nabaz-e-punjab.com

ਤਰਨਤਾਰਨ ਬੰਬ ਧਮਾਕਾ: ਅਦਾਲਤ ਵੱਲੋਂ ਡਾਟਾ ਹਾਸਲ ਕਰਨ ਲਈ ਐਨਆਈਏ ਦੀ ਅਰਜ਼ੀ ਮਨਜ਼ੂਰ

5 ਤੋਂ 7 ਫਰਵਰੀ ਤੱਕ ਰੋਜ਼ਾਨਾ ਜੇਲ੍ਹ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕੇਗੀ ਐਨਆਈਏ ਦੀ ਜਾਂਚ ਟੀਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਫਰਵਰੀ:
ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਸਬੰਧੀ ਮੁਹਾਲੀ ਅਦਾਲਤ ਨੇ ਐਨਆਈਏ ਦੀ ਜਾਂਚ ਟੀਮ ਦੀ ਮੁਲਜ਼ਮਾਂ ਦੇ ਮੋਬਾਈਲ ਤੇ ਕੰਪਿਊਟਰ ਅਤੇ ਫੇਸਬੁੱਕ ਅਕਾਉਂਟ ਡਾਟਾ ਹਾਸਲ ਕਰਨ ਲਈ ਅਰਜ਼ੀ ਮਨਜ਼ੂਰ ਕਰ ਲਈ ਹੈ। ਅਦਾਲਤ ਦੇ ਤਾਜ਼ਾ ਫੈਸਲੇ ਅਨੁਸਾਰ ਐਨਆਈਏ ਦੀ ਜਾਂਚ ਟੀਮ ਭਲਕੇ 5 ਫਰਵਰੀ ਤੋਂ 7 ਫਰਵਰੀ ਤੱਕ ਰੋਜ਼ਾਨਾ ਜੇਲ੍ਹ ਵਿੱਚ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕੇਗੀ।
ਇਸ ਸਬੰਧੀ ਐਨਆਈਏ ਨੇ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ ਦੀ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ ਗਈ ਸੀ। ਅਦਾਲਤ ਨੇ ਬਚਾਅ ਪੱਖ ਨੂੰ ਆਪਣਾ ਪੱਖ ਰੱਖਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
ਅੱਜ ਕੇਸ ਦੀ ਸੁਣਵਾਈ ਦੌਰਾਨ ਬਚਾਅ ਪੱਖ ਦੇ ਵਕੀਲ ਰਣਜੋਧ ਸਿੰਘ ਸਰਾਓ ਨੇ ਅਦਾਲਤ ਨੂੰ ਦੱਸਿਆ ਕਿ ਐਨਆਈਏ ਹਨੇਰੇ ਵਿੱਚ ਤੀਰ ਮਾਰ ਰਹੀ ਹੈ ਜਦੋਂਕਿ ਪਹਿਲਾਂ ਪੰਜਾਬ ਪੁਲੀਸ ਅਤੇ ਬਾਅਦ ਵਿੱਚ ਐਨਆਈਏ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਹੁਣ ਐਨਆਈਏ ਨਵੀਂ ਪੈਂਤੜੇਬਾਜ਼ੀ ਕਰਕੇ ਕੇਸ ਨੂੰ ਲਮਕਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸਾਰੇ ਮੁਲਜ਼ਮ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹਨ ਤਾਂ ਅਜਿਹੀ ਕੋਈ ਪ੍ਰਵੀਜ਼ਨ ਨਹੀਂ ਹੈ ਕਿ ਐਨਆਈਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕੇ। ਉਂਜ ਐਨਆਈਏ ਇਸ ਮਾਮਲੇ ਸਬੰਧੀ ਮੁਲਜ਼ਮ ਗੁਰਜੰਟ ਸਿੰਘ, ਮੱਸਾ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਹਰਜੀਤ ਸਿੰਘ ਤੋਂ ਦੁਬਾਰਾ ਪੁੱਛਗਿੱਛ ਲਈ ਪੁਲੀਸ ਰਿਮਾਂਡ ਦੇਣ ਦੀ ਮੰਗ ਕਰ ਚੁੱਕੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਐਨਆਈਏ ਨੂੰ ਬੰਬ ਧਮਾਕੇ ਵਿੱਚ ਅਹਿਮ ਜਾਣਕਾਰੀ ਮਿਲੀ ਹੈ, ਜਿਸ ਸਬੰਧੀ ਉਕਤ ਮੁਲਜ਼ਮਾਂ ਨੂੰ ਹੋਰ ਪੁੱਛਗਿੱਛ ਕੀਤੀ ਜਾਣੀ ਹੈ ਅਤੇ ਇਸ ਘਟਨਾ ਬਾਰੇ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰਨੀ ਹੈ, ਪ੍ਰੰਤੂ ਅਦਾਲਤ ਨੇ ਬਚਾਅ ਪੱਖ ਵੱਲੋਂ ਪੁਲੀਸ ਰਿਮਾਂਡ ਰਿਮਾਂਡ ਦਾ ਸਖ਼ਤ ਵਿਰੋਧ ਕਰਨ ਅਤੇ ਠੋਸ ਦਲੀਲਾਂ ਪੇਸ਼ ਕਰਨ ਤੋਂ ਬਾਅਦ ਅਦਾਲਤ ਨੇ ਐਨਆਈਏ ਨੂੰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।
ਬਚਾਅ ਪੱਖ ਦੇ ਵਕੀਲ ਸ੍ਰੀ ਸਰਾਓ ਨੇ ਅਦਾਲਤ ਨੂੰ ਦੱਸਿਆ ਕਿ ਬੰਬ ਧਮਾਕੇ ਦੌਰਾਨ ਮੁਲਜ਼ਮ ਗੁਰਜੰਟ ਸਿੰਘ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਅਤੇ ਉਸ ਨੂੰ ਦਿਖਾਈ ਦੇਣਾ ਬੰਦ ਹੋ ਗਿਆ ਹੈ। ਇਸੇ ਤਰ੍ਹਾਂ ਇਕ ਮੁਲਜ਼ਮ ਮਲਕੀਤ ਸਿੰਘ ਵੀ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਐਨਆਈਏ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…