Nabaz-e-punjab.com

ਤਰਕਸ਼ੀਲ ਸੁਸਾਇਟੀ ਵੱਲੋਂ ਸਮਾਜਿਕ ਚੇਤਨਾ ਲਈ ਸੈਮੀਨਾਰਾਂ ਦੀ ਲੜੀ ਸ਼ੁਰੂ ਕਰਨ ਦਾ ਫੈਸਲਾ

ਅਗਲੇ ਦੋ ਸਾਲਾਂ ਲਈ ਨਵੀਂ ਟੀਮ ਕਰੇਗੀ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਵਿਗਿਆਨਿਕ ਸੋਚ ਦਾ ਪ੍ਰਚਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਲੋਕਾਂ ਵਿੱਚ ਗਿਆਨ-ਵਿਗਿਆਨ ਦਾ ਪ੍ਰਚਾਰ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੁਹਾਲੀ ਇਕਾਈ ਵੱਲੋਂ ਅਗਲੇ ਦੋ ਸਾਲਾਂ ਲਈ ਨਵੀਂ ਟੀਮ ਦੀ ਚੋਣ ਕੀਤੀ ਗਈ। ਜਿਸ ਵਿੱਚ ਲੈਕਚਰਾਰ ਸੁਰਜੀਤ ਸਿੰਘ ਨੂੰ ਜਥੇਬੰਦਕ ਮੁਖੀ, ਜਰਨੈਲ ਕ੍ਰਾਂਤੀ ਨੂੰ ਵਿੱਤ ਵਿਭਾਗ ਦਾ ਮੁਖੀ, ਇਕਬਾਲ ਸਿੰਘ ਨੂੰ ਮਾਨਸਿਕ ਸਿਹਤ ਚੇਤਨਾ ਵਿਭਾਗ ਦਾ ਮੁਖੀ, ਗੋਰਾ ਹੁਸ਼ਿਆਰਪੁਰੀ ਨੂੰ ਸਭਿਆਚਾਰਕ ਵਿਭਾਗ ਦਾ ਮੁਖੀ ਅਤੇ ਹਰਪ੍ਰੀਤ ਸਿੰਘ ਨੂੰ ਮੀਡੀਆ ਵਿਭਾਗ ਦਾ ਇੰਚਾਰਜ ਥਾਪਿਆ ਗਿਆ। ਇਸ ਮੌਕੇ ਸੂਬਾ ਕਮੇਟੀ ਦੀਆਂ ਹਦਾਇਤਾਂ ਮੁਤਾਬਕ ਪ੍ਰਿੰਸੀਪਲ ਗੁਰਮੀਤ ਸਿੰਘ ਅਬਜ਼ਰਵਰ ਦੇ ਤੌਰ ਤੇ ਸ਼ਾਮਲ ਹੋਏ।
ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਵਿੱਚ ਚੋਣ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਕਸ਼ੀਲ ਆਗੂਆਂ ਲੈਕਚਰਾਰ ਸੁਰਜੀਤ ਸਿੰਘ ਅਤੇ ਜਰਨੈਲ ਕ੍ਰਾਂਤੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਤਰਕਸ਼ੀਲ ਸੁਸਾਇਟੀ ਵੱਲੋਂ ਸਮਾਜਿਕ ਚੇਤਨਾ ਪੈਦਾ ਕਰਨ ਲਈ ਸ਼ਹਿਰਾਂ ਅਤੇ ਪਿੰਡ ਪੱਧਰ ’ਤੇ ਵਿਗਿਆਨਕ ਸੋਚ ਅਪਣਾਉਣ ਦਾ ਹੋਕਾ ਦਿੱਤਾ ਜਾਵੇਗਾ ਅਤੇ ਸੈਮੀਨਾਰਾਂ, ਨਾਟਕ ਮੇਲਿਆਂ, ਵਿਦਿਆਰਥੀ ਚੇਤਨਾ ਕੈਂਪਾਂ ਅਤੇ ਸਾਹਿਤਕ ਸਰਗਰਮੀਆਂ ਰਾਹੀਂ ਲੋਕਾਂ ਵਿੱਚ ਵਿਗਿਆਨਿਕ ਸੋਚ ਦੀ ਮਸ਼ਾਲ ਲੈ ਕੇ ਜਾਵੇਗੀ।
ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਹੀ ਸੈਮੀਨਾਰਾਂ ਦੀ ਇੱਕ ਲੜੀ ਚਲਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਸਿਹਤ, ਸਿਆਸਤ, ਇਤਿਹਾਸ, ਤਰਕਸ਼ੀਲਤਾ ਆਦਿ ਨਾਲ ਸੰਬੰਧਿਤ ਮੁੱਦਿਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਆਰਟੀਕਲ 51 ਏ ਅਨੁਸਾਰ ਹਰੇਕ ਭਾਰਤੀ ਨਾਗਰਿਕ ਦਾ ਫਰਜ ਹੈ ਕਿ ਉਹ ਵਿਗਿਆਨਿਕ ਸੋਚ ਅਪਣਾਏ ਅਤੇ ਉਸ ਦਾ ਪ੍ਰਚਾਰ-ਪ੍ਰਸਾਰ ਕਰੇ ਪਰ ਸਾਡੇ ਦੇਸ਼ ਵਿੱਚ ਆਸਥਾ ਅਤੇ ਧਰਮ ਦੇ ਨਾਂ ’ਤੇ ਸੰਵਿਧਾਨ ਦੀ ਇਸ ਬਹੁਤ ਹੀ ਮਹੱਤਵਪੂਰਨ ਮੱਦ ਨੂੰ ਦਬਾਇਆ ਜਾ ਰਿਹਾ ਹੈ। ਤਰਕਸ਼ੀਲ ਆਗੂਆਂ ਨੇ ਇਹ ਦਾਅਵਾ ਕੀਤਾ ਕਿ ਪੈਰ ਪੈਰ ’ਤੇ ਅੰਧਵਿਸ਼ਵਾਸਾਂ ਦੀ ਮਾਰ ਹੇਠ ਆਏ ਭਾਰਤੀ ਸਮਾਜ ਦਾ ਵਿਕਾਸ ਵਿਗਿਆਨਿਕ ਸੋਚ ਤੋਂ ਬਿਨਾਂ ਅਸੰਭਵ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ-ਕਾਲਜਾਂ ’ਚੋਂ ਹਾਸਲ ਕੀਤੀ ਉੱਚ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਅਤੇ ਬੇਲੋੜੀਆਂ ਪੁਰਾਣੀਆਂ ਰਵਾਇਤਾਂ, ਅੰਧਵਿਸ਼ਵਾਸਾਂ ਨੂੰ ਤਿਲਾਂਜਲੀ ਦੇ ਕੇ ਵਿਗਿਆਨਿਕ ਵਿਚਾਰ ਅਪਣਾਉਣ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…