
ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਨੂੰ ਰਸਮੀ ਤੌਰ ’ਤੇ ਸਮਰਪਿਤ ਹੋਈ ‘ਸਿਲਵੀ ਪਾਰਕ’
ਸਿਲਵੀ ਪਾਰਕ ਵਿੱਚ ਧੀਰ ਲਾਇਬ੍ਰੇਰੀ ਤੇ ਗੈਲਰੀ ਦਾ ਵੀ ਕੀਤਾ ਉਦਘਾਟਨ
ਧੀਰ ਹੂਰਾਂ ਆਪਣੀ ਹਰ ਸਾਹਿਤਕ ਕਿਰਤ ਵਿੱਚ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁਚਲੇ ਲੋਕਾਂ ਦੇ ਮਸਲੇ ਛੂਹੇ: ਸੁਖਜੀਤ
ਧੀਰ ਨੇ ਸਾਢੇ 6 ਦਹਾਕੇ ਪਹਿਲਾਂ ਪਲੇਠੇ ਕਾਵਿ-ਸੰਗ੍ਰਿਹ ਗੁੱਡੀਆਂ ਪਟੋਲੇ ਰਾਹੀਂ ਪੰਜਾਬੀ ਸਾਹਿਤ ’ਚ ਪ੍ਰਵੇਸ਼ ਕੀਤਾ: ਸਿਰਸਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ:
ਇੱਥੋਂ ਦੇ ਫੇਜ਼-10 ਸਥਿਤ ਸਿਲਵੀ ਪਾਰਕ ਅੱਜ ਸ਼੍ਰੋਮਣੀ ਸਾਹਿਤਕਾਰ ਅਤੇ ਬਹੁ-ਵਿਧਾਵੀ ਕੁੱਲਵਕਤੀ ਲੇਖਕ ਸੰਤੋਖ ਸਿੰਘ ਧੀਰ ਨੂੰ ਰਸਮੀ ਤੌਰ ’ਤੇ ਸਮਰਪਿਤ ਹੋ ਗਿਆ। ਅੱਜ ਸ਼ਾਮ ਧੀਰ ਲਾਇਬ੍ਰੇਰੀ ਤੇ ਗੈਲਰੀ ਦਾ ਉਦਘਾਟਨ ਵੱਖ-ਵੱਖ ਲੇਖਕਾਂ, ਰੰਗਕਰਮੀਆਂ, ਬੁੱਧੀਜੀਵੀਆਂ, ਵਿਦਵਾਨਾਂ ਅਤੇ ਸਥਾਨਕ ਵਸਨੀਕਾਂ ਦੀ ਸ਼ਮੂਲੀਅਤ ਵਾਲੇ ਪ੍ਰਭਾਵਸ਼ਾਲੀ ਸਮਾਗਮ ਵਿਚ ਹੋਇਆ।
ਸਿਲਵੀ ਪਾਰਕ ਧੀਰ ਨੂੰ ਸਮਰਪਿਤ ਕਰਨ ਦੀ ਰਸਮ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਡਾ. ਸੁਖਦੇਵ ਸਿੰਘ ਸਿਰਸਾ, ਸੁਖਜੀਤ ਅਤੇ ਰਿਪੁਦਮਨ ਸਿੰਘ ਰੂਪ, ਸੰਜੀਵਨ ਸਿੰਘ ਅਤੇ ਧੀਆਂ ਨਵਰੂਪ, ਨਵਤੇਜ ਅਤੇ ਪੁੱਤਰ ਨਵਰੀਤ ਦੀ ਹਾਜ਼ਰੀ ਵਿਚ ਨਿਭਾਈ। ਇਸ ਤੋਂ ਬਾਅਦ ਸਾਰਿਆਂ ਨੇ ਧੀਰ ਲਾਇਬ੍ਰੇਰੀ ਅਤੇ ਗੈਲਰੀ ਦਾ ਮੁਆਇਨਾ ਵੀ ਕੀਤਾ।
ਕਰੀਬ ਦੋ ਘੰਟੇ ਚੱਲੇ ਇਸ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ 2 ਦਸੰਬਰ 1920 ਨੂੰ ਆਪਣੇ ਨਾਨਕੇ ਘਰ ਬੱਸੀ ਪਠਾਣਾ ਵਿਚ ਦੱਬੇ-ਕੁਚਲੇ ਅਤੇ ਕਿਰਤੀ ਵਰਗ ਦੀ ਬਾਤ ਪਾਉਣ ਵਾਲੇ ਲੇਖਕ ਸੰਤੋਖ ਸਿੰਘ ਧੀਰ ਦਾ ਸਾਹਿਤਕ ਸਫ਼ਰ ਜੱਦੀ ਪਿੰਡ ਡਡਹੇੜੀ (ਫਤਿਹਗੜ੍ਹ ਸਾਹਿਬ) ਤੋਂ ਹੋਇਆ। ਉਨ੍ਹਾਂ ਦੇ ਪਿਤਾ ਗਿਆਨੀ ਈਸ਼ਰ ਸਿੰਘ ਦਰਦ ਆਪਣੇ ਸਮਿਆਂ ਦੇ ਪ੍ਰਸਿੱਧ ਲੋਕ-ਕਵੀ ਸਨ।

ਚਿੰਤਕ ਤੇ ਅਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਧੀਰਾ ਨੇ 1944 ਵਿਚ ਆਪਣੇ ਪਲੇਠੇ ਕਾਵਿ-ਸੰਗ੍ਰਿਹ ਗੁੱਡੀਆਂ ਪਟੋਲੇ ਰਾਹੀਂ ਪੰਜਾਬੀ ਸਾਹਿਤ ਜਗਤ ਵਿਚ ਪ੍ਰਵੇਸ਼ ਕੀਤਾ। ਉਨ੍ਹਾਂ ਦੀਆਂ ਸ਼ਾਹਕਾਰ ਕਹਾਣੀਆਂ ਕੋਈ ਇਕ ਸਵਾਰ, ਪੱਖੀ, ਮੰਗੋ ਅਤੇ ਇਕ ਸਧਾਰਨ ਆਦਮੀ ਉਪਰ ਦੂਰਦਰਸ਼ਨ ਜਲੰਧਰ ਵੱਲੋਂ ਟੈਲੀ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਧੀਰ ਦੀਆਂ ਪ੍ਰਸਿੱਧ ਕਹਾਣੀਆਂ ਡੈਣ, ਮੇਰਾ ਉੱਜੜਿਆ ਗੁਆਂਢੀ ਅਤੇ ਪੰਜ ਕਹਾਣੀਆਂ ਸਾਂਝੀ ਕੰਧ, ਸਵੇਰ ਹੋਣ ਤੱਕ, ਭੇਤ ਵਾਲੀ ਗੱਲ, ਕੋਈ ਇਕ ਸਵਾਰ, ਗੱਲਾਂ ਲਈ ਗੱਲਾਂ ਉੱਪਰ ਆਧਾਰਿਤ ਨਾਟਕ ਕਹਾਣੀ ਇੱਕ ਪਿੰਡ ਦੀ ਦੇ ਮੰਚਨ ਵੀ ਕੀਤੇ ਗਏ।
ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਇਹ ਨਗਰ ਨਿਗਮ ਲਈ ਮਾਣ ਦੀ ਗੱਲ ਹੈ ਕਿ ਸਾਨੂੰ ਸੰਤੋਖ ਸਿੰਘ ਧੀਰ ਵਰਗੇ ਮਹਾਨ ਸਾਹਿਤਕਾਰ ਨੂੰ ਸਿਲਵੀ ਪਾਰਕ ਸਮਰਪਿਤ ਕਰਨ ਦਾ ਇਤਿਹਾਸਕ ਫ਼ੈਸਲਾ ਲੈਣ ਦਾ ਮੌਕਾ ਮਿਲਿਆ। ਕਹਾਣੀਕਾਰ ਸੁਖਜੀਤ ਨੇ ਕਿਹਾ ਕਿ ਆਪਣੀ ਹਰ ਸਾਹਿਤਕ ਕਿਰਤ ਵਿਚ ਸਮਾਜਿਕ ਸਰੋਕਾਰਾਂ ਅਤੇ ਦੱਬੇ-ਕੁਚਲੇ ਲੋਕਾਂ ਦੇ ਮਸਲੇ ਛੋਹਣ ਵਾਲੇ ਸੰਤੋਖ ਸਿੰਘ ਧੀਰ ਦੇ ਕਹਾਣੀ ਸੰਗ੍ਰਿਹ ਪੱਖੀ ਲਈ 1996 ਵਿੱਚ ਭਾਰਤੀ ਸਾਹਿਤ ਅਕਾਦਮੀ, ਦਿੱਲੀ ਅਤੇ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਤੌਰ ’ਤੇ ਭਾਸ਼ਾ ਵਿਭਾਗ ਵੱਲੋਂ ਸਨਮਾਨਿਆ ਗਿਆ।
ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੇ ਕਿਹਾ ਕਿ ਮੇਰੇ ਉੱਪਰ ਵੱਡੇ ਭਰਾ ਸੰਤੋਖ ਸਿੰਘ ਧੀਰ ਦੀ ਸ਼ਖ਼ਸੀਅਤ ਦਾ ਬਹੁਤ ਪ੍ਰਭਾਵ ਹੈ। ਸਾਹਿਤ ਲਿਖਣ ਲਈ ਮੈਨੂੰ ਮੇਰੇ ਵੱਡੇ ਭਰਾ ਨੇ ਹੀ ਉਤਸ਼ਾਹਿਤ ਕੀਤਾ ਸੀ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸੰਤੋਖ ਸਿੰਘ ਧੀਰ ਨੇ ਆਪਣੀ ਜ਼ਿੰਦਗੀ ਦੇ ਅਖੀਰਲੇ ਤਿੰਨ ਦਹਾਕੇ ਮੁਹਾਲੀ ਵਿੱਚ ਰਹਿ ਕੇ ਅੰਤਿਮ ਸਮੇਂ ਤੱਕ ਆਪਣਾ ਸਾਹਿਤਕ ਸਫ਼ਰ ਜਾਰੀ ਰੱਖਿਆ। ਗਾਇਕ ਜਸਵਿੰਦਰ ਸਿੰਘ ਜੱਸੀ ਅਤੇ ਹਰਇੰਦਰ ਹਰ ਨੇ ਧੀਰ ਦੇ ਗੀਤਾਂ ‘ਸੁਣ ਮੇਰੇ ਪਿੰਡ ਦਿਆ ਛੈਲ ਹਾਣੀਆਂ’ ‘ਬੂਹੇ ਅਲਖ਼ ਜਗਾਈ ਹਇੂ ਹੈ, ਧੂੜ ਤੇਰੀ ਗਲੀ ਵਾਲੀ, ‘ਅਸੀਂ ਮੱਥੇ ਉੱਤੇ ਲਾਈ ਹੋਈ ਹੈ’ ‘ਦੇਸ਼ ਮੇਰੇ ਦੀ ਧੂੜ ਗੁਲਾਬੀਸ਼, ਫਿਰ ਗੀਤ ਛੋਹ ਲਿਆ ਮੈਂਸ਼ ਅਤੇ ਭੁਪਿੰਦਰ ਮਟੌਰੀਆਂ ਨੇ ਧੀਰ ਹੂਰਾਂ ਬਾਰੇ ਲਿਖੇ ਗੀਤ ‘ਆਓ ਯਾਦਾਂ ਸਾਂਝੀਆਂ ਕਰਨੀਆਂ ਲੋਕ ਲਿਖਾਰੀ ਧੀਰ ਦੀਆਂ’ ਦਾ ਗਾਇਨ ਕੀਤਾ। ਸਮਾਗਮ ਦਾ ਅੰਤਲਾ ਅਤੇ ਦਿਲਕਸ਼ ਪਹਿਲੂ ਧੀਰ ਹੂਰਾਂ ਦੀ ਚਰਚਿੱਤ ਕਹਾਣੀ ‘ਪੱਖੀ’ ’ਤੇ ਆਧਾਰਿਤ ਮਰਹੂਮ ਨਾਟਕਰਮੀ ਚਰਨਜੀਤ ਚੰਨੀ ਦੁਆਰਾ ਨਿਰਦੇਸ਼ਿਤ ਟੈਲੀਫ਼ਿਲਮ ‘ਪੱਖੀ’ ਦੀ ਸਕਰੀਨਿੰਗ ਸੀ।