Share on Facebook Share on Twitter Share on Google+ Share on Pinterest Share on Linkedin ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਮੁਹਾਲੀ ਵਿੱਚ ਬਣੇਗਾ ‘ਡਾਗ ਪੌਂਡ’: ਸੁਖਜਿੰਦਰ ਰੰਧਾਵਾ ਸਫ਼ਾਈ ਵਿਵਸਥਾ ਯਕੀਨੀ ਬਣਾਉਣ ਲਈ ਹਰੇਕ ਪਿੰਡ ਲਈ ਇਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਜਾਵੇ ਨਸ਼ਿਆਂ ਦੇ ਖ਼ਾਤਮੇ ਲਈ ਪਿੰਡ ਪੱਧਰੀ ਕਮੇਟੀਆਂ ਵਿੱਚ ਕਲੱਬਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ’ਤੇ ਜ਼ੋਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ: ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਬਾਰੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮੁਹਾਲੀ ਵਿੱਚ ‘ਡਾਗ ਪੌਂਡ’ ਬਣਾਇਆ ਜਾਵੇ। ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਰੰਧਾਵਾ ਨੇ ਵਿਧਾਇਕ ਕੰਵਰ ਸੰਧੂ ਵੱਲੋਂ ਚੁੱਕੇ ਇਸ ਮੁੱਦੇ ਨੂੰ ਮੁਖ਼ਾਤਬ ਹੁੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕੁਮਾਰ ਨੂੰ ਜ਼ੋਰ ਦੇ ਕੇ ਆਖਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਕੁਝ ਨਵਾਂ ਪ੍ਰੋਗਰਾਮ ਤਲਾਸ਼ਿਆ ਜਾਵੇ ਤਾਂ ਕਿ ਲੋਕਾਂ ਨੂੰ ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇ ਅਤੇ ਇਸ ਸਮੱਸਿਆ ਦੇ ਖ਼ਾਤਮੇ ਲਈ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ‘ਡਾਗ ਪੌਂਡ’ ਬਣਾਉਣ ਦੀ ਸੰਭਾਵਨਾ ਤਲਾਸ਼ੀ ਜਾਵੇ ਅਤੇ ਪ੍ਰਾਜੈਕਟ ’ਤੇ ਛੇਤੀ ਅਮਲ ਕੀਤਾ ਜਾਵੇ। ਮੰਤਰੀ ਨੇ ਕਿਹਾ ਕਿ ਮੁਹਾਲੀ ਵਿੱਚ ਇਸ ਪ੍ਰਾਜੈਕਟ ਦੇ ਚੰਗੇ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਮੁੱਚੇ ਪੰਜਾਬ ‘ਡਾਗ ਪੌਂਡ’ ਬਣਾਏ ਜਾਣਗੇ। ਇਸ ਮੀਟਿੰਗ ਵਿੱਚ ਰੂਪਨਗਰ ਦੇ ਡਵੀਜ਼ਨਲ ਕਮਿਸ਼ਨਰ ਰਾਹੁਲ ਤਿਵਾੜੀ, ਐਸਐਸਪੀ ਕੁਲਦੀਪ ਚਾਹਲ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਵੀ ਹਾਜ਼ਰ ਸਨ। ਸ੍ਰੀ ਰੰਧਾਵਾ ਨੇ ਕਿਹਾ ਕਿ ਪਿੰਡਾਂ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਹਰੇਕ ਪਿੰਡ ਲਈ ਇਕ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਜਾਵੇ ਅਤੇ ਉਸ ਦੀ ਸਫ਼ਾਈ ਸਬੰਧੀ ਜ਼ਿੰਮੇਵਾਰ ਤੈਅ ਕੀਤੀ ਜਾਵੇ ਤਾਂ ਕਿ ਸਫ਼ਾਈ ਦਾ ਕੰਮ ਨਿਰਵਿਘਨ ਨੇਪਰੇ ਚੜ੍ਹ ਸਕੇ। ਵਾਤਾਵਰਨ ਸੰਭਾਲ ਲਈ ਫਸਲੀ ਰਹਿੰਦ-ਖੂੰਹਦ ਦੇ ਮੁਕੰਮਲ ਨਿਬੇੜੇ ’ਤੇ ਜ਼ੋਰ ਦਿੰਦਿਆਂ ਮੰਤਰੀ ਨੇ ਕਿਹਾ ਕਿ ਪਰਾਲੀ ਤੇ ਹੋਰ ਫਸਲੀ ਰਹਿੰਦ-ਖੰੂਹਦ ਸਾੜਨ ਦੀ ਸਮੱਸਿਆ ਦੇ ਹੱਲ ਲਈ ਦੋਵੇਂ ਵਿਭਾਗਾਂ ਵਿੱਚ ਤਾਲਮੇਲ ਬੇਹੱਦ ਜ਼ਰੂਰੀ ਹੈ। ਨਸ਼ਿਆਂ ਦੇ ਖ਼ਾਤਮੇ ਲਈ ਪਿੰਡ ਪੱਧਰੀ ਕਮੇਟੀਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਵਿੱਚ ਯੂਥ ਕਲੱਬਾਂ ਨੂੰ ਭਾਈਵਾਲ ਬਣਾਇਆ ਜਾਵੇ। ਜੇਲ੍ਹ ਮੰਤਰੀ ਨੇ ਖੁਰਾਕੀ ਵਸਤਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਚੈਕਿੰਗ ਵਧਾਉਣ ਅਤੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਬਾਰੇ ਦਰਪੇਸ਼ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ’ਤੇ ਜ਼ੋਰ ਦਿੱਤਾ। ਪਿੰਡ ਸਿੰਘਪੁਰਾ ਵਿੱਚ ‘ਜਲ ਸ਼ਕਤੀ ਅਭਿਆਨ’ ਤਹਿਤ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸ਼ੁਰੂ ਹੋਏ ਪ੍ਰਾਜੈਕਟ ਨੂੰ ਪੂਰੇ ਜ਼ਿਲ੍ਹੇ ਵਿੱਚ ਲਾਗੂ ਕਰਨ ਲਈ ਕਿਹਾ। ਮੀਟਿੰਗ ਵਿੱਚ ਏਡੀਸੀ (ਜਨਰਲ) ਸ੍ਰੀਮਤੀ ਸਾਕਸ਼ੀ ਸਾਹਨੀ, ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਐਸਡੀਐਮ ਖਰੜ ਹਿਮਾਂਸ਼ੂ ਜੈਨ, ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਆਰਟੀਏ ਸਕੱਤਰ ਸੁਖਵਿੰਦਰ ਕੁਮਾਰ, ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਾਣਾ ਹਰਪ੍ਰੀਤ ਕੌਰ ਬਰਾੜ ਤੇ ਹੋਰ ਅਧਿਕਾਰੀ ਹਾਜ਼ਰ ਸਨ। (ਬਾਕਸ ਆਈਟਮ) ਸਰਕਾਰੀ ਬੇਸਹਾਰਾ ਬਾਲ ਘਰ ਨੂੰ ਮੁਹਾਲੀ ਵਿੱਚ ਤਬਦੀਲ ਕਰਨ ’ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਸਾਰੇ ਬਾਲ ਘਰਾਂ ਨੂੰ ਸਰਕਾਰੀ ਰਿਆਇਤਾਂ ਦਿਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਰਾਜਾਈ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਾਭਪਾਤਰੀਆਂ ਦੀ ਸਹੂਲਤ ਲਈ ਸਾਰੇ ਵਿਭਾਗਾਂ ਲਈ ਇੱਕੋ ਹੈਲਪਲਾਈਨ ਸਥਾਪਿਤ ਕੀਤੀ ਜਾਵੇ ਅਤੇ ਇਸ ਗੱਲ ਦੀ ਸਮੀਖਿਆ ਹੋਵੇ ਕਿ ਜਿਸ ਲਾਭਪਾਤਰੀ ਦਾ ਫਾਰਮ ਭਰਿਆ ਗਿਆ ਹੈ, ਉਸ ਨੂੰ ਸਬੰਧਤ ਸਕੀਮ ਦਾ ਲਾਭ ਮਿਲ ਵੀ ਰਿਹਾ ਹੈ ਜਾਂ ਨਹੀਂ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ