ਕੌਮੀ ਪੱਧਰ ’ਤੇ ਪੰਜਾਬ ਦਾ ਨਾਮ ਚਮਕਾਉਣ ਵਾਲੇ ਖਿਡਾਰੀਆਂ ਨੂੰ 35 ਲੱਖ ਇਨਾਮ ਵਜੋਂ ਤਕਸੀਮ

ਨੌਜਵਾਨਾਂ ਦੀ ਸ਼ਖ਼ਸੀਅਤ ਨਿਖਾਰਨ ਵਿੱਚ ਖੇਡਾਂ ਦਾ ਅਹਿਮ ਰੋਲ: ਡੀਸੀ ਆਸ਼ਿਕਾ ਜੈਨ

ਪੰਜਾਬ ਸਰਕਾਰ ਖਿਡਾਰੀਆਂ ਤੇ ਖੇਡਾਂ ਦੇ ਵਿਕਾਸ ਲਈ ਵਚਨਵੱਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਈ:
ਪੰਜਾਬ ਸਰਕਾਰ ਸੂਬੇ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ, ਜਿਸ ਦੇ ਸਾਰਥਿਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਇਨ੍ਹਾਂ ਯਤਨਾਂ ਦੀ ਲੜੀ ਤਹਿਤ ਹੀ ਕੌਮੀ ਪੱਧਰ ਉੱਤੇ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ 35 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਹੈ। ਜਿਸ ਸਬੰਧੀ ਖਿਡਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਧਨਵਾਦ ਕੀਤਾ ਹੈ। ਖਿਡਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਖਿਡਾਰੀਆਂ ਨੂੰ ਉਤਸ਼ਾਹ ਮਿਲਿਆ ਹੈ ਅਤੇ ਉਹ ਭਵਿੱਖ ਵਿੱਚ ਵੀ ਆਪਣਾ ਬਿਹਤਰ ਪ੍ਰਦਰਸ਼ਨ ਜਾਰੀ ਰੱਖਣ ਲਈ ਵੱਧ ਤੋਂ ਵੱਧ ਮਿਹਨਤ ਕਰਨਗੇ।
ਅੱਜ ਇੱਥੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਗੁਜਰਾਤ ਵਿੱਚ ਹੋਈਆਂ 36ਵੀਆਂ ਨੈਸ਼ਨਲ ਗੇਮਜ਼ ਦੌਰਾਨ ਜਿਹੜੇ ਖਿਡਾਰੀਆਂ ਨੇ ਤਗਮੇ ਹਾਸਲ ਕੀਤੇ ਉਨ੍ਹਾਂ ਨੂੰ ਇਨਾਮੀ ਰਾਸ਼ੀ ਦਿੱਤੀ ਗਈ ਹੈ। ਇਨ੍ਹਾਂ ਕੌਮੀ ਖੇਡਾਂ ਵਿੱਚ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਹਰਸ਼ਪ੍ਰੀਤ ਸਿੰਘ ਨੇ ਜੂਡੋ 81 ਕਿੱਲੋ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 3 ਲੱਖ ਰੁਪਏ ਇਨਾਮੀ ਰਾਸ਼ੀ ਦਿੱਤੀ ਗਈ ਹੈ। ਇਸੇ ਤਰ੍ਹਾਂ ਤੈਰਾਕੀ ਵਿੱਚ ਚਾਹਤ ਅਰੋੜਾ ਨੇ 2 ਸੋਨ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ ਤੇ ਉਨ੍ਹਾਂ ਨੂੰ 13 ਲੱਖ ਰੁਪਏ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਹੈ। ਹੀਰਾ ਕੁਮਾਰੀ ਨੇ ਸੌਫਟ ਬਾਲ ਟੀਮ ਈਵੈਟ ਵਿੱਚ ਸੋਨ ਤਗਮਾ ਜਿੱਤਿਆ ਤੇ ਇਨ੍ਹਾਂ ਨੇ ਇਨਾਮੀ ਰਾਸ਼ੀ 5 ਲੱਖ, ਸ਼ੂਟਿੰਗ ਵਿੱਚ ਗਨੇਮਤ ਸੇਖੋਂ ਨੇ ਸੋਨ ਤਗਮਾ ਜਿੱਤ ਕੇ 5 ਲੱਖ ਰੁਪਏ ਇਨਾਮੀ ਰਾਸ਼ੀ ਹਾਸਲ ਕੀਤੀ ਹੈ। ਸ਼ੂਟਿੰਗ ਵਿੱਚ ਹੀ ਅਰਜੁਨ ਬਬੂਤਾ ਨੇ ਚਾਂਦੀ ਦਾ ਤਗਮਾ ਜਿੱਤ ਕੇ 3 ਲੱਖ ਰੁਪਏ ਇਨਾਮੀ ਰਾਸ਼ੀ ਪ੍ਰਾਪਤ ਕੀਤੀ ਹੈ। ਹਾਕੀ ਵਿੱਚ ਚਾਂਦੀ ਦੇ ਤਗਮੇ ਲਈ ਰੀਨਾਂ ਖੋਖਰ ਨੂੰ 3 ਲੱਖ ਰੁਪਏ ਅਤੇ ਨੈਟਬਾਲ ਵਿੱਚ ਚਾਂਦੀ ਦੇ ਤਗਮੇ ਲਈ ਸੰਦੀਪ ਕੌਰ ਨੂੰ ਵੀ 3 ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਗਿਆ ਹੈ।
ਡੀਸੀ ਨੇ ਕਿਹਾ ਕਿ ਭਵਿੱਖ ਵਿੱਚ ਖਿਡਾਰੀਆਂ ਦੀ ਵੱਡੇ ਪੱਧਰ ਉੱਤੇ ਹੌਸਲਾ ਅਫ਼ਜਾਈ ਕੀਤੀ ਜਾਂਦੀ ਰਹੇਗੀ ਅਤੇ ਖਿਡਾਰੀਆਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਸਦਕਾ ਜਿੱਥੇ ਮਨੁੱਖ ਦਾ ਸਰੀਰ ਮਜ਼ਬੂਤ ਹੁੰਦਾ ਹੈ, ਉਥੇ ਮਾਨਸਿਕ ਤੌਰ ’ਤੇ ਵੀ ਮਨੁੱਖ ਵਿੱਚ ਅਥਾਹ ਸ਼ਕਤੀ ਆਉਂਦੀ ਹੈ। ਖੇਡਾਂ ਨਾਲ ਜੁੜਿਆ ਵਿਅਕਤੀ ਹਰ ਖੇਤਰ ਵਿੱਚ ਹੋਰਨਾਂ ਨਾਲੋਂ ਬਿਹਤਰ ਪ੍ਰਦਰਸ਼ਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱਸਾ ਲੈਣ ਅਤੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਨਾਲ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸੁਨਹਿਰੀ ਬਣਾਉਣ।

Load More Related Articles

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…