nabaz-e-punjab.com

ਤਰਨ ਤਾਰਨ ਬੰਬ ਧਮਾਕਾ: ਐਨਆਈਏ ਵੱਲੋਂ ਪ੍ਰੋਡਕਸ਼ਨ ਵਰੰਟ ’ਤੇ 4 ਮੁਲਜ਼ਮ ਦੁਬਾਰਾ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ, 1 ਮੁਲਜ਼ਮ ਹਸਪਤਾਲ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਕਤੂਬਰ:
ਪੰਜਾਬ ਦੇ ਸਰਹੱਦੀ ਇਲਾਕੇ ਤਰਨ ਤਾਰਨ ਵਿੱਚ ਬੀਤੀ 5 ਸਤੰਬਰ ਨੂੰ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਅੱਜ ਚਾਰ ਮੁਲਜ਼ਮਾਂ ਚੰਨਦੀਪ ਸਿੰਘ ਉਰਫ਼ ਗੱਬਰ ਸਿੰਘ, ਅਮਰਜੀਤ ਸਿੰਘ ਉਰਫ਼ ਅਮਰ, ਮਨਪ੍ਰੀਤ ਸਿੰਘ ਮਾਨ ਅਤੇ ਮਨਦੀਪ ਸਿੰਘ ਨੂੰ ਪੁੱਛਗਿੱਛ ਲਈ ਦੁਬਾਰਾ ਪ੍ਰੋਡਕਸ਼ਨ ਵਰੰਟ ’ਤੇ ਆਪਣੀ ਹਿਰਾਸਤ ਵਿੱਚ ਲਿਆ ਹੈ। ਜਦੋਂਕਿ ਇਕ ਮੁਲਜ਼ਮ ਮਲਕੀਤ ਸਿੰਘ ਉਰਫ਼ ਸ਼ੇਰਾ ਇਸ ਸਮੇਂ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਹੋਣ ਕਾਰਨ ਐਨਆਈਏ ਉਸ ਨੂੰ ਹਿਰਾਸਤ ਵਿੱਚ ਨਹੀਂ ਲੈ ਸਕੀ ਹੈ।
ਜਾਂਚ ਏਜੰਸੀ ਵੱਲੋਂ ਅੱਜ ਬਾਅਦ ਦੁਪਹਿਰ ਉਕਤ ਚਾਰ ਮੁਲਜ਼ਮਾਂ ਨੂੰ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਾਂਚ ਅਧਿਕਾਰੀ ਨੇ ਮੁਲਜ਼ਮਾਂ ਦੇ 10 ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਕੋਲੋਂ ਬੰਬ ਧਮਾਕੇ ਦੇ ਮਾਮਲੇ ਵਿੱਚ ਹੋਰ ਵੱਖ ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੁੱਛਗਿੱਛ ਕਰਨੀ ਹੈ ਅਤੇ ਇਹ ਪਤਾ ਲਗਾਉਣਾ ਹੈ ਕਿ ਇਸ ਸਾਜ਼ਿਸ਼ ਵਿੱਚ ਹੋਰ ਕੌਣ ਕੌਣ ਲੋਕ ਸ਼ਾਮਲ ਹਨ ਅਤੇ ਕਿਹੜੀ ਕਿਹੜੀ ਖਾੜਕੂ ਜਥੇਬੰਦੀਆਂ ਦਾ ਹੱਥ ਹੈ। ਐਨਆਈਏ ਨੇ ਇਹ ਵੀ ਤਰਕ ਦਿੱਤਾ ਮੁਲਜ਼ਮ ਪੰਜਾਬ ਵਿੱਚ ਕਿਸੇ ਵੱਡੀ ਸਾਜ਼ਿਸ਼ ਤਹਿਤ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ ਅਤੇ ਇਨ੍ਹਾਂ ਕੋਲੋਂ ਵਿਦੇਸ਼ਾਂ ਵਿੱਚ ਬੈਠੇ ਦੇਸ਼ ਵਿਰੋਧੀ ਕਾਰਵਾਈਆਂ ਚਲਾ ਰਹੇ ਵਿਅਕਤੀਆਂ ਬਾਰੇ ਪਤਾ ਕਰਨਾ ਹੈ।
ਉਧਰ, ਬਚਾਅ ਪੱਖ ਦੇ ਵਕੀਲਾਂ ਜਸਪਾਲ ਸਿੰਘ ਮੰਝਪੁਰ ਅਤੇ ਰਣਜੋਧ ਸਿੰਘ ਸਰਾਓ ਨੇ ਮੁਲਜ਼ਮਾਂ ਦੇ ਪੁਲੀਸ ਰਿਮਾਂਡ ਦੀ ਮੰਗ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਉਕਤ ਚਾਰੇ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲੀਸ ਅਤੇ ਫਿਰ ਐਨਆਈਏ ਦੀ ਹਿਰਾਸਤ ਵਿੱਚ ਰਹਿ ਚੁੱਕੇ ਹਨ ਅਤੇ ਦੋਵੇਂ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਕੋਲੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਬਚਾਅ ਪੱਖਾਂ ਨੇ ਮੁਲਜ਼ਮਾਂ ਦੇ ਬੇਤਹਾਸ਼ਾ ਤਸ਼ੱਦਦ ਢਾਹੁਣ ਕਾਰਨ ਇਕ ਮੁਲਜ਼ਮ ਦੀ ਬਾਂਹ ਦੀ ਹੱਡੀ ਟੁੱਟਣ ਅਤੇ ਸਖ਼ਤੀ ਵਰਤਣ ਕਾਰਨ ਇਕ ਮੁਲਜ਼ਮ ਹੁਣ ਵੀ ਹਸਪਤਾਲ ਵਿੱਚ ਜੇਰੇ ਇਲਾਜ ਹੈ। ਸ੍ਰੀ ਸਰਾਓ ਨੇ ਕਿਹਾ ਕਿ ਐਨਆਈਏ ਹਸਪਤਾਲ ਵਿੱਚ ਜੇਰੇ ਇਲਾਜ ਮਲਕੀਤ ਸਿੰਘ ਨੂੰ ਹਿਰਾਸਤ ਵਿੱਚ ਲੈਣ ਲਈ ਹਸਪਤਾਲ ਗਈ ਸੀ ਪ੍ਰੰਤੂ ਡਾਕਟਰਾਂ ਨੇ ਮੁਲਜ਼ਮ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਐਨਆਈਏ ਨੂੰ ਕੋਰਾ ਜਵਾਬ ਦਿੰਦਿਆਂ ਕਿਹਾ ਕਿ ਮੁਲਜ਼ਮ ਪੁੱਛਗਿੱਛ ਕਰਨ ਦੇ ਸਮਰੱਥ ਨਹੀਂ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜ਼ਮਾਂ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਅਦਾਲਤ ਨੇ ਬਿਮਾਰ ਮੁਲਜ਼ਮਾਂ ਬਾਰੇ ਅਗਲੀ ਪੇਸ਼ੀ ’ਤੇ ਇਲਾਜ਼ ਸਬੰਧੀ ਮੈਡੀਕਲ ਰਿਪੋਰਟ ਵੀ ਤਲਬ ਕੀਤੀ ਗਈ ਹੈ।
ਉਧਰ, ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਉਕਤ ਗਰੋਹ ਦੇ ਮੈਂਬਰਾਂ ਦੇ ਪਾਕਿਸਤਾਨ ਅਤੇ ਐਸਐਫ਼ਜੇ ਨਾਲ ਗੂੜੇ ਰਿਸ਼ਤੇ ਸਨ। ਚੰਨਦੀਪ ਸਿੰਘ ਪਾਕਿਸਤਾਨ ਦੇ ਉਸਮਾਨ ਦੇ ਲਗਾਤਾਰ ਸੰਪਰਕ ਵਿੱਚ ਦੱਸਿਆ ਗਿਆ ਹੈ। ਜਿਸ ਨੂੰ ਉਹ ਪਿਛਲੇ ਸਾਲ 2018 ਵਿੱਚ ਫੇਸਬੁੱਕ ਰਾਹੀਂ ਮਿਲਿਆ ਸੀ। ਉਸਮਾਨ ਚੰਨਦੀਪ ਨੂੰ ਖਾਲਿਸਤਾਨ ਅਤੇ ਭਾਰਤ ਸਰਕਾਰ ਵੱਲੋਂ ਕਸ਼ਮੀਰ ਧਾਰਾ 370 ਹਟਾਏ ਜਾਣ ਸਬੰਧੀ ਸੁਨੇਹਾ ਭੇਜਦਾ ਰਹਿੰਦਾ ਸੀ ਅਤੇ ਚੰਨਦੀਪ ਨੂੰ ਕਸ਼ਮੀਰੀ ਜਿਹਾਦੀਆਂ ਨਾਲ ਰਲਕੇ ਇਕ ਵੱਖਰਾ ਮੁਲਕ ਖ਼ਾਲਿਸਤਾਨ ਸਥਾਪਿਤ ਕਰਨ ਲਈ ਪ੍ਰੇਰਦਾ ਸੀ। ਚੰਨਦੀਪ ਦੀ ਕੰਟੈਕਟ ਲਿਸਟ ’ਚੋਂ ਕਈ ਪਾਕਿਸਤਾਨੀ ਨੰਬਰ ਵੀ ਮਿਲੇ ਹਨ। ਲੇਕਿਨ ਬੰਬ ਧਮਾਕੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮਾਂ ਦੀ ਇਹ ਯੋਜਨਾ ਠੁੱਸ ਹੋ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਗੁਰਜੰਟ ਸਿੰਘ ਅਤੇ ਹਰਜੀਤ ਸਿੰਘ ਨੇ ਆਪਣੇ ਸਾਥੀ ਬਿਕਰਮ ਸਿੰਘ ਉਰਫ਼ ਵਿੱਕੀ ਗਿੱਲ ਨਾਲ ਮਿਲ ਕੇ 3 ਜਨਵਰੀ 2019 ਨੂੰ ਤਰਨਤਾਰਨ ਦੇ ਪਿੰਡ ਬਚੇਰੇ ਵਿੱਚ ਨਵੇਂ ਚੁਣੇ ਗਏ ਸਰਪੰਚ ਗੁਰਜੰਟ ਸਿੰਘ ਦੇ ਘਰ ’ਤੇ ਚਾਰ ਦੇਸੀ ਬੰਬ ਸੁੱਟੇ ਸੀ। ਇਸ ਹਮਲੇ ਵਿੱਚ 3 ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਪਹਿਲਾਂ ਵਿੱਕੀ ਗਿੱਲ ਅਤੇ ਗੁਰਜੰਟ ਸਿੰਘ ਨੇ 25 ਮਈ 2016 ਨੂੰ ਰਈਆ-ਬਿਆਸ ਨੇੜੇ ਇਕ ਸੁੰਨਸਾਨ ਸੰਪਰਕ ਸੜਕ ’ਤੇ ਵੀ ਦੇਸੀ ਬੰਬ ਚਲਾਇਆ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…