦਾ ਹੈ ਕਿ ਉਹ ਐਸਵਾਈਐਲ ਸਬੰਧੀ ਪੁਲੀਸ ਨਾਕੇ ’ਤੇ ਖੜੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਮੋੜ ’ਤੇ ਦੂਜੀ ਦਿਸ਼ਾ ਵਿੱਚ ਪ੍ਰਵੇਸ਼ ਕਰਨ ਵਾਲੇ ਵਿਅਕਤੀ ਨੂੰ ਰੋਕ ਕੇ ਪੁੱਛ ਗਿੱਛ ਕੀਤੀ ਜਾ ਰਹੀ ਹੈ। ਵਾਹਨ ਚਾਲਕਾਂ ਨੂੰ ਇਹ ਸੁਆਲ ਕੀਤਾ ਜਾ ਰਿਹਾ ਹੈ ਕਿ ਉਹ ਕਿੱਥੋ ਆਇਆ ਹੈ ਅਤੇ ਕਿੱਥੇ ਜਾਣਾ ਹੈ। ਇਹੀ ਨਹੀਂ ਚਾਲਕ ਅਤੇ ਵਾਹਨ ਵਿੱਚ ਸਵਾਰ ਵਿਅਕਤੀਆਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਜਿਥੇ ਉਨ੍ਹਾਂ ਨੇ ਜਾਣਾ ਹੈ ਕਿ ਉਹ ਥਾਂ ਇੱਥੋਂ ਕਿੰਨੀ ਦੂਰੀ ’ਤੇ ਹੈ ਅਤੇ ਸਬੰਧਤ ਥਾਂ ’ਤੇ ਜਾਣ ਕਾਰਨ ਵੀ ਪੁੱਛਿਆ ਜਾ ਰਿਹਾ ਹੈ। ਇਸ ਦੌਰਾਨ ਧਰਮਪਾਲ ਸਿੰਘ, ਆਪਣੀ ਪਤਨੀ ਅਤੇ ਛੋਟੀ ਭਰਜਾਈ ਨਾਲ ਖਰੜ ਤੋਂ ਆਪਣੇ ਜੱਦੀ ਪਿੰਡ ਸੂਰਜਗੜ੍ਹ (ਜ਼ਿਲ੍ਹਾ ਪਟਿਆਲਾ) ਵਿੱਚ ਆਪਣੇ ਗੁਆਂਢੀ ਦੇ ਅੰਤਿਮ ਸਸਕਾਰ ’ਤੇ ਜਾ ਰਿਹਾ ਸੀ। ਪਹਿਲਾਂ ਉਨ੍ਹਾਂ ਨੂੰ ਲਾਂਡਰਾਂ ਟੀ ਪੁਆਇੰਟ ’ਤੇ ਰੋਕ ਪੁੱਛਿਆ ਗਿਆ ਕਿ ਕਿਥੇ ਜਾਣ ਤੇ ਕਿਉਂ ਜਾਣਾ ਹੈ। ਇਸ ਤੋਂ ਬਾਅਦ ਜਦੋਂ ਉਹ ਬਨੂੜ ਤੋਂ ਵਾਇਆ ਤੇਪਲਾ ਸੜਕ ਰਾਹੀਂ ਆਪਣੇ ਪਿੰਡ ਨੂੰ ਜਾਣ ਲੱਗੇ ਤਾਂ ਬਨੂੜ ਬੈਰੀਅਰ ’ਤੇ ਫਿਰ ਪੁਲੀਸ ਨੇ ਰੋਕ ਲਿਆ ਅਤੇ ਪੁੱਛ ਗਿੱਛ ਕੀਤੀ। ਧਰਮਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦੇ ਅੰਕਲ ਗੁਰਦਿਆਲ ਸਿੰਘ ਸਾਬਕਾ ਪੰਚ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਸਸਕਾਰ ਕੀਤਾ ਜਾਣਾ ਹੈ। ਉਹ ਆਪਣੇ ਪਰਿਵਾਰ ਨਾਲ ਉੱਥੇ ਚਲੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ। ਇੰਝ ਹੀ ਹਰੇਕ ਆਉਣ ਜਾਣ ਵਾਲੇ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ। ਹਰਿਆਣਵੀਆਂ ’ਤੇ ਵੱਧ ਨਜ਼ਰ ਰੱਖੀ ਜਾ ਰਹੀ ਹੈ।