ਪੰਜਾਬ ਵਿੱਚ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਲਿਆਉਣ ਦਾ ਟੀਚਾ: ਅਨੀਰੱੁਧ ਤਿਵਾੜੀ

ਅਧਿਕਾਰੀ ਨੇ ਪਿੰਡ ਠਸਕਾ\ਸ਼ਾਹਪੁਰ ਵਿੱਚ ਝੋਨੇ ਦੀ ਸਿੱਧੀ ਬਿਜਾਈ, ਤੁਪਕਾ ਤੇ ਫੁਹਾਰਾ ਸਿੰਚਾਈ ਦਾ ਲਿਆ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਥੱਲੇ ਡਿੱਗਣ ਤੋਂ ਬਚਾਉਣ ਅਤੇ ਸੁਧਾਰ ਦੇ ਮੱਦੇਨਜ਼ਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ 10 ਲੱਖ ਹੈਕਟੇਅਰ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਲਿਆਉਣ ਦਾ ਟੀਚਾ ਹੈ ਜਦਕਿ ਪਿਛਲੇ ਸਾਲ 5.5 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਹੋਈ ਸੀ। ਅੱਜ ਇੱਥੇ ਇਹ ਜਾਣਕਾਰੀ ਵਧੀਕ ਮੁੱਖ ਸਕੱਤਰ (ਵਿਕਾਸ) ਅਨੀਰੱੁਧ ਤਿਵਾੜੀ ਨੇ ਪਿੰਡ ਸ਼ਾਹਪੁਰ ਵਿਖੇ ਕਿਸਾਨ ਬਲਜੀਤ ਸਿੰਘ ਵੱਲੋਂ 2 ਏਕੜ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਸਿੰਚਾਈ ਲਈ ਅਪਣਾਈ ਫੁਹਾਰਾ ਤਕਨੀਕ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਨੇ ਕਿਸਾਨ ਸੁਖਵਿੰਦਰ ਸਿੰਘ ਸ਼ਾਹਪੁਰ ਵੱਲੋਂ ਕੀਤੀ ਝੋਨੇ ਦੀ ਸਿੱਧੀ ਬਿਜਾਈ ਅਤੇ ਸਿੰਚਾਈ ਲਈ ਵਰਤੀ ਜਾ ਰਹੀ ਤੁਪਕਾ ਸਿੰਚਾਈ ਤਕਨੀਕ ਦਾ ਵੀ ਜਾਇਜ਼ਾ ਲਿਆ। ਇਸ ਪਿੰਡ ਵਿੱਚ ਪਾਇਲਟ ਪ੍ਰਾਜੈਕਟ ਤਹਿਤ ਤੁਪਕਾ ਸਿੰਚਾਈ ਤਕਨੀਕ ਲਾਗੂ ਕੀਤੀ ਗਈ ਹੈ, ਜਿਸ ਵਿੱਚ ਮੋਟਰ ਜਾਂ ਪ੍ਰੈਸ਼ਰ ਦੀ ਲੋੜ ਨਹੀਂ ਪੈਂਦੀ। ਤਜਰਬਾ ਸਫਲ ਰਹਿਣ ’ਤੇ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕੀਤਾ ਜਾਵੇਗਾ।
ਸ੍ਰੀ ਤਿਵਾੜੀ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਜਿੱਥੇ 15 ਤੋਂ 20 ਫੀਸਦ ਤੱਕ ਪਾਣੀ ਦੀ ਬੱਚਤ ਹੁੰਦੀ ਹੈ, ਉੱਥੇ ਪ੍ਰਤੀ ਏਕੜ 2500 ਤੋਂ 3000 ਰੁਪਏ ਤੱਕ ਲਾਗਤ ਵੀ ਘਟਦੀ ਹੈ। ਇਸ ਤੋਂ ਇਲਾਵਾ ਇਸ ਤਕਨੀਕ ਨਾਲ ਲੇਬਰ ਦਾ ਖ਼ਰਚਾ ਵੀ ਬਚਦਾ ਹੈ। ਅਧਿਕਾਰੀ ਨੇ ਇਨ੍ਹਾਂ ਦੋਵਾਂ ਪਿੰਡਾਂ ਦੇ ਕਿਸਾਨ ਗਰੁੱਪਾਂ ਨੂੰ ਖੇਤੀਬਾੜੀ ਸਬੰਧੀ ਸਰਕਾਰ ਵੱਲੋਂ ਮੁਹੱਈਆ ਕਰਵਾਏ ਸੰਦਾਂ ਦਾ ਜਾਇਜ਼ਾ ਵੀ ਲਿਆ।
ਸ਼੍ਰੀ ਤਿਵਾੜੀ ਨੇ ਦੱਸਿਆ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਖੇਤੀ ਨੂੰ ਆਧੁਨਿਕ ਲੀਹਾਂ ਉੱਤੇ ਪ੍ਰਫੁੱਲਤ ਕਰਨ ਲਈ ਨਵੇਂ ਪ੍ਰੋਗਰਾਮ ਤਹਿਤ ਖੇਤੀਬਾੜੀ, ਬਾਗਬਾਨੀ, ਵੈਟਰਨਰੀ, ਆਦਿ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਤੈਅ ਸਮਾਂ ਸਾਰਨੀ ਮੁਤਾਬਕ ਰੋਜ਼ਾਨਾ ਵੱਖ-ਵੱਖ ਪਿੰਡਾਂ ਵਿੱਚ ਜਾਇਆ ਕਰਨਗੀਆਂ। ਇਹ ਟੀਮਾਂ ਜਿੱਥੇ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਮੌਕੇ ਉੱਤੇ ਹੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ, ਉੱਥੇ ਸਿੱਧੀ ਬਿਜਾਈ, ਫ਼ਸਲਾਂ ਦੀ ਰਹਿੰਦ ਖੂੰਹਦ ਨਾ ਸਾੜਨ, ਤੁਪਕਾ ਤੇ ਫੁਹਾਰਾ ਸਿੰਚਾਈ ਵਰਗੀਆਂ ਤਕਨੀਕਾਂ ਅਤੇ ਫਸਲੀ ਵਿਭਿੰਨਤਾ ਅਪਣਾਉਣ ਲਈ ਕਿਸਾਨਾਂ ਨੂੰ ਜਾਗਰੂਕ ਵੀ ਕਰਨਗੀਆਂ। ਖੇਤੀਬਾੜੀ ਵਿਕਾਸ ਅਫ਼ਸਰ ਗੁਰਦਿਆਲ ਕੁਮਾਰ ਨੇ ਪਾਣੀ ਦੀ ਸੁਚੱਜੀ ਸੰਭਾਲ ਲਈ ਪ੍ਰੇਰਦੀ ਆਪਣੀ ਕਵਿਤਾ ‘ਡਿੱਗਦਾ ਜਾਂਦਾ ਪਾਣੀ ਦਾ ਪੱਧਰ’ ਸੁਣਾਈ।
ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਨੇ ਖੇਤੀਬਾੜੀ ਸਬੰਧੀ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਵੀ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਵੀ ਲਏ। ਕਿਸਾਨਾਂ ਨੇ ਕੁਦਰਤੀ ਆਫ਼ਤਾਂ ਕਾਰਨ ਨੁਕਸਾਨੀਆਂ ਜਾਂਦੀਆਂ ਫਸਲਾਂ ਦਾ ਮੁਆਵਜ਼ਾ, ਫਸਲ ਬੀਮਾ, ਲਾਵਾਰਿਸ ਪਸ਼ੂਆਂ ਦੇ ਪ੍ਰਬੰਧਨ, ਨਹਿਰੀ ਪਾਣੀ ਮੁਹੱਈਆ ਕਰਵਾਉਣਾ, ਵੱਧ ਤੋਂ ਵੱਧ ਖੇਤੀ ਸੰਦਾਂ ਨੂੰ ਸਬਸਿਡੀ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਕੀਤੀ। ਸ੍ਰੀ ਤਿਵਾੜੀ ਨੇ ਇਨ੍ਹਾਂ ਮੁਸ਼ਕਲਾਂ ਦੇ ਹੱਲ ਦਾ ਭਰੋਸਾ ਦਿੱਤਾ।

ਇਸ ਮੌਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ, ਮੁੱਖ ਭੂਮੀਪਾਲ ਰਾਜੇਸ਼ ਵਸ਼ਿਸ਼ਟ, ਐਸਡੀਐਮ ਹਿਮਾਂਸ਼ੂ ਜੈਨ, ਮੁੱਖ ਖੇਤੀਬਾੜੀ ਅਫ਼ਸਰ ਰਾਜੇਸ਼ ਕੁਮਾਰ ਰਹੇਜਾ, ਡਵੀਜ਼ਨਲ ਭੂਮੀ ਰੱਖਿਆ ਅਫ਼ਸਰ ਹਰਜਿੰਦਰ ਸਿੰਘ, ਖੇਤੀਬਾੜੀ ਅਫ਼ਸਰ ਮਾਜਰੀ ਗੁਰਬਚਨ ਸਿੰਘ, ਖੇਤੀਬਾੜੀ ਅਫ਼ਸਰ ਖਰੜ ਸੰਦੀਪ ਕੁਮਾਰ, ਬਹਾਦਰ ਸਿੰਘ ਸਰਪੰਚ ਪਿੰਡ ਠਸਕਾ, ਕਿਸਾਨ ਬਲਜੀਤ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ, ਦਿਲਵਰ ਸਿੰਘ, ਭੁਪਿੰਦਰ ਸਿੰਘ ਬਦਨਪੁਰ, ਬਲਜਿੰਦਰ ਸਿੰਘ ਭਜੌਲੀ, ਅਵਤਾਰ ਸਿੰਘ ਤੀੜਾ ਤੇ ਹੋਰ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…