
ਦੋਆਬਾ ਗਰੁੱਪ ਵਿਖੇ ਦਿਸ਼ਾ ਟਰੱਸਟ ਵੱਲੋਂ ਤਾਨੀਆ ਮੱਟੂ ‘ਦਿਸ਼ਾ ਇੰਡੀਅਨ ਐਵਾਰਡ’ ਨਾਲ ਸਨਮਾਨਿਤ
ਦੋਆਬਾ ਗਰੁੱਪ ਨੇ ਕੀਤਾ ਤਾਨੀਆ ਮੱਟੂ ਦੀ ਪੜ੍ਹਾਈ ਤੇ ਖੇਡ ਦਾ ਖਰਚਾ ਚੁੱਕਣ ਦਾ ਐਲਾਨ
ਦਿਸ਼ਾ ਟਰੱਸਟ ਦਾ ਮੁੱਖ ਉਦੇਸ਼ ਪੰਜਾਬ ਦੀਆਂ ਬੇਟੀਆਂ ਨੂੰ ਆਰਥਿਕ ਤੌਰ ’ਤੇ ਨਿਪੁੰਨ ਬਣਾਉਣਾ ਹੈ: ਹਰਦੀਪ ਵਿਰਕ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਅੌਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਅਤੇ ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਤਾਨੀਆ ਮੱਟੂ ਨੂੰ ਅੱਜ ਦੋਆਬਾ ਗਰੁੱਪ ਵਿਖੇ ਸਨਮਾਨਿਤ ਕੀਤਾ ਗਿਆ। ਦੋਆਬਾ ਖਾਲਸਾ ਟਰੱਸਟ ਅਤੇ ਦਿਸ਼ਾ ਵੂਮੈਨ ਵੈਲਫੇਅਰ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਤਾਨੀਆ ਮੱਟੂ ਨੂੰ ਇੱਕ ਸਰਟੀਫਿਕੇਟ ਟਰੈਕਸੂਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਪ੍ਰੋਗਰਾਮ ਦੇ ਦੌਰਾਨ ਦੋਆਬਾ ਗਰੁੱਪ ਤੋਂ ਪ੍ਰਿੰਸੀਪਲ ਸੰਦੀਪ ਸ਼ਰਮਾ ਵੱਲੋਂ ਤਾਨੀਆ ਮੱਟੂ ਦੀ ਪੜ੍ਹਾਈ ਅਤੇ ਖੇਡ ਦਾ ਖ਼ਰਚਾ ਚੁੱਕਣ ਦਾ ਐਲਾਨ ਮੌਕੇ ਤੇ ਹੀ ਕਰ ਦਿੱਤਾ ਗਿਆ। ਜਦੋਂਕਿ ਦਿਸ਼ਾ ਟਰੱਸਟ ਵੱਲੋਂ ਤਾਨੀਆ ਮੱਟੂ ਨੂੰ ਆਪਣੀ ਸਿਹਤ ਸੰਭਾਲ ਲਈ 1 ਹਜ਼ਾਰ ਰੁਪਏ ਮਹੀਨਾਵਰ ਮਦਦ ਦੇਣ ਦਾ ਐਲਾਨ ਕੀਤਾ ਗਿਆ।
ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਹਰਦੀਪ ਕੌਰ ਵਿਰਕ ਨੇ ਦੱਸਿਆ ਕਿ ਤਾਨੀਆ ਮੱਟੂ ਕੁਰਾਲੀ ਦੇ ਇੱਕ ਮੱਧ ਵਰਗੀ ਪਰਿਵਾਰ ਤੋਂ ਸੰਬੰਧਿਤ ਹੈ। ਉਸਦੇ ਸਿਰ ਉੱਪਰ ਪਿਤਾ ਦਾ ਸਾਇਆ ਨਹੀਂ ਪ੍ਰੰਤੂ ਉਸ ਨੇ ਕਦੇ ਵੀ ਹਿੰਮਤ ਨਹੀਂ ਹਾਰੀ। ਹੈਂਡਬਾਲ ਦੀ ਖੇਡ ਖੇਡਣ ਲਈ ਉਸ ਨੂੰ ਜੋ ਮੁੱਢਲੀਆਂ ਚੀਜ਼ਾਂ ਦੀ ਜ਼ਰੂਰਤ ਸੀ ਉਹ ਵੀ ਉਸ ਕੋਲ ਨਹੀਂ ਸਨ। ਪਰ ਬਾਵਜੂਦ ਇਸ ਦੇ ਉਸ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ ਕਿ ਉਸ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹੈਂਡਬਾਲ ਦੀ ਖੇਡ ਵਿਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਦੌਰਾਨ ਤਾਨੀਆ ਮੱਟੂ ਨੂੰ ਦਿਸ਼ਾ ਟਰੱਸਟ ਵੱਲੋਂ ਵਿਕਟਰੀ ਸਰਟੀਫਿਕੇਟ ਇਕ ਟਰੈਕ ਸੂਟ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਦੋਆਬਾ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ.ਐੱਸ. ਸੰਘਾ ਅਤੇ ਐਗਜ਼ੀਕਿਊਟਿਵ ਵਾਈਸ ਚੇਅਰਮੈਨ ਮਨਜੀਤ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦਿਸ਼ਾ ਟਰੱਸਟ ਦੇ ਉਪਰਾਲੇ ਨੂੰ ਬੂਰ ਪਿਆ ਹੈ ਕਿ ਇੱਕ ਮੱਧਵਰਗੀ ਪਰਿਵਾਰ ਦੀ ਬੱਚੀ ਦਾ ਖਰਚਾ ਦੋਆਬਾ ਗਰੁੱਪ ਆਫ਼ ਕਾਲਜਿਜ਼ ਵੱਲੋਂ ਹੁਣ ਚੁੱਕਿਆ ਜਾਵੇਗਾ। ਮੀਡੀਆ ਨਾਲ ਹੋਰ ਵਧੇਰੇ ਗੱਲ ਕਰਦੀ ਹੋਈ ਉਨ੍ਹਾਂ ਨੇ ਕਿਹਾ ਕਿ ਦਿਸ਼ਾ ਟਰੱਸਟ ਦਾ ਉਦੇਸ਼ ਅੌਰਤਾਂ ਨੂੰ ਆਰਥਿਕ ਤੌਰ ’ਤੇ ਨਿਰਭਰ ਬਣਾਉਣਾ ਹੈ ਜਿਸ ਦੇ ਲਈ ਟਰੱਸਟ ਵੱਲੋਂ ਨਿਰੰਤਰ ਯਤਨ ਜਾਰੀ ਹਨ।